ਚੰਡੀਗੜ 6 ਜੂਨ (ਖ਼ਬਰ ਖਾਸ ਬਿਊਰੋ)
ਮੰਡੀ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਚੰਡੀਗੜ੍ਹ ਏਅਰਪੋਰਟ ‘ਤੇ ਥੱਪੜ ਮਾਰਨ ਵਾਲੀ ਸੀਆਈਐੱਸਐੱਫ( CISF) ਮਹਿਲਾ ਸਿਪਾਹੀ ਨੂੰ ਥੱਪੜ ਮਾਰਨਾ ਮਹਿੰਗਾ ਪੈ ਗਿਆ ਹੈ। ਪੁਲਿਸ ਨੇ ਸਬੰਧਿਤ ਮਹਿਲਾ ਮੁਲਾਜ਼ਮ ਖਿਲਾਫ਼ ਕੇਸ ਦਰਜ਼ ਕਰ ਲਿਆ ਹੈ ਅਤੇ ਉਸਨੂੁੰ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾਂ ਵਾਪਰਨ ਬਾਅਦ ਪੰਜਾਬ ਪੁਲਿਸ ਦੇ ਡੀਐੱਸਪੀ ਐੱਸ ਸੰਧੂ ਨੇ ਚੰਡੀਗੜ੍ਹ ਏਅਰਪੋਰਟ ਪਹੁੰਚੇ ਅਤੇ ਸੀਆਈਐੱਸਐੱਫ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਕਰਕੇ ਮਾਰਿਆ ਥੱਪੜ
ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਮੈਂਬਰ ਪਾਰਲੀਮੈਂਟ ਚੁਣੀ ਗਈ ਕੰਗਨਾ ਰਣੌਤ ਨਾਲ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ ਵਿਖੇ ਤਾਇਨਾਤ CISF ਦੀ ਇਕ ਮਹਿਲਾ ਕਾਂਸਟੇਬਲ ਨੇ ਥੱਪੜ ਮਾਰ ਦਿੱਤਾ। ਪਤਾ ਲੱਗਿਆ ਹੈ ਕਿ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਅੱਜ ਦਿੱਲੀ ਮੀਟਿੰਗ ਲਈ ਜਾ ਰਹੀ ਸੀ ਕਿ ਜਦੋਂ ਉਸਨੇ ਏਅਰਪੋਰਟ ਵਿਖੇ ਪ੍ਰਵੇਸ਼ ਕੀਤਾ ਤਾਂ ਕੁਲਵਿੰਦਰ ਕੌਰ ਨਾਮਕ ਸਿਪਾਹੀ ਨੇ ਉਸਦੇ ਥੱਪੜ ਜੜ ਦਿੱਤਾ। ਘਟਨਾ ਤੋ ਬਾਅਦ ਉਹ ਨਿਰਧਾਰਿਤ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਵਿਚ ਦਿੱਲੀ ਲਈ ਰਵਾਨਾ ਹੋ ਗਈ।
ਜਾਣਕਾਰੀ ਅਨੁਸਾਰ ਏਅਰਪੋਰਟ ਲਾਉਂਜ ਵਿੱਚ ਸੁਰੱਖਿਆ ਵਜੋਂ ਚੈਕਿੰਗ ਕਰਵਾਉਣ ਬਾਅਦ ਕੰਗਨਾ ਰਣੌਤ ਅੱਗੇ ਵੱਧ ਰਹੀ ਸੀ ਤਾਂ ਉਸਦੀ ਅੱਗੇ ਖੜੀ ਸਿਪਾਹੀ ਕੁਲਵਿੰਦਰ ਕੌਰ ਨਾਲ ਬਹਿਸ ਹੋ ਗਈ। ਦੱਸਿਆ ਜਾਂਦਾ ਹੈ ਕਿ ਸਿਪਾਹੀ ਕੁਲਵਿੰਦਰ ਕੌਰ ਨੇ ਕਿਹਾ ਕਿ ਉਸਦੀ ਮਾਤਾ ਕਿਸਾਨ ਅੰਦੋਲਨ ਵਿਚ ਗਈ ਸੀ ਤੇ ਇਹ ( ਕੰਗਨਾ ) ਕਿਸਾਨਾਂ ਖਿਲਾਫ਼ ਗਲਤ ਬੋਲੀ ਸੀ। ਜਿਸ ਕਰਕੇ ਉਸਦੇ ਮਨ ਵਿਚ ਚੀਸ ਸੀ।
ਵਰਨਣਯੋਗ ਹੈ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਕਿਸਾਨਾਂ ਖਿਲਾਫ਼ ਸਖ਼ਤ ਟਿੱਪਣੀ ਕੀਤੀ ਸੀ। ਜਿਸ ਕਰਕੇ ਕੰਗਨਾ ਦੀ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਤੇ ਕਿਸਾਨ ਭਾਈਚਾਰੇ ਸਖ਼ਤ ਨਿੰਦਾੰ ਕੀਤੀ ਸੀ।
ਕੰਗਨਾ ਰਣੌਤ ਨੇ ਕੀ ਕਿਹਾ — –
ਕੰਗਨਾ ਰਣੌਤ ਨੇ ਇਕ ਵੀਡਿਓ ਸ਼ੇਅਰ ਕਰਦੇ ਹੋਏ ਕਿਹਾ ਕਿ “ਮੈਂ ਪੂਰੀ ਤਰ੍ਹਾਂ ਸੁਰੱਖਿਅਤ ਹਾਂ, ਅੱਜ ਚੰਡੀਗੜ ਏਅਰਪੋਰਟ ‘ਤੇ ਜੋ ਘਟਨਾਂ ਵਾਪਰੀ ਹੈ, ਉਹ ਸਕਿਓਰਟੀ ਚੈਕਿੰਗ ਦੌਰਾਨ ਹੋਈ ਹੈ। ਉਸ ਕਿਹਾ ਕਿ ਮੈਂ ਸਿਕਿਓਰਿਟੀ ਚੈੱਕ ਕਰਕੇ ਅੱਗੇ ਵੱਧ ਰਹੀ ਸੀ ਕਿ ਦੂਜੇ ਕੈਬਿਨ ਵਿੱਚ ਸੀਆਈਐਸਐਫ ਦੀ ਮਹਿਲਾ ਸਿਪਾਹੀ ਇੰਤਜ਼ਾਰ ਕਰ ਰਹੀ ਸੀ ਤੇ ਜਦੋਂ ਉਹ ਲੰਘਣ ਲੱਗੀ ਤਾਂ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧ ਕਰਨ ਲੱਗੀ ਤੇ ਗਾਲਾਂ ਕੱਢਣ ਲੱਗ ਪਈ। ਉਸਨੇ ਮੇਰੇ ਚਿਹਰੇ ਨੂੰ ਹਿੱਟ (ਥੱਪੜ) ਕਰ ਦਿੱਤਾ। ਜਦੋਂ ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਮੇਰੇ ਥੱਪੜ ‘ਤੇ ਕਿਉਂ ਮਾਰਾ, ਤਾਂ ਉਸਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ। ਕੰਗਨਾ ਨੇ ਕਿਹਾ ਕਿ ਮੇਰੀ ਚਿੰਤਾ ਇਹ ਹੈ ਕਿ ਜੋ ਪੰਜਾਬ ਵਿੱਚ ਅੱਤਵਾਦ ਵੱਧਦਾ ਜਾ ਰਿਹਾ ਹੈ ਉਹ ਕਿਵੇਂ ਖਤਮ ਹੋਵੇਗਾ।”
ਵੂਮੈਨ ਕਮਿਸ਼ਨ ਕਿਹਾ ਕਾਂਸਟੇਬਲ ਖਿਲਾਫ਼ ਹੋਵੇ ਕਾਰਵਾਈ
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਏਅਰਪੋਰਟ ’ਤੇ ਥੱਪੜ ਮਾਰਨ ਵਾਲੀ ਘਟਨਾਂ ਨੂੰ ਗੰਭੀਰ ਮੰਨਦੇ ਹੋਏ ਸੀਆਈਐੱਸਐੱਫ ਕਾਂਸਟੇਬਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਕਿਉਂਕਿ ਏਅਰਪੋਰਟ ‘ਤੇ ਸੁਰੱਖਿਆ ਲਈ ਜ਼ਿੰਮੇਵਾਰ ਲੋਕ ਇਸ ਦੀ ਉਲੰਘਣਾ ਕਰ ਰਹੇ ਹਨ।