ਚੰਡੀਗੜ, 4 ਜੂਨ ( ਖ਼ਬਰ ਖਾਸ ਬਿਊਰੋ)
ਸ਼ਾਇਦ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਸੱਭਤੋਂ ਵੱਧ ਰਾਜਸੀ ਆਗੂਆਂ ਨੇ ਪਾਰਟੀਆਂ ਬਦਲੀਆਂ ਹਨ। ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਜ਼ਿਆਦਾਤਰ ਦਲਬਦਲੂਆ ਨੂੰ ਟਿਕਟਾਂ ਦਿੱਤੀਆਂ। ਜੇਕਰ ਅੱਜ ਦੇ ਚੋਣ ਨਤੀਜ਼ਿਆਂ ਉਤੇ ਨਜ਼ਰ ਮਾਰੀ ਜਾਵੇ ਤਾਂ ਦਲਿਤ ਆਗੂ ਡਾ ਰਾਜ ਕੁਮਾਰ ਚੱਬੇਬਾਲ ਨੂੰ ਛੱਡਕੇ ਕਿਸੇ ਵੀ ਦਲਬਦਲੂ ਨੂੰ ਪੰਜਾਬ ਦੇ ਵੋਟਰਾਂ ਨੇ ਮੂੰਹ ਨਹੀਂ ਲਾਇਆ। ਡਾ ਚੱਬੇਵਾਲ ਕਾਂਗਰਸ ਦੇ ਵਿਧਾਇਕ ਸਨ, ਜੋ ਚੋਣਾਂ ਦੌਰਾਨ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਦਿਲਚਸਪ ਗੱਲ ਹੈ ਕਿ ਬਜਟ ਸੈਸ਼ਨ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਦਲਿਤ ਮੁੱਦਿਆ ਨੂੰ ਲੈ ਕੇ ਜਬਰਦਸਤ ਟਿੱਪਣੀਆਂ ਕੀਤੀਆਂ ਸਨ, ਪਰ ਉਹ ਕੁੱਝ ਦਿਨਾਂ ਬਾਅਦ ਹੀ ਆਪ ਵਿਚ ਸ਼ਾਮਲ ਹੋ ਗਏ ਸਨ।
ਇਸੀ ਤਰਾਂ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਪ ਵਿਚ ਸ਼ਾਮਲ ਹੋਏ ਸਨ, ਜੋ ਚੋਣ ਹਾਰ ਗਏ। ਇਸੀ ਤਰਾਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਅਕਾਲੀ ਦਲ ਛੱਡ ਆਪ ਵਿਚ ਸ਼ਾਮਲ ਹੋਏ ਅਤੇ ਜਲੰਧਰ ਤੋਂ ਚੋਣ ਹਾਰ ਗਏ ਹਨ। ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਜਿੱਤਣਾ ਤਾਂ ਦੂਰ ਦੀ ਗ੍ਰਲ ਉਹ ਜ਼ਮਾਨਤ ਵੀ ਨਹੀਂ ਬਚਾ ਸਕੇ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਵੀ ਚੋਣ ਹਾਰ ਗਏ ਹਨ। ਲੁਧਿਆਣਾ ‘ਚ ਭਾਜਪਾ ‘ਚ ਸ਼ਾਮਲ ਹੋਏ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਚੋਣ ਨਹੀਂ ਜਿੱਤ ਸਕੇ। ਪਟਿਆਲਾ ਤੋਂ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਲੋਕਾਂ ਨੇ ਉਹਨਾਂ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਹੈ।