– ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਦੋਹਰੇ ਲਾਕ ਸਿਸਟਮ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਦੇ ਪੁਖ਼ਤਾ ਪ੍ਰਬੰਧ
– ਗਿਣਤੀ ਕੇਂਦਰਾਂ ਦੁਆਲੇ ਤਿੰਨ-ਪਰਤੀ ਸੁਰੱਖਿਆ ਕਾਇਮ
ਚੰਡੀਗੜ੍ਹ, 4 ਜੂਨ: (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜ਼ਰਵਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਨਿਰਪੱਖ, ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ।
ਗਿਣਤੀ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ 27 ਵੱਖ-ਵੱਖ ਥਾਵਾਂ ‘ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ, ਜਦਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂ ਸ਼ਹਿਰ ਅਤੇ ਖੂਨੀ ਮਾਜਰਾ (ਖਰੜ) ਵਿੱਚ ਸਥਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਅਤੇ ਨਵਾਂ ਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾਵੇਗੀ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਗਿਣਤੀ ਕੇਂਦਰਾਂ ਵਿਖੇ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਇਨ੍ਹਾਂ ਸਟਰਾਂਗ ਰੂਮਾਂ ਵਿਖੇ ਦੋਹਰੇ ਲਾਕ ਸਿਸਟਮ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਜ਼ਰੀਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਅਧਿਕਾਰਤ ਕਰਮਚਾਰੀ ਹਰੇਕ ਸਟਰਾਂਗ ਰੂਮ ਦੇ ਬਾਹਰ ਲਗਾਈਆਂ ਗਈਆਂ ਐਲ.ਈ.ਡੀ. ਸਕਰੀਨਾਂ, ਜਿਨ੍ਹਾਂ ਵਿੱਚ ਸਟਰਾਂਗ ਰੂਮ ਦੇ ਆਲੇ-ਦੁਆਲੇ ਦੀ ਲਾਈਵ ਫਟੇਜ਼ ਦੇਖੀ ਜਾ ਸਕਦੀ ਹੈ, ਰਾਹੀਂ ਸੁਰੱਖਿਆ ਦੀ ਨਿਗਰਾਨੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਥੇ ਆਉਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਆਨ-ਡਿਊਟੀ ਕਰਮਚਾਰੀਆਂ ਵੱਲੋਂ ਇੱਕ ਵਿਜ਼ਟਰ ਰਜਿਸਟਰ ਲਗਾਇਆ ਗਿਆ
ਹੈ। ਇਸਦੇ ਨਾਲ ਹੀ ਸਾਰੇ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਆਧਾਰ ‘ਤੇ ਅਧਿਕਾਰੀਆਂ ਵੱਲੋਂ ਸਥਿਤੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ।
ਗਿਣਤੀ ਕੇਂਦਰਾਂ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਤੱਕ ਪਹੁੰਚ ‘ਤੇ ਸਖ਼ਤ ਪਾਬੰਦੀ ਨਾਲ ਢੁਕਵੇਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਸਿਰਫ਼ ਮਾਨਤਾ ਪ੍ਰਾਪਤ ਜਾਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਆਗਿਆ ਹੈ। ਗਿਣਤੀ ਕੇਂਦਰਾਂ ਦੀ ਵਿਆਪਕ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਚੋਣ ਪ੍ਰਕਿਰਿਆ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਕਿਸੇ ਵੀ ਐਮਰਜੈਂਸੀ ਜਾਂ ਘਟਨਾ ਨਾਲ ਤੁਰੰਤ ਨਜਿੱਠਣ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਹਨ।