ਸੰਗਰੂਰ, 4 ਜੂਨ: (ਖ਼ਬਰ ਖਾਸ ਬਿਊਰੋ)
ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਪੰਜਾਬ ਦੇ ਨੌਜਵਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੋ ਘਾਗ ਸਿਆਸਤਦਾਨਾਂ ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਖਹਿਰਾ ਨੂੰ ਧੋਬੀ ਪਟਕਾ ਦਿੰਦੇ ਹੋਏ ਅੱਜ ਦੋਵਾਂ ਦੀਪਿੱਠ ਲਵਾ ਦਿੱਤੀ ਹੈ।
ਮੀਤ ਹੇਅਰ ਨੇ ਇਹ ਚੋਣ 169128 ਦੇ ਵੱਡੇ ਅੰਤਰ ਨਾਲ ਜਿੱਤ ਕੇ ਇੱਕ ਰਿਕਾਰਡ ਹੀ ਹਾਸਲ ਨਹੀਂ ਕੀਤਾ, ਬਲਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਸੰਗਰੂਰ ਨੂੰ ਜਿੱਤਕੇ ਪਾਰਟੀ ਦੀ ਲਾਜ ਵੀ ਰੱਖ ਲਈ ਹੈ। ਸੰਗਰੂਰ ਸੀਟ ਆਮ ਆਦਮੀ ਪਾਰਟੀ ਲਈ ਇਸ ਲਈ ਵੀ ਮਹੱਤਵਪੂਰਨ ਸੀ, ਕਿਉਂਕਿ ਇਥੋਂ ਲਗਾਤਾਰ ਦੋ ਵਾਰ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੋਈ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਚੋਣ ਹਾਰ ਗਈ ਸੀ। ਜਿਸ ਕਰਕੇ ਆਪ ਦੇ ਪੱਲੇ ਨਿਰਾਸ਼ਾ ਪਈ ਸੀ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤ ਹਾਸਲ ਕਰਕੇ ਆਮ ਆਦਮੀ ਪਾਰਟੀ ਦਾ ਝੰਡਾ ਝੂਲਦਾ ਰੱਖਿਆ ਹੈ।
ਮੀਤ ਹੇਅਰ ਨੂੰ 354737 ਵੋਟਾਂ ਪਈਆਂ ਹਨ ਜਦਕਿ ਸੁਖਪਾਲ ਖਹਿਰਾ ਨੂੰ 185609 ਅਤੇ ਸਿਮਰਨਜੀਤ ਸਿੰਘ ਮਾਨ ਨੂੰ 182424 ਵੋਟਾਂ ਪਈਆਂ ਹਨ।
ਵੱਡੀ ਗੱਲ ਇਹ ਹੈ ਕਿ ਮੀਤ ਹੇਅਰ ਦੀ ਜਿੱਤ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦਾ ਵੀ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਪੂਰਾ ਜ਼ੋਰਾਂ ‘ਤੇ ਸੀ ਕਿ ਸੰਗਰੂਰ ਦੇ ਨਤੀਜੇ ਮੁੱਖ ਮੰਤਰੀ ਭਗਵੰਤ ਮਾਨ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਤੇ ਗੁਰਮੀਤ ਸਿੰਘ ਮੀਤ ਹੇਅਰ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੇ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਸਮੇਤ ਕੈਬਿਨਟ ਮੰਤਰੀਆਂ ਵਿਧਾਇਕਾਂ ਨੇ ਪੂਰੀ ਵਾਹ ਲਾਈ ਹੋਈ ਸੀ। ਜਿਸ ਦਾ ਨਤੀਜਾ ਇਹ ਹੋਇਆ ਕਿ ਜਿਮਨੀ ਚੋਣ ਵਿੱਚ ਜੇਤੂ ਰਹੇ ਸਿਮਰਨਜੀਤ ਮਾਨ ਅੱਜ ਚੋਣ ਹਾਰ ਗਏ ਹਨ ਅਤੇ ਤੀਜੇ ਨੰਬਰ ਉੱਤੇ ਪੁੱਜ ਗਏ। ਹਾਲਾਂਕਿ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਇੱਕ ਤੇਜ਼ ਤਰਾਰ ਨੇਤਾ ਮੰਨੇ ਜਾਂਦੇ ਹਨ ਅਤੇ ਇਹ ਸਮਝਿਆ ਜਾ ਰਿਹਾ ਸੀ ਕਿ ਸੰਗਰੂਰ ਵਿੱਚ ਮੁਕਾਬਲਾ ਬਹੁਤ ਫਸਵਾਂ ਹੋਵੇਗਾ ਅਤੇ ਨਤੀਜੇ ਕੁਝ ਵੀ ਹੋ ਸਕਦੇ ਹਨ ਪਰ ਜੋ ਨਤੀਜੇ ਸਾਹਮਣੇ ਆਏ ਹਨ ਉਸ ਮੁਤਾਬਕ ਮੀਤ ਹੇਅਰ ਨੇ ਚੋਣ ਨੂੰ ਇੱਕਪਾਸੜ ਬਣਾ ਦਿੱਤਾ ਹੈ ਹੈ। ਇੱਕ ਤਰ੍ਹਾਂ ਨਾਲ ਆਪ ਦੀ ਰਾਜਧਾਨੀ ਵਿੱਚ ਮੀਤ ਹੇਰ ਨੇ ਪਾਰਟੀ ਦੇ ਜੇਤੂ ਝੰਡੇ ਨੂੰ ਝੂਲਦਾ ਰੱਖਿਆ ਹੈ।
ਝੂੰਦਾਂ ਤੇ ਖੰਨਾ ਦੀ ਹੋਈ ਜਮਾਨਤ ਜਬਤ
ਸੰਗਰੂਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸੂਪੜਾ ਸਾਫ ਹੋ ਗਿਆ ਹੈ। ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ ਝੂੰਦਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਤੋਂ ਵੀ ਪਛੜ ਕੇ ਪੰਜਵੇ ਸਥਾਨ ਉੱਤੇ ਪੁੱਜ ਗਏ ਹਨ ਹਾਲਾਂਕਿ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਵੀ ਜਮਾਨਤ ਜਬਤ ਹੋਈ ਹੈ ਪਰ ਭਾਜਪਾ ਨੇ ਸੰਗਰੂਰ ਵਿੱਚ ਅਕਾਲੀ ਦਲ ਨੂੰ ਪਛਾੜ ਕੇ ਰੱਖ ਦਿੱਤਾ ਹੈ। ਨਤੀਜਿਆਂ ਮੁਤਾਬਿਕ ਇਕਬਾਲ ਸਿੰਘ ਝੂੰਦਾਂ ਨੂੰ 185609 ਅਤੇ ਅਰਵਿੰਦ ਖੰਨਾ ਨੂੰ 127659 ਵੋਟ ਪਈ।