ਚੰਡੀਗੜ 2 ਜੂਨ (ਖ਼ਬਰ ਖਾਸ ਬਿਊਰੋ)
ਵੋਟਾਂ ਦਾ ਕੰਮ ਖ਼ਤਮ ਹੋਣ ਤੋਂ 12 ਘੰਟੇ ਬਾਅਦ ਹੀ ਜਲੰਧਰ ਦੇ ਵਿਧਾਇਕ ਸ਼ੀਤਲ ਅੰਗੂਰਾਲ ਦਾ ਭਾਜਪਾ ਵਿਚ ਦਮ ਘੁੱਟਣ ਲੱਗ ਪਿਆ ਹੈ। ਦੇਸ਼ ਵਿਚ ਐਗਜਿਟ ਪੋਲ ਨੇ ਭਾਜਪਾ ਦੀ ਸਰਕਾਰ ਬਣਨ ਦੀ ਭਵਿਖਬਾਣੀ ਕੀਤੀ ਹੈ, ਪਰ ਚੋਣ ਨਤੀਜ਼ਿਆਂ ਤੋਂ ਪਹਿਲਾਂ ਹੀ ਸ਼ੀਤਲ ਅੰਗਰੂਾਲ ਨੇ ਕਮਲ ਦਾ ਫੁੱਲ ਛੱਡ ਮੁੜ ਝਾੜੂ ਚੁ੍ਕਣ ਦਾ ਮਨ ਬਣਾ ਲਿਆ ਹੈ। ਅੰਗੂਰਾਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਅਜੇ ਤੱਕ ਸਪੀਕਰ ਨੇ ਅੰਗੂਰਾਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਸੀ ਕੀਤਾ।
ਦੱਸਣਯੋਗ ਹੈ ਕਿ ਲੋਕ ਸਭਾ ਦਾ ਚੋਣਾਂ ਦਾ ਬਿਗਲ ਵੱਜਦਿਆ ਹੀ ਆਪ ਦੇ ਜਲੰਧਰ ਤੋ ਸੰਸਦ ਮੈਂਬਰ ਸੁਸ਼ੀਲ ਰਿੰਕੂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਹਾਲਾਂਕਿ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਵਿਚ ਰਿੰਕੂ ਨੂੰ ਜਲੰਧਰ ਤੋ ਮੁੜ ਉਮੀਦਵਾਰ ਐਲਾਨ ਦਿੱਤਾ ਸੀ, ਪਰ ਸਿਆਸੀ ਕਰਵਟ ਲੈਂਦਿਆ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਸੀ ਤਰਾਂ ਸ਼ੀਤਲ ਅੰਗੂਰਾਲ ਨੇ ਆਪ ਦੇ ਵਿਧਾਇਕ ਪਦ ਤੋ ਅਸਤੀਫ਼ਾ ਦੇ ਕੇ ਭਾਜਪਾ ਵਿਚ ਜੁਆਇਨਿੰਗ ਕਰ ਲਈ ਸੀ। ਭਾਜਪਾ ਵਿਚ ਸ਼ਾਮਲ ਹੋਣ ਉਤੇ ਦਲ ਬਦਲ ਕਾਨੂੰਨ ਦਾ ਸਾਹਮਣਾ ਕਰਨ ਤੋ ਬਚਣ ਲਈ ਉਸਨੇ ਅਸਤੀਫ਼ਾ ਦੇ ਦਿੱਤਾ ਸੀ। ਸਿਆਸੀ ਪੰਡਤ ਇਸੋ ਗੱਲੋ ਕਾਫ਼ੀ ਹੈਰਾਨ ਸਨ ਕਿ ਰਿੰਕੂ ਤੇ ਅੰਗੂਰਾਲ ਵਿਚ ਛੱਤੀ ਦਾ ਅੰਕੜਾ ਚੱਲ ਰਿਹਾ ਹੈ, ਪਰ ਇਹ ਦੋਵੇਂ ਇਕੱਠੇ ਕਿਵੇਂ ਰਹਿ ਸਕਦੇ ਹਨ।
ਚੱਬੇਵਾਲ ਦੇ ਵਿਧਾਇਕ ਡਾ ਰਾਜ ਕੁਮਾਰ ਵੀ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਚੱਬੇਵਾਲ ਨੇ ਵੀ ਪਾਰਟੀ ਦੇ ਨਾਲ ਨਾਲ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੋਵਾਂ ਵਿਧਾਇਕਾਂ ਨੇ ਆਪਣੇ ਅਹੁੱਦੇ ਤੋ ਅਸਤੀਫ਼ਾ ਸਪੀਕਰ ਨੂੰ ਸੌਂਪ ਦਿੱਤਾ ਸੀ, ਪਰ ਸਪੀਕਰ ਨੇ ਦੋਵਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਸੀ। ਇਹੀ ਕਾਰਨ ਹੈ ਕਿ ਅੰਗੂਰਾਲ ਨੇ ਸਪੀਕਰ ਨੂੰ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਹੈ।
–ਕਿਉਂ ਕੀਤੀ ਅਪੀਲ —
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅੰਗੂਰਾਲ ਦਾ ਅਸਤੀਫ਼ਾ ਮਨਜੂਰ ਹੋ ਜਾਂਦਾ ਹੈ ਤਾਂ ਜਲੰਧਰ ਵਿਖੇ ਉਸਦੀ ਸੀਟ ਉਤੇ ਦੁਬਾਰਾ ਜ਼ਿਮਨੀ ਚੋਣ ਹੋਵੇਗੀ। ਜਲੰਧਰ ਵਿਚ ਲੋਕ ਸਭਾ ਦਾ ਨਤੀਜ਼ਾ ਚਾਰ ਜੂਨ ਨੂੰ ਆਉਣਾ ਹੈ ਅਤੇ ਮੁਕਾਬਲਾ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੇ ਆਪ ਦੇ ਪਵਨ ਟੀਨੂੰ ਵਿਚਕਾਰ ਦੱਸਿਆ ਜਾ ਰਿਹਾ ਹੈ। ਇਸ ਕਰਕੇ ਸ਼ੀਤਲ ਅੰਗੂਰਾਲ ਨੇ ਮਹਿਸੂਸ ਕਤੀ ਹੈ ਕਿ ਜੇਕਰ ਜ਼ਿਮਨੀ ਚੋਣ ਹੁੰਦੀ ਹੈ ਤਾਂ ਭਾਜਪਾ ਦੀ ਟਿਕਟ ਸ਼ੁਸ਼ੀਲ ਰਿੰਕੂ ਨੂੰ ਮਿਲ ਸਕਦੀ ਹੈ ਕਿਉਂਕਿ ਪਹਿਲਾਂ ਉਹ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕਾ ਹੈ। ਆਪਣੀ ਰਾਜਨੀਤੀ ਪਾਰੀ ਪੂਰੀ ਖੇਡਣ ਦੀ ਇੱਛਾ ਰੱਖਦੇ ਹੋਏ ਉਸਨੇ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਪਾਰਟੀ ਮੁੜ ਸ਼ਾਮਲ ਕਰਨ ਦੇ ਮੂਡ ਵਿਚ ਨਹੀਂ
ਸੂਤਰ ਦੱਸਦੇ ਹਨ ਕਿ ਆਪ ਦੀ ਸੀਨੀਅਰ ਲੀਡਰਸ਼ਿਪ ਸ਼ੀਤਲ ਅੰਗੂਰਾਲ ਦਾ ਅਸਤੀਫ਼ਾ ਵਾਪਸ ਲੈਣ ਦੇ ਮੂਡ ਵਿਚ ਦਿਖ ਨਹੀਂ ਰਹੀ। ਹਾਲਾੰਕਿ ਇਹ ਫੈਸਲਾ ਸਪੀਕਰ ਨੇ ਲੈਣਾ ਹੈ, ਫਿਰ ਵੀ ਕਿਤੇ ਨਾ ਕਿਤੇ ਪਾਰਟੀ ਦਾ ਫੈਸਲਾ ਵੱਡਾ ਹੁੰਦਾ ਹੈ। ਸੂਬੇ ਵਿਚ ਆਪ ਸਰਕਾਰ ਦੇ ਅਜੇ ਤਿੰਨ ਸਾਲ ਦੇ ਕਰੀਬ ਸਮਾਂ ਪਿਆ ਹੈ, ਇਸ ਲਈ ਆਪ ਹਾਈਕਮਾਨ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਜੇਕਰ ਜਿ਼ਮਨੀ ਚੋਣ ਹੁੰਦੀ ਹੈ ਤਾਂ ਪਾਰਟੀ ਸ਼ੀਤਲ ਦੀ ਬਜਾਏ ਕਿਸੇ ਹੋਰ ਉਤੇ ਦਾਅ ਖੇਡਣ ਨੂੰ ਪਹਿਲ ਦੇਣਾ ਚਾਹੁੰਦੀ ਹੈ।