ਚੰਡੀਗੜ 1 ਜੂਨ (ਖ਼ਬਰ ਖਾਸ ਬਿਊਰੋ)
ਆਖ਼ਰੀ ਗੇੜ ਤਹਿਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਖ਼ਤਮ ਹੋ ਗਿਆ ਹੈ। ਪੰਜਾਬ ਵਿਚ ਇਕਦੁੱਕਾ ਘਟਨਾਵਾਂ ਨੂੰ ਛੱਡਕੇ ਵੋਟਾਂ ਪੈਣ ਦਾ ਕੰਮ ਸ਼ਾਂਤੀ ਪੂਰਬਕ ਢੰਗ ਨਾਲ ਨੇਪਰੇ ਚੜ ਗਿਆ। ਫਿਰੋਜਪੁਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਖਿਲਾਫ਼ ਬੂਥ ਦੇ ਅੰਦਰ ਵੋਟ ਪਾਉਣ ਦੀ ਵੀਡਿਓ ਜਨਤਕ ਕਰਨ ਤੇ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਇਸੀ ਤਰਾਂ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨੇ ਬੂਥ ਦੇ ਅੰਦਰ ਈਵੀਐੱਮ ਮਸ਼ੀਨ ਦਾ ਬਟਨ ਦਬਾਉਣ ਦੀ ਤਸਵੀਰ ਆਪਣੇ ਸੋਸ਼ਲ ਐਕਸ ਅਕਾਉਂਟ ਉਤੇ ਸ਼ੇਅਰ ਕਰ ਦਿੱਤੀ। ਹਾਲਾਂਕਿ ਉਨਾਂ ਨੇ ਕੁੱਝ ਦੇਰ ਬਾਅਦ ਪੋਸਟ ਡੀਲੀਟ ਕਰ ਦਿੱਤੀ ਸੀ ਪਰ ਰਿਟਰਨਿੰਗ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਨੇ ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸੀ ਤਰਾਂ ਪਟਿਆਲਾ ਤੋ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਦੀ ਵੋਟ ਪਾਉਣ ਦੀ ਵੀਡਿਓ ਵੀ ਜਨਤਕ ਹੋ ਗਈ ਹੈ।
ਸਾਮ ਛੇ ਵਜੇ ਵੋਟਾਂ ਪੈਣ ਦਾ ਕੰਮ ਸਮਾਪਤ ਹੋ ਗਿਆ। ਚੋਣ ਦਫ਼ਤਰ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਾਂ ਪਈਆ ਸਨ। ਇੱਥੇ ਦੱਸਿਆ ਜਾਂਦਾ ਹੈ ਕਿ ਸੂਬੇ ਵਿਚ 2.14 ਕਰੋੜ ਤੋ ਵੱਧ ਵੋਟਰ ਹਨ ਅਤੇ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ।
ਲੋਕ ਸਭਾ ਚੋਣਾਂ ਵਿਚ ਪੰਜ ਮੰਤਰੀਆਂ ਸਮੇਤ 12 ਵਿਧਾਇਕ, 6 ਸੰਸਦ ਮੈਂਬਰ, ਇਕ ਸਾਬਕਾ ਮੁੱਖ ਮੰਤਰੀ ਸਮੇਤ ਸਿਆਸੀ ਪਾਰਟੀਆਂ ਦਾ ਵਕਾਰ ਦਾਅ ’ਤੇ ਲੱਗਿਆ ਹੋਇਆ ਹੈ। ਕਰੀਬ ਢਾਈ ਦਹਾਕਿਆ ਬਾਅਦ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਇਕੱਲਿਆ ਚੋਣ ਲੜੀ ਹੈ। ਇਸਤੋ ਇਲਾਵਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਰੀਆਂ ਸੀਟਾਂ ਉਤੇ ਚੋਣ ਮੈਦਾਨ ਵਿਚ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਨਾਲ ਮੰਗਵਾਲ ਵਿਖੇ ਪਾਈ ਵੋਟ
ਕਿਹਾ- ਇਹ ਚੋਣ ਪੰਜਾਬ ਲਈ ਬਹੁਤ ਅਹਿਮ, ਪੰਜਾਬ ਦੇਸ਼ ਦੀ ਰਾਜਨੀਤੀ ਦਾ ਕੇਂਦਰ
ਇਸ ਚੋਣ ਵਿਚ ਔਰਤਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੋਵੇਗੀ. ਕਿਉਂਕਿ ਮਹਿੰਗਾਈ ਤੋਂ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹਨ- ਭਗਵੰਤ ਮਾਨ
ਸੰਗਰੂਰ 1 ਜੂਨ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਆਪਣੇ ਪਰਿਵਾਰ ਨਾਲ ਲਾਇਨ ਵਿਚ ਲੱਗ ਕੇ ਮੰਗਵਾਲ (ਸੰਗਰੂਰ) ਵਿਖੇ ਵੋਟ ਪਾਈ। ਉਨ੍ਹਾਂ ਕਿਹਾ ਕਿ ਇਹ ਚੋਣ ਪੰਜਾਬ ਅਤੇ ਦੇਸ਼ ਦੇ ਲੋਕਤੰਤਰ ਲਈ ਬਹੁਤ ਹੀ ਮਹੱਤਵਪੂਰਨ ਹੈ। ਪੰਜਾਬ ਦੇਸ਼ ਦੀ ਰਾਜਨੀਤੀ ਦਾ ਕੇਂਦਰ ਹੈ। ਇਸ ਵਾਰ ਵੀ ਕੇਂਦਰ ਸਰਕਾਰ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਉਂਦੇ ਹਨ, ਕਿਉਂਕਿ ਪੰਜਾਬ ਦੇ ਵੋਟਰ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਲੋਕ ਸਭਾ ਲਈ ਚੰਗੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਚੁਣਨਗੇ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਨਾਲ ਉਨ੍ਹਾਂ ਨੂੰ ਹੱਲ ਕਰਨ ਦੇ ਸਮਰੱਥ ਹੋਣ।
ਉਨ੍ਹਾਂ ਕਿਹਾ ਕਿ ਮੈਂ ਪਿਛਲੇ 25 ਦਿਨਾਂ ਵਿੱਚ 122 ਰੈਲੀਆਂ ਅਤੇ ਰੋਡ ਸ਼ੋਅ ਕੀਤੇ ਹਨ। ਮੈਂ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹਰ ਪਾਸੇ ਲੋਕਾਂ ਤੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਚੋਣ ਪ੍ਰਚਾਰ ਦੌਰਾਨ ਮੈਂ ਆਪਣੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ ‘ਤੇ ਲੋਕਾਂ ਤੋਂ ਵੋਟਾਂ ਮੰਗੀਆਂ, ਜਿਸ ਦੀ ਲੋਕਾਂ ਨੇ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੈਂ ਕਈ ਥਾਵਾਂ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਖ਼ਬਰਾਂ ਸੁਣੀਆਂ, ਪਰ ਮੈਂ ਆਪਣੀ ਚੋਣ ਪ੍ਰਚਾਰ ਦੌਰਾਨ ਕੋਈ ਵੀ ਅਜਿਹੀ ਗਤੀਵਿਧੀ ਜਾਂ ਭਾਸ਼ਣ ਨਹੀਂ ਦਿੱਤਾ ਜਿਸ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੋਵੇ। ਇਸ ਲਈ ਮੇਰੀ ਚੋਣ ਕਮਿਸ਼ਨ ਕੋਲ ਇੱਕ ਵੀ ਸ਼ਿਕਾਇਤ ਨਹੀਂ ਹੈ, ਕਿਉਂਕਿ ਮੈਂ ਚੋਣ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰਚਾਰ ਕੀਤਾ ਸੀ। ਅਸੀਂ ਕਦੇ ਵੀ ਚੋਣ ਜ਼ਾਬਤੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ, ਕਿਉਂਕਿ ਮਹਿੰਗਾਈ ਤੋਂ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਕਈ ਅਹਿਮ ਮੁੱਦੇ ਹਨ, ਜੋ ਔਰਤਾਂ ਦੀ ਵੋਟ ਨੂੰ ਪ੍ਰਭਾਵਿਤ ਕਰਨਗੇ ਅਤੇ ਚੋਣ ਨਤੀਜਿਆਂ ਵਿੱਚ ਵੱਡੀ ਤਬਦੀਲੀ ਦਾ ਕਾਰਨ ਬਣਨਗੇ।ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾ ਵੋਟਰ ਬਹੁਤ ਸੂਝਵਾਨ ਹਨ। ਉਹ ਇਮਾਨਦਾਰ ਅਤੇ ਕੰਮ ਕਰਨ ਵਾਲੀ ਸਰਕਾਰ ਚੁਣਨਗੇ। ਇਸ ਵਾਰ ਔਰਤਾਂ ਦਾ ਵੋਟ ਬਦਲਾਅ ਲਈ ਹੋਵੇਗਾ ਅਤੇ ਇਤਿਹਾਸ ਰਚੇਗਾ।