ਸਭਿਆਚਾਰਕ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ 16 ਨੂੰ
ਚੰਡੀਗੜ 2 ਜੂਨ ( ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ਦੇ ਇਕ ਹੋਰ ਮੰਤਰੀ ਦੇ 16 ਜੂਨ ਨੂੰ ਬਾਂਹੀ ਰੰਗਲਾ ਚੂੜਾ ਪਵੇਗਾ। ਵਿਆਹ ਨੂੰ ਲੈ ਕੇ ਬਕਾਇਦਾ ਮੰਤਰੀ ਦੇ ਘਰ ਸ਼ਹਿਨਾਈਆ ਵੱਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ 16 ਜੂਨ ਨੂੰ ਜੀਰਕਪੁਰ ਦੇ ਇਕ ਪੈਲੇਸ ਵਿਚ ਕੈਬਨਿਟ ਮੰਤਰੀ ਆਪਣਾ ਗ੍ਰਹਿਸਤ ਸਫ਼ਰ ਸ਼ੁਰੂ ਕਰੇਗੀ।
ਖ਼ਬਰ ਹੈ ਕਿ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਮਾਨ ਵਜ਼ਾਰਤ ਵਿਚ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਗਗਨ ਅਨਮੋਲ ਮਾਨ ਦਾ ਸਾਹਾ ਬੰਨ ਦਿੱਤਾ ਗਿਆ ਹੈ। ਮਿਸ ਮਾਨ ਦਾ ਵਿਆਹ 16 ਜੂਨ ਨੂੰ ਪੇਸ਼ੇ ਵਜੋਂ ਵਕੀਲ ਨਾਲ ਹੋਣ ਜਾ ਰਿਹਾ ਹੈ।
34 ਸਾਲਾਂ ਗਗਨ ਅਨਮੋਲ ਦਾ ਜਨਮ 26 ਫਰਵਰੀ 1990 ਨੂੰ ਮਾਨਸਾ ਜਿਲੇ ਦੇ ਪਿੰਡ ਖੇਲਾ ਪਿੰਡ ਵਿਖੇ ਹੋਇਆ ਸੀ। ਉਸਨੇ MCMDAV ਕਾਲਜ ਚੰਡੀਗੜ ਤੋਂ ਉਚ ਵਿਦਿਆ ਹਾਸਲ ਕੀਤੀ ਹੋਈ ਹੈ ਅਤੇ ਪਹਿਲੀ ਵਾਰ 2022 ਵਿਚ ਵਿਧਾਇਕਾ ਚੁਣੀ ਗਈ ਹੈ। ਸਿਆਸਤ ਵਿਚ ਆਉਣ ਤੋਂ ਗਗਨ ਅਨਮੋਲ ਮਾਨ ਪਾਲੀਵੁੱਡ ਵਿੱਚ ਕੰਮ ਕਰਦੀ ਸੀ। ਉਸ ਦੀਆਂ ਦੀਆਂ ਕਈ ਐਲਬਮਾਂ, ਗੀਤ ਰਿਲੀਜ਼ ਹੋ ਚੁੱਕੇ ਹਨ।
ਇਹ ਬਣੇਗਾ ਜੀਵਨ ਸਾਥੀ
ਜਾਣਕਾਰੀ ਅਨੁਸਾਰ ਅਨਮੋਲ ਗਗਨ ਮਾਨ ਦਾ ਵਿਆਹ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਹੋ ਰਿਹਾ ਹੈ। ਜਿਸ ਪਰਿਵਾਰ ਸਿਆਸੀ ਪਿਛੋਕੜ ਨਾਲ ਸਬੰਧਤ ਹੈ। ਸ਼ਾਹਬਾਜ਼ ਦੀ ਮਾਤਾ ਸੀਲਮ ਸੋਹੀ ਰਾਜਨੀਤੀ ਨਾਲ ਜੁੜੇ ਹੋਏ ਹਨ। ਸੀਲਮ ਸੋਹੀ ਨੇ ਬਨੂੜ ਵਿਧਾਨ ਸਭਾ ਹਲਕੇ ਤੋ ਮਰਹੂਮ ਅਕਾਲੀ ਨੇਤਾ ਸਾਬਕਾ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਖ਼ਿਲਾਫ਼ ਚੋਣ ਲੜੀ ਸੀ, ਪਰ ਉਹ ਚੋਣ ਹਾਰ ਗਏ ਸਨ। ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਰੀਬੀ ਰਹੇ ਹਨ ਅਤੇ ਦਾਦਾ ਵਿਧਾਇਕ ਰਹਿ ਚੁੱਕੇ ਹਨ। ਯਾਨੀ ਅਨਮੋਲ ਗਗਨ ਮਾਨ ਦਾ ਸਹੁਰਾ ਪਰਿਵਾਰ ਵੀ ਸਿਆਸਤ ਨਾਲ ਜੁੜਿਆ ਹੋਇਆ ਹੈ।
ਮੁ੍ੱਖ ਮੰਤਰੀ ਸਮੇਤ ਇਹਨਾਂ ਮੰਤਰੀਆਂ ਦਾ ਹੋਇਆ ਵਿਆਹ
ਸੂਬੇ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਜੈਤੂ 92 ਵਿਧਾਇਕਾਂ ਵਿਚ ਕਈ ਵਿਧਾਇਕ ਕੁਆਰੇ ਸਨ, ਜਿਹਨਾਂ ਨੇ ਸਰਕਾਰ ਬਣਨ ਬਾਅਦ ਹੱਥ ਪੀਲੇ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ 7 ਜੁਲਾਈ 2022 ਨੂੰ ਹਰਿਆਣਾ ਦੇ ਪਿਹੋਵਾ ਨਾਲ ਸਬੰਧਤ ਡਾ ਗੁਰਪ੍ਰੀਤ ਕੌਰ ਨਾਲ ਪਿਛਲੇ ਸਾਲ ਹੋਇਆ ਸੀ। ਹਾਲਾਂਕਿ ਮੁੱਖ ਮੰਤਰੀ ਦਾ ਇਹ ਦੂਜਾ ਵਿਆਹ ਸੀ।ਮੁੱਖ ਮੰਤਰੀ ਭਗਵੰਤ ਮਾਨ ਨੇ 2015 ਵਿੱਚ ਆਪਣੀ ਪਹਿਲੀ ਪਤਨੀ ਇੰਦਰਜੀਤ ਕੌਰ ਨੂੰ ਘਰੈਲੂ ਕਾਰਨਾਂ ਕਰਕੇ ਤਲਾਕ ਦੇ ਦਿੱਤਾ ਸੀ। ਇੰਦਰਜੀਤ ਕੌਰ ਦੋ ਬੱਚਿਆ ਨਾਲ ਵਿਦੇਸ਼ ਰਹਿ ਰਹੇ ਹਨ।
ਇਸੀ ਤਰਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵਿਆਹ 25 ਮਾਰਚ 2023 ਨੂੰ ਪੰਜਾਬ ਕਾਡਰ ਦੀ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਹੋਇਆ ਹੈ।ਜੋਤੀ ਯਾਦਵ ਭਾਰਤੀ ਪੁਲਿਸ ਸੇਵਾ (IPS) ਦੀ 2019 ਬੈਚ ਪੰਜਾਬ ਕਾਡਰ ਦੀ ਅਧਿਕਾਰੀ ਹੈ। ਹਰਜੋਤ ਬੈਂਸ ਵੀ ਪਹਿਲੀ ਵਾਰ ਆਨੰਦਪੁਰ ਸਾਹਿਬ ਹਲਕੇ ਤੋ ਚੋਣ ਜਿੱਤਕੇ ਵਿਧਾਇਕ ਬਣੇ ਹਨ।
ਬਰਨਾਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ 7 ਨਵੰਬਰ 2023 ਨੂੰ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਬਾਜਵਾ ਨਾਲ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਡਾ ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਉਸਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਗੋਡਵਿਨ ਗਰੁੱਪ ਦੇ ਡਾਇਰੈਕਟਰ ਹਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਰਾਂ ਦੇ ਰਿਸ਼ਤੇਦਾਰ ਹਨ।
ਇਹਨਾਂ ਵਿਧਾਇਕਾ ਨੇ ਵੀ ਕਰਵਾਇਆ ਵਿਆਹ
ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ, ਸੰਗਰੂਰ ਦੀ ਵਿਧਾਇਕ ਨਰਿੰਦਰ ਭਰਾਜ,ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਵਿਆਹ 2 ਅਪ੍ਰੈਲ 2023 ਅਤੇ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਦਾ ਵਿਆਹ ਦਸੰਬਰ 2023 ਵਿਚ ਹੋਇਆ ਸੀ।