ਜਲੰਧਰ 4 ਜੂਨ (ਖ਼ਬਰ ਖਾਸ ਬਿਊਰੋ)
ਜਲੰਧਰ ਵਾਸੀਆ ਨੇ ਇਕ ਵਾਰ ਮੁੜ ਕਾਂਗਰਸ ’ਤੇ ਭਰੋਸਾ ਪ੍ਰਗਟ ਕੀਤਾ ਹੈ। ਜਲੰਧਰ ਤੋ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੇ 1,75,993 ਲੱਖ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ। ਚੰਨੀ ਨੂੰ 390053 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੂਜੇ ਨੰਬਰ ’ਤੇ ਰਹੇ ਹਨ, ਜਿਨਾਂ ਨੂੰ 214060 ਵੋਟਾਂ ਪ੍ਰਾਪਤ ਹੋਈਆਂ ਹਨ। ਹੁਕਮਰਾਨ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ 208889 ਤੀਸਰੇ ਨੰਬਰ ਉਤੇ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ 67911ਅਤੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ 64941 ਦੀ ਵੋਟ ਮਿਲੀ ਹੈ ਪਰ ਦੋਵਾਂ ਦੀ ਜਮਾਨਤ ਜ਼ਬਤ ਹੋ ਗਈ ਹੈ।
2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਸਨ। ਜਿੱਥੇ ਅਕਾਲੀ ਦਲ ਨੇ ਇਸ ਸੀਟ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਸੀ ਉੱਥੇ ਹੀ ਆਮ ਆਦਮੀ ਪਾਰਟੀ ਨੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਟਿਕਟ ਦਿੱਤੀ ਸੀ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਸੀ ਜੋ ਇਸ ਸੀਟ ਤੋਂ ਜਿੱਤੇ ਸਨ।
ਪਰ ਪਿਛਲੇ ਸਾਲ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਉਸਤੋ ਬਾਅਦ ਜ਼ਿਮਨੀ ਚੋਣ ਵਿਚ ਆਪ ਦੇ ਸੁਸ਼ੀਲ ਰਿੰਕੂ ਨੇ ਚੋਣ ਜਿੱਤ ਹਾਸਲ ਕੀਤੀ ਸੀ। ਇਸ ਵਾਰ ਵੀ ਆਪ ਨੇ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਸੀ ਪਰ ਉਹ ਆਪ ਦੀ ਉਮੀਦਵਾਰੀ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ।