ਵਾਹ ! ਪ੍ਰਸ਼ਾਸਨ ਦਾ ਕਮਾਲ- ਚੋਣ ਡਿਊਟੀ ਨਹੀਂ ਕੱਟੀ, ਸੇਵਾਂ ਲਈ ਦੋ ਮੁਲਾਜ਼ਮ ਲਾ ਦਿੱਤੇ

ਬਟਾਲਾ 31 ਮਈ (ਖ਼ਬਰ ਖਾਸ ਬਿਊਰੋ) 

ਚੋਣ ਕਮਿਸ਼ਨ ਵਲੋਂ ਬਜ਼ੁਰਗ, ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਲਈ ਅਨੇਕ ਤਰਾਂ ਦੀਆਂ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਅੱਜ ਲੋਕ ਉਸ ਵੇਲੇ ਹੱਕੇ ਬੱਕੇ ਰਹਿ ਗਏ ਜਦੋਂ ਪ੍ਰਸ਼ਾਸਨ ਨੇ ਚੱਲਣ ਫਿਰਨ ਤੋ ਵੀ ਲਾਚਾਰ ਮੁਲਾਜ਼ਮ ਦੀ ਚੋਣ ਡਿਊਟੀ ਲਗਾ ਦਿੱਤੀ। ਦਿਲਚਸਪ ਗੱਲ ਹੈ ਕਿ ਆਮ ਤੌਰ ਉਤੇ ਚੰਗੇ ਭਲੇ ਬੰਦੇ ਯਾਨੀ ਮੁਲਾਜ਼ਮ ਆਪਣੀ ਚੋਣ ਡਿਊਟੀ ਕਟਾਉਣ ਲਈ ਕਈ ਤਰਾਂ ਦੀਆਂ ਸਿਫਾਰਸ਼ਾਂ ਲੱਭਦੇ ਹਨ, ਪਰ ਦੂਜੇ ਪਾਸੇ ਦਿਵਿਆਂਗ ਮੁਲਾਜ਼ਮ ਨੇ ਡਿਊਟੀ ਨਾ ਕੱਟੇ ਜਾਣ ਬਾਅਦ ਅੱਜ ਵੋਟਾਂ ਪਾਉਣ ਲਈ ਚੋਣ ਅਮਲੇ ਨਾਲ ਰਵਾਨਾ ਹੋ ਗਿਆ।

ਜਾਣਕਾਰੀ ਅਨੁਸਾਰ ਗ੍ਰਾਮ ਸੇਵਕ ਮਿੱਤਰਮਾਨ ਸਿੰਘ ਸੰਧੂ ਖੁਦ ਚੱਲਣ ਫਿਰਨ ਤੋ ਸਮਰਥ ਨਹੀਂ ਹੈ। ਉਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਟਾਲਾ ਦਫਤਰ ਦੇ ਅਧੀਨ ਗ੍ਰਾਮ ਸੇਵਕ ਵਜੋਂ ਡਿਊਟੀ ਕਰ ਰਿਹਾ ਹੈ।  ਉਸ ਨੇ ਆਪਣੀ ਚੋਣ ਡਿਊਟੀ ਕੱਟਣ ਲਈ  ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ, ਪਰ ਉਸ ਦੀ ਡਿਊਟੀ ਕੱਟੀ ਨਹੀਂ ਗਈ। ਹੈਰਾਨੀ ਦੀ ਗੱਲ ਹੈ ਕਿ ਉਕਤ ਮੁਲਾਜ਼ਮ ਨੇ ਜਿਲਾ ਪ੍ਰਸ਼ਾਸਨ ਵਲੋਂ ਚੋਣ ਅਮਲੇ ਦੀ ਰਿਹਰਸਲ ਵਿਚ ਵੀ ਆਪਣੀ ਹਾਜ਼ਰੀ ਭਰੀ ਫਿਰ ਵੀ ਅਧਿਕਾਰੀਆਂ ਨੇ ਉਸਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਅੱਜ ਜਦੋਂ ਪੋਲਿੰਗ ਸਟਾਫ ਚੋਣ ਸਮੱਗਰੀ ਲੈ ਕੇ ਪੋਲਿੰਗ ਬੂਥਾਂ ਨੂੰ ਰਵਾਨਾ ਹੋਇਆ ਤਾਂ ਉਹ ਵੀ ਆਪਣੇ ਸਟਾਫ਼ ਨਾਲ ਪੋਲਿੰਗ ਸੈਂਟਰ 167 ਪਿੰਡ ਸਰੂਪਵਾਲੀ ਲਈ ਰਵਾਨਾ ਹੋਇਆ। ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਉਸਨੇ ਡਿਊਟੀ ਨਿਭਾਈ ਸੀ। ਸੰਧੂ ਨੇ ਦੱਸਿਆ ਕਿ ਉਹ ਦੋਵਾਂ ਲੱਤਾਂ ਤੋਂ ਚੱਲਣ ਤੋਂ ਅਸਮਰਥ ਹੈ।  ਵੋਟਾਂ ਦੌਰਾਨ ਡਿਊਟੀ ਕਰਨਾ ਉਸ ਲਈ ਕਾਫੀ ਔਖਾ ਹੈ, ਕਿਉਂਕਿ ਉਸ ਕੋਲੋਂ ਖੁਦ ਚੱਲਿਆ ਨਹੀਂ ਜਾਂਦਾ। ਗਰਮੀ ਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਉਸ ਨੇ ਆਪਣੀ ਡਿਊਟੀ ਮੁਆਫੀ ਲਈ ਬਿਨੇ ਪੱਤਰ ਦਿੱਤਾ ਸੀ ਪਰ ਉਸ ਦੀ ਡਿਊਟੀ ਮੁਆਫ਼ ਨਹੀਂ ਹੋਈ।

ਮਿਤਰਮਾਨ ਸਿੰਘ ਸੰਧੂ ਨੇ ਗਿਲਾ ਕੀਤਾ ਕਿ ਕਈ ਚੰਗੇ ਭਲੇ ਅਸਰ ਰਸੂਖ ਡਿਊਟੀ ਕਟਾ ਗਏ ਹਨ ਪਰ ਉਸਨੂੰ ਡਿਊਟੀ ਤੇ ਹਾਜ਼ਰ ਹੋਣਾ ਪਿਆ ਹੈ। ਭਾਵੇਂ ਉਸਦੀ ਡਿਊਟੀ ਕੱਟੀ ਨਹੀਂ ਗਈ, ਪਰ ਹੁਣ ਉਹ ਡਿਊਟੀ ਦੇਣ ਉਤੇ ਮਾਣ ਮਹਿਸੂਸ ਕਰ ਰਿਹਾ ਹੈ। ਉਸਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਸ ਨੂੰ ਪੋਲਿੰਗ ਬੂਥ ਉਤੇ ਪਹੁੰਚਾਉਣ ਲਈ ਦੋ ਸਹਾਇਕ ਵੀ ਦਿੱਤੇ ਗਏ ਹਨ।

ਕੀ ਕਹਿੰਦੇ ਹਨ ਐੱਸ.ਡੀ.ਐਮ

ਸਹਾਇਕ ਰਿਟਰਨਿੰਗ ਅਧਿਕਾਰੀ ਕਮ SDM ਫਤਿਹਗੜ ਚੂੜੀਆਂ  ਸੁਖਰਾਜ ਸਿੰਘ ਢਿੱਲੋ ਨੇ ਕਿਹਾ ਕਿ ਗ੍ਰਾਮ ਸੇਵਕ ਮਿੱਤਰਮਾਨ ਸਿੰਘ ਸੰਧੂ ਦੇ ਅੰਦਰ ਡਿਊਟੀ ਨੂੰ ਲੈ ਕੇ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਤੇ ਉਹ ਉਸਦੇ ਜਜ਼ਬੇ ਦੀ ਕਦਰ ਕਰਦੇ ਹਨ। ਉਹਨਾਂ ਕਿਹਾਂ  ਡਿਊਟੀ ਦੌਰਾਨ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ।

 

Leave a Reply

Your email address will not be published. Required fields are marked *