ਚੰਡੀਗੜ੍ਹ 4 ਜੂਨ ( ਖ਼ਬਰ ਖਾਸ ਬਿਊਰੋ)
ਪੰਜਾਬ ਦੇ ਲੋਕਾਂ ਦਾ ਵੋਟਾਂ ਤੋ ਖਹਿੜਾ ਨਹੀਂ ਛੁਟੇਗਾ। ਜ਼ਲਦੀ ਹੀ ਸੂਬੇ ਵਿਚ ਅੱਧਾ ਦਰਜ਼ਨ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣ ਹੋੋਵੇਗੀ। ਚੋਣ ਕਦੋਂ ਹੋਵੇਗੀ ਇਸ ਬਾਰੇ ਫੈਸਲਾ ਚੋਣ ਕਮਿਸ਼ਨ ਵਲੋਂ ਲਿਆ ਜਾਵੇਗਾ ਪਰ ਇਹ ਤੈਅ ਹੈ ਕਿ ਸੂਬੇ ਦੇ ਪੰਜ ਵਿਧਾਨ ਸਭਾ ਹਲਕਿਆ ਵਿਚ ਜ਼ਿਮਨੀ ਚੋਣ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਇਕ ਦਰਜ਼ਨ ਵਿਧਾਇਕ, ਜਿਨਾਂ ਵਿਚ ਪੰਜ ਆਪ ਸਰਕਾਰ ਦੇ ਕੈਬਨਿਟ ਮੰਤਰੀ ਸ਼ਾਮਲ ਹਨ, ਚੋਣ ਮੈਦਾਨ ਵਿਚ ਨਿੱਤਰੇ ਹੋਏ ਸਨ। ਇਹਨਾਂ ਵਿਚੋਂ ਚਾਰ ਵਿਧਾਇਕ ਚੋਣ ਜਿੱਤ ਚੁੱਕੇ ਹਨ। ਨਿਯਮਾਂ ਮੁਤਾਬਿਕ ਇਹਨਾਂ ਵਿਧਾਇਕਾਂ ਨੂੰ ਹੁਣ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦੇਣਾ ਪਵੇਗਾ। ਸੰਵਿਧਾਨ ਮੁਤਾਬਿਕ ਇਕ ਵਿਅਕਤੀ ਇਕ ਅਹੁ੍ਦੇ ਵਿਧਾਇਕ ਜਾਂ ਸੰਸਦ ਮੈਂਬਰ ਦੇ ਅਹੁੱਦੇ ਉਤੇ ਰਹਿ ਸਕਦਾ ਹੈ।
ਇੱਥੇ ਹੋਵੇਗੀ ਜ਼ਿਮਨੀ ਚੋਣ
ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅੱਜ ਸੰਗਰੂਰ ਲੋਕ ਸਭਾ ਹਲਕੇ ਤੋ ਚੋਣ ਜਿੱਤ ਚੁੱਕੇ ਹਨ। ਇਸੀ ਤਰਾਂ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਜੋ ਆਮ ਆਦਮੀ ਵਿਚ ਸ਼ਾਮਲ ਹੋਣ ਬਾਅਦ ਵਿਧਾਇਕ ਦੇ ਅਹੁੱਦੇ ਤੋ ਅਸਤੀਫ਼ਾ ਦੇ ਚੁੱਕੇ ਸਨ, ਉਹ ਅਜ ਹੁਸ਼ਿਆਰਪੁਰ ਤੋ ਚੋਣ ਜਿੱਤ ਗਏ ਹਨ। ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਗੁਰਦਾਸਪੁਰ ਸੰਸਦੀ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਜਿੱਤੇ ਹਨ। ਜਲੰਧਰ ਪੱਛਮੀ ਸੀਟ ‘ਤੇ ਵੀ ਚੋਣਾਂ ਯਕੀਨੀ ਹਨ ਕਿਉਂਕਿ ‘ਆਪ’ ਵਿਧਾਇਕ ਸ਼ੀਤਲ ਅੰਗੁਰਲ ਅਸਤੀਫਾ ਦੇ ਕੇ ਭਾਜਪਾ ‘ਚ ਸ਼ਾਮਲ ਹੋਏ ਸਨ, ਜਿਹਨਾਂ ਦਾ ਅਸਤੀਫ਼ਾ ਬੀਤੇ ਦਿਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵੀਕਾਰ ਕੀਤਾ ਸੀ। ਇਸ ਤਰਾਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਤੇ ਜਲੰਧਰ ਪੱਛਮੀ ਵਿਚ ਚੋਣਾਂ ਹੋਣੀਆ ਤੈਅ ਹਨ।