ਬੀਤੇ ਕੱਲ ਪੈਰਾਂ ਮਿਲਟਰੀ ਫੋਰਸ ਦੀ ਸੁਰੱਖਿਆ ਕਰਮਚਾਰਨ ਕੁਲਵਿੰਦਰ ਕੌਰ ਨੇ ਏਅਰਪੋਰਟ ਉਤੇ ਬਾ-ਵਰਦੀ ਚੈਕਿੰਗ ਸਮੇਂ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਨਵੀਂ ਚੁਣੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੇ ਥੱਪੜ ਜੜ ਦਿੱਤਾ। ਇਸ ਦਾ ਇੰਕਸ਼ਾਫ ਕੰਗਨਾ ਨੇ ਵੀ ਕੀਤਾ ਅਤੇ ਕੁਲਵਿੰਦਰ ਕੌਰ ਨੇ ਵੀ। ਇਹ ਦ੍ਰਿਸ਼ ਕੈਮਰਿਆਂ ਵਿੱਚ ਵੀ ਕੈਦ ਹੋ ਗਿਆ ਜੋ ਦੁਨੀਆ ਭਰ ਵਿੱਚ ਨਸ਼ਰ ਹੋਇਆ।
ਹੁਣ ਪ੍ਰਸ਼ਨ ਇਹ ਹੈ ਅਜਿਹਾ ਕਿਉਂ ਵਾਪਰਿਆ ? ਕੰਗਨਾ ਦੀ ਜੁਬਾਨੀ ਸੁਰੱਖਿਆ ਕਰਮਚਾਰਨ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਕੰਗਨਾ ਨੇ ਕਿਸਾਨ ਅੰਦੋਲਨ ਵਕਤ ਇੱਕ ਬਿਆਨ ਦਿੱਤਾ ਸੀ ਕਿ ਟਿਕਰੀ ਤੇ ਸਿੰਘੂ ਬਾਰਡਰ ਉਤੇ ਜੋ ਔਰਤਾਂ ਕਿਸਾਨਾਂ ਦੀ ਹਮਾਇਤ ਵਿੱਚ ਬੈਠੀਆਂ ਉਹ 100-100 ਰੁਪਏ ਲੈ ਕੇ ਬੈਠੀਆਂ ਸਨ। ਭਾਵੇਂ ਕਿਸਾਨ ਅੰਦੋਲਨ ਕਾਰਣ ਆਮ ਜਨਤਾ ਨੂੰ ਅਕਿਹ ਤੇ ਅਸਹਿ ਪੀੜਾ ਝੱਲਣੀ ਪਈ , ਲੱਖਾਂ ਕਰੋੜਾਂ ਦਾ ਦੇਸ਼ ਵਾਸੀਆਂ ਨੂੰ ਨੁਕਸਾਨ ਹੋਇਆ , ਹਜ਼ਾਰਾਂ ਰੇਲ ਗੱਡੀਆਂ ਕੈਂਸਲ ਹੋਣ ਕਾਰਣ ਯਾਤਰੀਆਂ ਨੂੰ ਤਕਲੀਫ ਦੇ ਨਾਲ-ਨਾਲ ਅਨੇਕਾਂ ਹੋਰ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਕੰਗਨਾ ਦੇ ਉਸ ਬਿਆਨ (ਜੇਕਰ ਬਿਆਨ ਦਿੱਤਾ ਗਿਆ ਸੀ) ਨਾਲ ਸਹਿਮਤ ਨਹੀਂ ਹਾਂ ਜੋ ਕਿਸਾਨਾਂ ਅਤੇ ਉਹਨਾਂ ਦੀਆਂ ਇਸਤਰੀਆਂ ਦਾ ਵਿਰੋਧ ਕਰਨ ਦਾ ਜਮਹੂਰੀ ਹੱਕ ਸੀ।
ਹੁਣ ਪ੍ਰਸ਼ਨ ਇਹ ਹੈ ਕਿ ਕੀ ਕੁਲਵਿੰਦਰ ਕੌਰ ਦੀ ਮਾਂ ਉਸ ਧਰਨੇ ਵਿਚ ਸੀ ? ਜੇ ਸੀ ਤਾਂ ਕੀ ਕੰਗਨਾ ਦੇ ਬਿਆਨ ਦਾ ਇਹ ਹੱਲ ਸੀ ਕਿ ਉਸ ਨੂੰ ਸਰੀਰਕ ਤੌਰ ਤੇ ਹਾਨੀ ਪੁੰਹਚਾਈ ਜਾਂਦੀ , ਇਹ ਜਾਂਚ ਦਾ ਵਿਸ਼ਾ ਹੈ ਤੇ ਲੀਗਲ ਇਸ਼ੂ ਹੈ ਕਿ ਕਿਸੇ ਦੇ ਬਿਆਨ ਤੇ ਉਸ ਨੂੰ ਖਾਸ ਕਰ ਕੇ ਮੈਂਬਰ ਪਾਰਲੀਮੈਂਟ ਨੂੰ ਥੱਪੜ ਮਾਰਨਾ ਜਾਇਜ਼ ਹੈ ? ਅਜਿਹਾ ਹੈ ਤਾਂ ਹਰ ਰੋਜ਼ ਨੇਤਾ ਲੋਕ ਅਜਿਹੇ ਬਿਆਨ ਦਿੰਦੇ ਹਨ, ਅਜਿਹੇ ਵਾਅਦੇ ਕਰਦੇ ਹਨ ਜੋ ਕਦੀ ਪੂਰੇ ਨਹੀਂ ਕਰਦੇ ਤਾਂ ਕੀ ਉਹਨਾਂ ਨੂੰ ਥੱਪੜ ਜੜੇ ਜਾਣ ? ਥੱਪੜ ਪਿੱਛੇ ਕਾਰਣ ਕੁੱਝ ਹੋਰ ਹਨ। ਅੱਜ ਕਿਸਾਨ ਜਥੇਬੰਦੀਆਂ ਤੇ ਭਾਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਵਿੱਚ ਬਿਆਨ ਦਾਗਣੇ, ਕਾਰੋਬਾਰੀਆਂ ਵੱਲੋਂ ਕੁਲਵਿੰਦਰ ਕੌਰ ਨੂੰ ਇਨਾਮਾਂ ਦੀ ਘੋਸ਼ਣਾ ਕੀ ਇਸ਼ਾਰਾ ਕਰਦੀ ਹੈ ?
ਕੁੱਝ ਸਾਲ ਪਹਿਲਾਂ ਇੱਕ ਜਰਨੈਲ ਸਿੰਘ ਨੇ ਸਾਬਕਾ ਵਿਤ ਮੰਤਰੀ ਪੀ ਚਿਦੰਬਰਮ ਦੇ ਵੱਲ ਜੁੱਤੀ ਸੁੱਟੀ ਸੀ ਪਰ ਉਹ ਵਾਲ ਵਾਲ ਬਚ ਗਏ ਸਨ। ‘ਆਪ’ਨੇ ਜਰਨੈਲ ਸਿੰਘ ਨੂੰ ਐਮ ਐਲ ਏ ਬਣਾ ਦਿੱਤਾ ਸੀ। ਪੰਜਾਬ ਵਿੱਚ ਡਿਬਰੂਗੜ੍ਹ ਜੇਲ ਵਿਚ ਕੈਦ ਬੈਠੇ ਅੰਮ੍ਰਿਤਪਾਲ ਸਿੰਘ ਨੂੰ ਵੀ ਮੈਂਬਰ ਪਾਰਲੀਮੈਂਟ ਚੁਣ ਲਿਆ, ਇੰਦਰਾਂ ਗਾਂਧੀ ਪ੍ਰਧਾਨ ਮੰਤਰੀ ਦੀ ਹੱਤਿਆ ਦਾ ਮਾਮਲੇ ਵਿਚ ਦੋਸ਼ੀ ਦੇ ਪੁੱਤਰ ਨੂੰ ਮੈਂਬਰ ਪਾਰਲੀਮੈਂਟ ਚੁਣ ਲਿਆ ਗਿਆ ਹੈ। ਕੀ ਕੁਲਵਿਦਰ ਕੌਰ ਉਸੇ ਸੋਚ ਤੋਂ ਪ੍ਰਭਾਵਿਤ ਹੈ ? ਕੀ ਜਥੇਬੰਦੀਆਂ ਦਾ ਸਮਰਥਨ ਤੇ ਸ਼ਰੋਮਣੀ ਕਮੇਟੀ ਦਾ ਸਮਰਥਨ ਗਲਤ ਪ੍ਰਥਾ ਤਾਂ ਨਹੀਂ ਕਾਇਮ ਕਰ ਰਹੀ ? ਉਗਰਵਾਦ ਕੀ ਹੈ ? ਅਸਿਹਣਸ਼ੀਤਾ ਕੀ ਹੈ ? ਫਿਜੀਕਲ ਹੋਣਾ ਕੀ ਹੈ ? ਕੀ ਇਹ ਵਰਤਾਰਾ ਇੱਕ ਅਨੁਸ਼ਾਸਨ ਫੋਰਸ ਨੂੰ ਸ਼ੋਭਾ ਦਿੰਦਾ ਹੈ ? ਕੀ ਕੱਲ ਚੁਣੇ ਹੋਏ ਨੁਮਾਇੰਦੇ ਜਾਂ ਅਤਿ ਅਹਿਮ ਵਿਅਕਤੀ ਜਾਂ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਭਾਰਤੀ ਸੁੱਰਖਿਆ ਏਜੰਸੀਆਂ ਤੇ ਭਰੋਸਾ ਕਰਨਗੇ ? ਕੀ ਪੰਜਾਬੀ ਜਾਂ ਖਾਸ ਕਰ ਸਿੱਖਾਂ ਦੀ ਫੌਜ ਵਿੱਚ ਜਾਂ ਪੈਰਾ ਮਿਲਟਰੀ ਫੋਰਸ ਵਿੱਚ ਇਸ ਵਾਕਿਆ ਨਾਲ ਭਰਤੀ ਤੇ ਪ੍ਰਭਾਵ ਤਾਂ ਨਹੀ ਪਵੇਗਾ ? ਕੀ ਚੋਣ ਅਧਿਕਾਰੀ ਪੰਜਾਬੀਆਂ, ਸਿੱਖਾਂ ਜਾਂ ਪੰਜਾਬਣ ਮੁਟਿਆਰਾਂ ਨੂੰ ਦੇਖ ਕੇ ਭਰਤੀ ਵੇਲੇ ਦੁਚਿੱਤੀ ਚ ਨਹੀ ਪੈਣਗੇ ?
ਮੇਰੇ ਵਿਚਾਰ ਕਈ ਪੰਜਾਬੀਆਂ ਨੂੰ ਅੱਖੜਨਗੇ, ਮੈਨੂੰ ਪਤਾ ਹੈ ਪਰ ਪੰਜਾਬੀਆਂ ਦੀ ਫੌਜ ਵਿੱਚ ਭਰਤੀ 25% ਤੋਂ ਘੱਟ ਕੇ 6% ਹੋ ਗਈ ਹੈ , ਅਬਾਦੀ ਮੁਤਾਬਕ ਫੌਜ ਵਿੱਚ ਭਰਤੀ ਦਾ ਰੂਲ ਲਾਗੂ ਹੋ ਚੁੱਕਾ ਹੈ। ਅਜਿਹੇ ਨੁਕਸਾਨ ਦਾ, ਬੇਰੁਜਗਾਰੀ ਦਾ ਜੁੰਮੇਵਾਰ ਕੌਣ ਹੈ ? ਫੌਜੀ ਜੋ ਪਿੰਡ ਦੀ ਸ਼ਾਨ ਹੋਇਆ ਕਰਦੇ ਸਨ, ਅੱਜ ਲੱਭਿਆਂ ਨਹੀ ਲੱਭਦੇ।
ਸਹੀ ਨੂੰ ਸਹੀ ਕਹਿਣਾ ਚਾਹੀਦਾ ਹੈ , ਕੀ ਸੋਚਿਆ ਕਿ ਕੰਗਣਾ ਰਨੌਤ ਮੈਂਬਰ ਪਾਰਲੀਮੈਂਟ ਦੇ ਮਾਰਿਆ ਥੱਪੜ ਕਿੰਨਾ ਮਹਿੰਗਾ ਪੈ ਸਕਦਾ ?ਪੰਜਾਬੀਆਂ ਨੂੰ ? ਕੀ ਪੰਜਾਬ ਦਾ ਨੌਜਵਾਨ ਲੱਖਾਂ ਵਿਦੇਸ਼ ਨਹੀ ਭੱਜ ਰਿਹਾ ? ਕੇਹਦੇ ਕੇਹਦੇ ਥੱਪੜ ਮਾਰੋਗੇ? ਪੰਜਾਬ ਨੂੰ ਅੱਜ ਬੁੱਧੀਜੀਵੀਆਂ ਦੀ ਲੋੜ ਹੈ , ਲਾਂਬੂ ਲਾਉਣ ਵਾਲੇ, ਗਾਣੇ ਲਿਖਣ ਤੇ ਗੌਣ ਵਾਲੇ, ਇਨਾਮ ਦੇਣ ਵਾਲੇ
ਨਾ ਪਹਿਲਾਂ ਘੱਟ ਸਨ ਨਾ ਹੁਣ।
ਸਹੀ ਨੂੰ ਸਹੀ ਕਹਿਣਾ ਚਾਹੀਦਾ ਹੈ , ਕੀ ਸੋਚਿਆ ਕਿ ਕੰਗਣਾ ਰਨੌਤ ਮੈਂਬਰ ਪਾਰਲੀਮੈਂਟ ਦੇ ਮਾਰਿਆ ਥੱਪੜ ਕਿੰਨਾ ਮਹਿੰਗਾ ਪੈ ਸਕਦਾ ਪੰਜਾਬੀਆਂ ਨੂੰ ?
“ਭੈਅ ਕਾਹੂੰ ਕੋ ਦੇਤਿ ਨਾਹੀ
ਨਾਹਿ ਭੈਅ ਮਾਨਤ ਆਨਿ। “- ਗੁਰੂ ਤੇਗ਼ ਬਹਾਦੁਰ ਜੀ।
ਸਾਡੇ ਕੋਲ ਬਹੁਤ ਉੱਚੀ , ਸੁੱਚੀ ਤੇ ਅਮੁੱਲ ਧਰੋਹਰ ਹੈ ਗੁਰੂ ਬਾਣੀ ਦੇ ਰੂਪ ਵਿੱਚ ਪਰ ਕੀ ਅਸੀਂ ਕੋਈ ਸੇਧ ਲੈ ਰਹੇ ਹਾਂ ?
ਸੋਚਣਾ ਜਰੂਰ ਕਿ ਅਸੀਂ ਕਿੱਥੇ ਸਹੀ ਹਾਂ ਤੇ ਕਿੱਥੇ ਗਲਤ , ਉੱਤਰ ਅੰਦਰੋਂ ਹੀ ਮਿਲ ਜਾਵੇਗਾ।
ਸੋਚਿਓ ਜ਼ਰੂਰ।
ਐੱਸ ਆਰ ਲੱਧੜ
ਸਾਬਕਾ ਆਈ.ਏ.ਅੱਸ ਅਧਿਕਾਰੀ
9417500610.