ਪੰਜਾਬੀਓ, ਵੇਖਿਓ ਅੱਜ ਪੰਜਾਬ ਨੂੰ ਦੇਸ਼ ਦੀ ਤਰੱਕੀ ਨਾਲ ਜੋੜਨੋ ਨਾ ਖੁੰਝ ਜਾਇਓ
ਜਾਖੜ ਦੀ ਅਪੀਲ; ਪੰਜਾਬ ਚੋਂ ਡਰ ਤੇ ਸਹਿਮ ਦਾ ਮਾਹੌਲ ਖਤਮ ਕਰਨ ਦਾ ਸੁਨਹਿਰੀ ਮੌਕਾ
ਕਿਹਾ; ਆਪ ਤੇ ਕਾਂਗਰਸ ਆਪਣੇ ਆਗੂਆਂ ਨੂੰ ਜੇਲ੍ਹਾਂ ਤੋਂ ਬਚਾਉਣ ਲਈ ਮੰਗ ਰਹੇ ਨੇ ਵੋਟਾਂ
ਚੰਡੀਗੜ੍ਹ, 31 ਮਈ (ਖ਼ਬਰ ਖਾਸ ਬਿਊਰੋ)
ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬੀਆਂ ਨੂੰ ਵੋਟ ਪਾਉਣ ਲਈ ਭਾਵੁਕ ਵੀਡਿਓ ਸੰਦੇਸ਼ ਦਿੱਤਾ ਹੈ। ਉਨਾਂ ਕਿਹਾ ਕਿ ‘ਪੰਜਾਬੀਓ ਪਹਿਲੀ ਜੂਨ ਵਾਲੇ ਦਿਨ ਸੂਬੇ ਚੋਂ ਡਰ ਤੇ ਸਹਿਮ ਦਾ ਮਾਹੌਲ ਖਤਮ ਕਰਨ ਦੇ ਨਾਲ-ਨਾਲ ਪੀਐਮ ਮੋਦੀ ਦੀ ਅਗਵਾਈ ਚ ਦੇਸ਼ ਭਰ ਦੀ ਤਰੱਕੀ ਨਾਲ ਜੁੜਨ ਦਾ ਮੌਕਾ ਨਾ ਖੁੰਝਾਉਣਾ।
ਸੁਣੋ ਜਾਖੜ ਨੇ ਕੀ ਕਿਹਾ-
ਜਾਖੜ ਨੇ ਕਿਹਾ ਕਿ ਸੂਬੇ ਦੇ ਲੋਕ ਸੋਚਣ ਕਿ ਜੇਕਰ ਉਹ ਪੰਜਾਬ ਨੂੰ ਵਿਕਾਸ ਦੀ ਲੀਹ ਉੱਤੇ ਪਿਆ ਵੇਖਣਾ ਚਾਹੁੰਦੇ ਹਨ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਤਾਂ ਭਲਕੇ ਬੀਜੇਪੀ ਦੇ ਉਮੀਦਵਾਰਾਂ ਨੂੰ ਵੋਟ ਕਰਨਾ ਜ਼ਰੂਰੀ ਹੈ।
ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਚ ਦੇਸ਼ ਦਾ ਸਭ ਤੋਂ ਵੱਡਾ ਸੂਬਾ ਯੂਪੀ ਤਰੱਕੀ ਦੀ ਰਾਹ ਉੱਤੇ ਤੁਰਿਆ ਹੈ, ਉੱਥੇ ਮਾਫੀਆ ਰਾਜ ਦਾ ਖ਼ਾਤਮਾ ਹੋਇਆ ਹੈ ਤੇ ਹਾਲਾਤ ਇਹ ਹਨ ਕਿ ਪੰਜਾਬ ਦੀ ਅੱਧੀ ਇੰਡਸਟਰੀ ਯੂਪੀ ਚ ਪਹੁੰਚ ਚੁੱਕੀ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਪੰਜਾਬ ਚ ਅਜਿਹਾ ਕਿਉਂ ਨਹੀਂ ? ਸੂਬੇ ਦੇ ਲੋਕ ਇਹ ਵੀ ਸੋਚਣ ਕਿ ਉਨ੍ਹਾਂ ਨੇ ਜਿਸ ਭਰੋਸੇ ਤਹਿਤ ਬਦਲਾਅ ਦੇ ਤੌਰ ਉਤੇ ਆਮ ਆਦਮੀ ਪਾਰਟੀ ਨੂੰ ਸਮੱਰਥਨ ਦਿੱਤਾ ਸੀ, ਉਸ ਦੇ ਬਦਲੇ ਕੀ ਮਿਲਿਆ ? ਆਪ ਆਗੂਆਂ ਨੇ ਸਿਰਫ ਆਪਣੀਆਂ ਜੇਬਾਂ ਭਰੀਆਂ ਤੇ ਅੱਜ ਸ਼ਰਾਬ ਨੀਤੀ ਘੁਟਾਲੇ ਚ ਫਸੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਚ ਜਾਣੋ ਰੋਕਣ ਲਈ ਵੋਟ ਮੰਗੇ ਜਾ ਰਹੇ ਹਨ।
ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਵੀ ਆਪਣੇ ਆਗੂਆਂ ਨੂੰ ਜੇਲ੍ਹਾਂ ਚ ਜਾਣ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਹਨਾਂ ਕਾਂਗਰਸ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਉਹ ਚੋਣ ਪ੍ਰਚਾਰ ਵੇਲੇ ਚਾਹੇ ਪੰਜਾਬ ਦੀ ਕੋਈ ਵੀ ਸਮੱਸਿਆ ਹੋਵੇ, ਚਾਹੇ ਨਸ਼ੇ ਦਾ ਮੁੱਦਾ ਹੋਵੇ ਜਾਂ ਇੱਜ਼ਤ ਆਬਰੂ ਦੇ ਖ਼ਤਰੇ ਕਾਰਨ ਨੌਕਰੀਆਂ ਮੰਗਣ ਲਈ ਮੰਤਰੀਆਂ ਦੇ ਘਰ ਜਾਣ ਤੋਂ ਝਿਜਕਦੇ ਪੰਜਾਬ ਦੇ ਨੌਜਵਾਨ ਹੋਣ ਤੇ ਚਾਹੇ ਕਿਸਾਨਾਂ ਦੇ ਮੁੱਦੇ ਹੋਣ, ਉਸ ਦੇ ਏਜੰਡੇ ਉੱਤੇ ਕਿਉਂ ਨਹੀਂ ਹਨ ?
ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੂਬੇ ਚ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਜੋ ਸਿਰਫ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਹੀ ਸੰਭਵ ਹੈ, ਕਿਉਂਕਿ ਜੋ ਵੀ ਭਾਜਪਾ ਜਾਂ ਪੀਐਮ ਮੋਦੀ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਹਨ।
ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇਗਾ, ਤਾਂ ਉਸ ਨੂੰ ਖੋਲ੍ਹਿਆ ਗਿਆ, ਜਿਸ ਲਈ ਸੂਬੇ ਦੀ ਸੰਗਤ ਪਿਛਲੇ 70 ਸਾਲ ਤੋਂ ਅਰਦਾਸ ਕਰ ਰਹੀ ਸੀ। ਪੀਐਮ ਮੋਦੀ ਨੇ ਜੇਕਰ ਕਿਹਾ ਕਿ ਸ਼੍ਰੀ ਰਾਮ ਮੰਦਰ ਬਣੇਗਾ, ਤਾਂ ਬਣਿਆ। ਇਸੇ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਦਿੱਲੀ ਦੇ ਤੁਗਲਕਾਬਾਦ ਇਲਾਕੇ ਚ ਸ਼੍ਰੀ ਗੁਰੂ ਰਵਿਦਾਸ ਮੰਦਰ ਬਣੇਗਾ, ਤਾਂ ਬਣ ਕੇ ਰਹੇਗਾ। ਇਸੇ ਤਰ੍ਹਾਂ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਉੱਤੇ ਰੱਖਣ ਦਾ ਕਿਹਾ ਹੈ ਤਾਂ ਰੱਖਿਆ ਜਾਵੇਗਾ।
ਜਾਖੜ ਨੇ ਕਿਹਾ ਜੇ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆ ਕੇ ਕਹਿੰਦੇ ਹਨ ਕਿ ਪੰਜਾਬ ਚੋਂ ਨਸ਼ਾ ਜੜ੍ਹੋਂ ਪੁੱਟਿਆ ਜਾਵੇਗਾ, ਤਾਂ ਜ਼ਰੂਰ ਪੁੱਟਿਆ ਜਾਵੇਗਾ। ਜੇਕਰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੂਬੇ ਚ ਆ ਕੇ ਇਹ ਕਹਿੰਦੀ ਹੈ ਕਿ ਪੰਜਾਬ ਦੇ ਉਦਯੋਗਾਂ ਨੂੰ ਬਚਾਇਆ ਜਾਵੇਗਾ, ਤਾਂ ਜ਼ਰੂਰ ਹੀ ਬਚਾਇਆ ਜਾਵੇਗਾ।
ਇਸੇ ਤਰ੍ਹਾਂ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਮਐਸਪੀ ਉੱਤੇ ਫਸਲਾਂ ਖਰੀਦੀਆਂ ਜਾਣਗੀਆਂ, ਤਾਂ ਫਸਲਾਂ ਦਾ ਇੱਕ-ਇੱਕ ਦਾਣਾ ਖਰੀਦਿਆ ਗਿਆ। ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ, ਤਾਂ 2014 ਚ ਕਿਸਾਨਾਂ ਦੀ ਆਮਦਨ 32 ਹਜ਼ਾਰ ਕਰੋੜ ਰੁਪਏ ਸੀ, ਜੋ 2024 ਚ 70 ਹਜ਼ਾਰ ਕਰੋੜ ਰੁਪਏ ਹੋ ਚੁੱਕੀ ਹੈ। ਇਸੇ ਤਰ੍ਹਾਂ ਜੇਕਰ ਕਿਹਾ ਕਿ ਗਰੀਬਾਂ ਦੇ ਘਰ ਪਖਾਨੇ ਬਣਾਵਾਂਗੇ, ਤਾਂ ਬਣੇ, ਪੱਕੀ ਛੱਤ ਦੇਣ ਦਾ ਵਾਅਦਾ ਕੀਤਾ, ਪੂਰਾ ਹੋਇਆ ਤੇ ਉਜਵਲਾ ਸਕੀਮ ਤਹਿਤ ਘਰੇਲੂ ਰਸੋਈ ਗੈਸ ਕੁਨੈਕਸ਼ਨ ਦੇਣ ਦਾ ਕਿਹਾ ਤਾਂ ਦਿੱਤੇ ਗਏ। ਇਸੇ ਤਰ੍ਹਾਂ ਪੰਜਾਬ ਦੇ ਹਰ ਵਰਗ ਚਾਹੇ ਉਹ ਨੌਜਵਾਨ ਹੋਣ ਜਾਂ ਬਜ਼ੁਰਗ, ਨੂੰ ਆਯੁਸ਼ਮਾਨ ਯੋਜਨਾ ਤਹਿਤ 5 ਲੱਖ ਰੁਪਏ ਤਕ ਦੀ ਸਿਹਤ ਸਹੂਲਤ ਸੁਵਿਧਾ ਪ੍ਰਦਾਨ ਕੀਤੀ ਗਈ।
ਅੰਤ ਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ 13 ਦੇ 13 ਉਮੀਦਵਾਰਾਂ ਨੂੰ ਸਫਲ ਬਣਾਉਣ ਤਾਂ ਕਿ ਪੰਜਾਬ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਹੋ ਰਹੀ ਦੇਸ਼ ਦੀ ਤਰੱਕੀ ਨਾਲ ਜੋੜਿਆ ਜਾ ਸਕੇ।