-ਹਰਸਿਮਰਤ ਕੌਰ ਬਾਦਲ ਨੇ ਰੱਖੀ ਬਾਦਲ ਪਰਿਵਾਰ ਤੇ ਪਾਰਟੀ ਦੀ ਲਾਜ਼
ਚੰਡੀਗੜ੍ਹ 4 ਜੂਨ ( ਖ਼ਬਰ ਖਾਸ ਬਿਊਰੋ)
ਤਾਜ਼ਾ ਲੋਕ ਸਭਾ ਚੋਣਾਂ ਵਿਚ ਵੱਡਾ ਉਲਟਫੇਰ ਹੋਇਆ ਹੈ। ਪੰਜਾਬ ਦੀ ਇਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇਕ ਸੀਟ ਉੱਤੇ ਜਿੱਤ ਹਾਸਲ ਹੋਈ ਹੈ, ਜਦੋਂਕਿ 11ਸੀਟਾਂ ’ਤੇ ਪਾਰਟੀ ਦੇ ਉਮੀਦਵਾਰ ਚੌਥੇ ਨੰਬਰ ਉਤੇ ਰਹੇ ਹਨਅਤੇ ਇਕ ਹਲਕੇ ਵਿਚ ਪਾਰਟੀ ਉਮੀਦਵਾਰ ਪੰਜਵੇ ਸਥਾਨ ’ਤੇ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਚੋਣ ਜਿੱਤਕੇ ਪਾਰਟੀ ਅਤੇ ਬਾਦਲ ਪਰਿਵਾਰ ਦੀ ਲਾਜ਼ ਰੱਖੀ ਹੈ, ਪਰ ਪਾਰਟੀ ਦੇ 10 ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋ ਗਈ ਹੈ।
ਤਾਜ਼ਾ ਨਤੀਜ਼ਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਵੋਟਰਾਂ ਨੇ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਕਾਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਵਿਰਸਾ ਸਿੰਘ ਵਲਟੋਹਾ, ਐੱਨ.ਕੇ ਸ਼ਰਮਾ ਸਮੇਤ ਕਈ ਉਮੀਦਵਾਰਾਂ ਆਪਣੀ ਜ਼ਮਾਨਤ ਨਹੀ ਬਚਾ ਸਕੇ।
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਅਨਿਲ ਜੋਸ਼ੀ ਤੇ ਫਿਰੋਜਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਭਾਵੇਂ ਕਿ ਆਪਣੀ ਜਮਾਨਤ ਬਚਾਉਣ ਵਿਚ ਕਾਮਯਾਬ ਰਹੇ ਹਨ ਪਰ ਇਹ ਚੌਥੇ ਸਥਾਨ ’ਤੇ ਰਹੇ ਹਨ। ਇਸੀ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ, ਫਤਿਹਗੜ ਸਾਹਿਬ ਤੋਂ ਬਿਕਰਮ ਸਿੰਘ ਖਾਲਸਾ, ਗੁਰਦਾਸਪੁਰ ਤੋਂ ਡਾ ਦਲਜੀਤ ਸਿੰਘ ਚੀਮਾ, ਹੁਸ਼ਿਆਰਪੁਰ ਤੋਂ ਸੋਹਨ ਸਿੰਘ ਠੰਡਲ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ, ਲੁਧਿਆਣਾ ਤੋਂ ਰਣਜੀਤ ਸਿੰਘ ਢਿਲੋਂ, ਪਟਿਆਲਾ ਤੋਂ ਐਨ.ਕੇ ਸ਼ਰਮਾ ਚੌਥੇ ਸਥਾਨ ’ਤੇ ਰਹੇ ਹਨ ਜਦਕਿ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੀ ਕਾਰਗੁਜ਼ਾਰੀ ਸਭਤੋਂ ਮਾੜੀ ਰਹੀ ਹੈ। ਝੂੰਦਾ 62488 ਦੇ ਕਰੀਬ ਵੋਟਾਂ ਲੈ ਕੇ ਪੰਜਵੇ ਸਥਾਨ ’ਤੇ ਰਹੇ ਹਨ। ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਸੀ। ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਤਿੰਨ ਵਿਧਾਇਕ ਹੀ ਵਿਧਾਨ ਸਭਾ ਵਿਚ ਪੁੱਜੇ ਸਨ।