ਚੰਡੀਗੜ, 30 ਮਈ, (ਖ਼ਬਰ ਖਾਸ ਬਿਊਰੋ)
ਆਖ਼ਰੀ ਗੇੜ ਤਹਿਤ ਇਕ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮੀ ਬੰਦ ਹੋ ਗਿਆ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ, ਇਹਨਾਂ ਵਿਚ 26 ਔਰਤਾਂ ਹਨ। ਉਂਝ ਸਾਰੀਆਂ ਸਿਆਸੀ ਪਾਰਟੀਆਂ ਨੇ ਔਰਤਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਹੱਥ ਘੁੱਟੀ ਰੱਖਿਆ ਹੈ। ਭਾਜਪਾ ਨੇ ਤਿੰਨ ਔਰਤਾਂ ਪਰਮਪਾਲ ਕੌਰ ਸਿੱਧੂ, ਸੁਨੀਤਾ ਸੋਮ ਪ੍ਰਕਾਸ਼ ਤੇ ਪਰਨੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸੀ ਤਰਾਂ ਕਾਂਗਰਸ ਨੇ ਦੋ ਯਾਮਨੀ ਗੋਵਰ ਤੇ ਕਰਮਜੀਤ ਕੌਰ ਸਾਹਕੋ ਅਤੇ ਅਕਾਲੀ ਦਲ ਨੇ ਕੇਵਲ ਇਕ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਉਤੇ ਭਰੋਸਾ ਕੀਤਾ ਹੈ।
57 ਸੀਟਾਂ ‘ਤੇ ਪੈਣਗੀਆਂ ਆਖਰੀ ਗੇੜ ਤਹਿਤ ਵੋਟਾਂ
ਸੱਤਵੇਂ ਗੇੜ ਵਿਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਰਾਜ ਦੀਆਂ 57 ਸੀਟਾਂ ‘ਤੇ ਵੋਟਾਂ ਪੈਣਗੀਆਂ। ਪੰਜਾਬ ਦੀਆਂ 13, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 8, ਓੜੀਸ਼ਾ ਦੀਆਂ 6, ਝਾਰਖੰਡ ਦੀਆਂ 3, ਹਿਮਾਚਲ ਪ੍ਰਦੇਸ਼ ਦੀਆਂ 4, ਪੱਛਮੀ ਬੰਗਾਲ ਦੀਆਂ 9 ਅਤੇ ਚੰਡੀਗੜ੍ਹ ਦੀ ਇਕ ਸੀਟ ਸ਼ਾਮਲ ਹੈ।
ਲੋਕ ਸਭਾ ਦੇ ਸਿਆਸੀ ਅਖਾੜੇ ਵਿਚ ਉਤਰੇ ਉਮੀਦਵਾਰਾਂ ਵਿਚ ਆਪ ਸਰਕਾਰ ਦੇ 5 ਕੈਬਨਿਟ ਮੰਤਰੀ, ਸੱਤ ਵਿਧਾਇਕ, ਦੋ ਸਾਬਕਾ ਕੇਂਦਰੀ ਮੰਤਰੀ, ਸਾਬਕਾ ਸੰਸਦ ਮੈਂਬਰ, ਇਕ ਆਈ.ਏ.ਐੱਸ, ਇਕ ਆਈ.ਐਫ.ਐਸ, ਤਿੰਨ ਡਾਕਟਰ, ਦੋ ਕਲਾਕਾਰ ਸ਼ਾਮਲ ਹਨ। ਪੰਜਾਬ ਦੇ ਲੋਕਾਂ ਨੇ ਕਿਹੜੇ ਉਮੀਦਵਾਰਾਂ ਨੂੰ ਫਤਵਾ ਦਿੱਤਾ ਹੈ, ਇਹ ਚਾਰ ਜੂਨ ਨੂੰ EVM ਮਸ਼ੀਨਾਂ ਖੁੱਲਣ ਤੇ ਪਤਾ ਲੱਗੇਗਾ।
ਇਹਨਾਂ ਦਾ ਵਕਾਰ ਦਾਅ ਉਤੇ
ਭਾਵੇਂ ਕਿ ਚੋਣ ਜਿੱਤਣ ਲਈ ਹਰ ਉਮੀਦਵਾਰ ਨੇ ਟਿੱਲ ਤੱਕ ਦਾ ਜ਼ੋਰ ਲਾਇਆ ਹੋਇਆ ਹੈ, ਪਰ ਸਾਰੀਆਂ ਸਿਆਸੀ ਪਾਰਟੀਆਂ ਦੇ ਕੁੱਝ ਖਾਸ ਤੇ ਵੱਡੇ ਚਿਹਰੇ ਚੋਣ ਮੈਦਾਨ ਵਿਚ ਉਤਰੇ ਹੋਏ ਹਨ, ਜਿਨਾਂ ਦਾ ਸਿਆਸੀ ਵਕਾਰ ਦਾਅ ਉਤੇ ਲੱਗਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਸਿਆਸੀ ਭਵਿੱਖ ਬਚਾਉਣ ਲਈ ਚੋਣ ਮੈਦਾਨ ਵਿਚ ਹਨ। ਜਿਹਨਾਂ ਨੂੰ ਆਪ ਦੇ ਪਵਨ ਟੀਨੂੰ ਜਬਰਦਸਤ ਟੱਕਰ ਦੇ ਰਹੇ ਹਨ। ਲੁਧਿਆਣਾ ਤੋ ਚੋਣ ਲੜ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਗੁਰਦਾਸਪੁਰ ਤੋ ਚੋਣ ਰਣ ਵਿਚ ਜੂਝ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ, ਬਠਿੰਡਾ ਤੋਂ ਬਾਦਲ ਪਰਿਵਾਰ ਦੀ ਨੂੰਹ, ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ, ਪਟਿਆਲਾ ਤੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਸਾਬਕਾ ਮੰਤਰੀ ਪਰਨੀਤ ਕੌਰ, ਸੰਗਰੂਰ ਤੋ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਆਨੰਦਪੁਰ ਸਾਹਿਬ ਤੋ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜੀ, ਭਾਜਪਾ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ, ਅੰਮ੍ਰਿਤਸਰ ਸਾਹਿਬ ਤੋ ਭਾਜਪਾ ਦੇ ਤਰੁਣਜੀਤ ਸਿੰਘ ਤੇ ਆਪ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਸਿਆਸੀ ਭਵਿਖ ਬਚਾਉਣ ਦੀ ਲੜਾਈ ਲੜ ਰਹੇ ਹਨ। ਇਸੀ ਤਰਾਂ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਫਿਲਮੀ ਦੁਨੀਆਂ ਤੋ ਸੰਸਦ ਵਿਚ ਜਾਣ ਦੀ ਲੜਾਈ ਲੜ ਰਿਹਾ ਹੈ। ਸਾਰਿਆਂ ਦੀਆਂ ਨਜ਼ਰਾਂ ਇਹਨਾਂ ਉਤੇ ਟਿਕੀਆ ਹੋਈਆ ਹਨ।
ਇਹ ਵਿਧਾਨ ਸਭਾ ਤੋਂ ਸੰਸਦ ਜਾਣ ਲਈ ਕਾਹਲੇ —
ਮੌਜੂਦਾ ਵਿਧਾਨ ਸਭਾ ਦੇ ਇਕ ਦਰਜ਼ਨ ਦੇ ਕਰੀਬ ਵਿਧਾਇਕ ਚੋਣ ਮੈਦਾਨ ਵਿਚ ਕੁੱਦੇ ਹੋਏ ਹਨ, ਜੋ ਵਿਧਾਨ ਸਭਾ ਤੋ ਬਾਅਦ ਸੰਸਦ ਭਵਨ ਦੀਆਂ ਪੌੜੀਆਂ ਚੜਨ ਦੀ ਲੜਾਈ ਲ਼ੜ ਰਹੇ ਹਨ। ਇਹਨਾਂ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਸੁਖਪਾਲ ਸਿੰਘ ਭੁੱਲਰ, ਡਾ ਬਲਵੀਰ ਸਿੰਘ ਅਤੇ ਗੁਰਮੀਤ ਸਿੰਘ ਖੁਡੀਆ ਹਨ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਅਮਨ ਸ਼ੇਰ ਸੈਰੀ ਕਲਸੀ, ਜਗਦੀਪ ਸਿੰਘ ਕਾਕਾ ਬਰਾੜ, ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾਂ, ਸੁਖਪਾਲ ਸਿੰਘ ਖਹਿਰਾ, ਡਾ ਰਾਜ ਕੁਮਾਰ ਚੱਬੇਵਾਲ (ਆਪ ਵਿਚ ਸ਼ਾਮਲ ਹੋਏ) ਚੋਣ ਲੜ ਰਹੇ ਹਨ।
ਮੋਦੀ ਅੱਜ ਹੁਸ਼ਿਆਰਪੁਰ ਆਉਣਗੇ
ਆਖ਼ਰੀ ਦਿਨ ਹੋਣ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਖ਼ਰੀ ਹੰਭਲਾ ਮਾਰਨਗੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸੀ ਤਰਾਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਆਖ਼ਰੀ ਦਿਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ
ਚੋਣ ਪ੍ਰਚਾਰ ਦੌਰਾਨ ਬੇਸ਼ਕ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਆਗੂ ਚੋਣ ਪ੍ਰਚਾਰ ਕਰਨ ਆਏ, ਪਰ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਨੇ ਵਕਤ ਪਾਈ ਰੱਖਿਆ। ਲਗਭਗ ਸਾਰੇ ਹਲਕਿਆਂ ਵਿਚ ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ। ਸਭਤੋ ਵੱਧ ਕਿਸਾਨਾਂ ਨੇ ਰਾਜ ਗਾਇਕ , ਦਿੱਲੀ ਤੋ ਨਿਰਵਰਤਮਾਨ ਮੈਂਬਰ ਹੰਸ ਰਾਜ ਹੰਸ ਦਾ ਵਿਰੋਧ ਕੀਤਾ। ਹੰਸ ਨੇ ਇਕ ਵਾਰ ਤਾਂ ਇਥੋ ਤੱਕ ਕਹਿ ਦਿੱਤਾ ਸੀ ਕਿ ਮੈਂ ਤਾਂ ਹੁਣ ਮਿੰਨਤ ਰਾਜ ਬਣ ਗਿਆ ਹੈ, ਹੰਸ ਤਾਂ ਤੁਸੀਂ ਰਹਿਣ ਨਹੀਂ ਦਿੱਤਾ। ਕਈ ਵਾਰ ਹੰਸ ਰਾਜ ਹੰਸ ਨੇ ਤਲਖੀ ਵੀ ਦਿਖਾਈ ।