ਪੰਜਾਬ ਦੀ ਸ਼ਾਂਤੀ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿਆਂਗੇ: ਸੁਖਬੀਰ 

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘ ਰਿਹਾਅ ਨਾ ਕਰਨ ਤੇ ਸਿੱਖ ਤਖਤਾਂ ਦਾ ਪ੍ਰਬੰਧ ਆਰ ਐਸ ਐਸ ਹਵਾਲੇ ਕਰਨ ਦੀ ਕੀਤੀ ਨਿਖੇਧੀ
ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਾਲੇ ਦਿਨ 1 ਜੂਨ 1984 ਨੂੰ ਵਾਪਰੇ ਘਟਨਾਕ੍ਰਮ ਨੂੰ ਜ਼ਰੂਰ ਯਾਦ ਕਰਨ
ਖੇਮਕਰਨ/ਜ਼ੀਰਾ, 29 ਮਈ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੁਝ ਤਾਕਤਾਂ ਪੰਥ ਤੇ ਪੰਥਕ ਸੰਗਠਨਾਂ ਨੂੰ ਕਮਜ਼ੋਰ ਕਰ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਅਜਿਹਾ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਮੈਂ ਪੰਜਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ ਜੋ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਵਚਨਬੱਧ ਹੈ ਤੇ ਇਸਨੇ ਹਮੇਸ਼ਾ ਵੰਡ ਪਾਊ ਤਾਕਤਾਂ ਖਿਲਾਫ ਡੱਟ ਕੇ ਲੜਾਈ ਲੜੀ ਹੈ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਪਾਰਟੀ ਦੇ ਉਮੀਦਵਾਰ ਜਥੇਦਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਗੱਲ ਸਮਝਣ ਕਿ ਕੁਝ ਏਜੰਸੀਆਂ ਪੰਜਾਬ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਲਈ ਉਹੀ ਹਾਲਾਤ ਪੈਦਾ ਕਰਨਾ ਚਾਹੁੰਦੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਨ ਜੋ ਆਪਣੇ ਆਪ ਨੂੰ ਪੰਥਕ ਦੱਸ ਰਹੇ ਹਨ ਜਦੋਂ ਕਿ ਉਹ ਪੰਥ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਪ੍ਰੋ. ਵਿਰਸਾ ਸਿੰਘ ਵਲਟੋਹਾ ਦੀ ਹਮਾਇਤ ਕੀਤੀ ਜਾਵੇ ਜੋ ਪੰਥ ਵਾਸਤੇ ਕੰਮ ਕਰਦੇ ਆ ਰਹੇ ਹਨ ਤੇ ਲੋੜੀਂਦੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ। ਉਹਨਾ ਕਿਹਾ ਕਿਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਵੀ ਸੁਰੱਖਿਅਤ ਨਹੀਂ ਰਹੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕੇਂਦਰ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਾਂ ’ਤੇ ਆਰ ਐਸ ਐਸ ਦਾ ਕਬਜ਼ਾ ਕਰਵਾਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ। ਉਹਨਾਂ ਕਿਹਾ ਕਿ ਇਸੇ ਤਰੀਕੇ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਾਸਤੇ ਕੀਤੇ ਵਾਅਦੇ ਤੋਂ ਮੁਕਰ ਗਈ।
ਕਾਂਗਰਸ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸਿੱਖ ਕੌਮ ਕਦੇ ਵੀ ਇਹ ਗੱਲ ਨਹੀਂ ਭੁੱਲ ਸਕਦੀ ਕਿ 1 ਜੂਨ 1984 ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਸੀ। ਉਹਨਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਇਹ ਨਹੀਂ ਭੁੱਲ ਸਕਦੀ ਕਿ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਕਾਂਗਰਸ ਦੀ ਸ਼ਹਿ ’ਤੇ ਮਾਸੂਮ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਪੰਜਾਬੀ ਖਾਸ ਤੌਰ ’ਤੇ ਸਿੱਖ ਅਗਲੇ ਮਹੀਨੇ ਇਸ ਦਿਨ ਵੋਟਾਂ ਪਾਉਣ ਵੇਲੇ ਇਹ ਸਮਾਂ ਭੁੱਲ ਨਹੀਂ ਸਕਣਗੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰ ਤੋਂ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਦੇ ਯਤਨ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਿਚ ਨਾਕਾਮ ਰਹੀ ਹੈ ਤੇ ਉਸਦਾ ਹਰ ਔਰਤ ਪ੍ਰਤੀ 27-27 ਹਜ਼ਾਰ ਰੁਪਏ ਦਾ ਬਕਾਇਆ ਖੜ੍ਹਾ ਹੈ। ਉਹਨਾਂ ਕਿਹਾ ਕਿ ਬਜਾਏ ਔਰਤਾਂ ਨੂੰ ਇਹ ਦੱਸਣ ਦੇ ਕੇ ਸਰਕਾਰ ਇਹ ਰਾਸ਼ੀ ਉਹਨਾਂ ਨੂੰ ਕਿਉਂ ਨਹੀਂ ਦੇ ਸਕੀ, ਹੁਣ ਸਰਕਾਰ 11-11 ਸੌ ਰੁਪਏ ਦੇਣ ਦਾ ਵਾਅਦਾ ਕਰ ਰਹੀ ਹੈ।
ਪਾਰਟੀ ਦੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਇਸ ਦੌਰਾਨ ਕਿਹਾ ਕਿ ਖਡੂਰ ਸਾਹਿਬ ਵਿਚ ਲੜਾਈ ਦਿੱਲੀ ਨਾਲ ਜੁੜੀਆਂ ਤਾਕਤਾਂ ਤੇ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ ਵਾਲੀਆਂ ਤਾਕਤਾਂ ਦੇ ਵਿਚਕਾਰ ਹੈ। ਉਹਨਾਂ ਕਿਹਾ ਕਿ ਦਿੱਲੀ ਦੀਆਂ ਤਾਕਤਾਂ ਬੰਦੀ ਸਿੰਘਾਂ ਨੂੰ ਬੰਦੀ ਹੀ ਬਣਾ ਕੇ ਰੱਖਣਾ ਚਾਹੁੰਦੀਆਂ ਹਨ ਜਦੋਂ ਕਿ ਅਕਾਲੀ ਦਲ ਉਹਨਾਂ ਦੀ ਰਿਹਾਈ ਵਾਸਤੇ ਲੜਾਈ ਲੜ ਰਿਹਾ ਹੈ ਤੇ ਉਹਨਾਂ ਦੇ ਰਿਹਾਅ ਹੋਣ ਤੱਕ ਲੜਾਈ ਲੜਦਾ ਰਹੇਗਾ। ਉਹਨਾਂ ਦੱਸਿਆ ਕਿ ਕਿਵੇਂ ਬੀਬੀ ਪਰਮਜੀਤ ਕੌਰ ਖਾਲੜਾ, ਜਿਹਨਾਂ ਨੇ ਇਸ ਹਲਕੇ ਤੋਂ ਚੋਣਾਂ ਲੜੀਆਂ ਸਨ ਨੂੰ ਦੋ ਲੱਖ ਤੋਂ ਵੱਧ ਵੋਟਾਂ ਪਈਆਂ ਸਨ। ਉਹਨਾਂ ਕਿਹਾ ਕਿ ਮੈਂ ਤੁਹਾਡੇ ਵਿਚ ਹੀ ਰਹਿੰਦਾ ਹਾਂ ਤੇ ਹਮੇਸ਼ਾ ਤੁਹਾਡੇ ਵਾਸਤੇ ਲੜਾਈ ਲੜੀ ਹੈ।
ਇਸ ਦੌਰਾ ਜ਼ੀਰਾ ਵਿਖੇ ਸਾਬਕਾ ਮੰਤਰੀ ਸਰਦਾਰ ਜਨਮੇਜਾ ਸਿੰਘ ਸੇਖੋਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਕਰਾਰਾ ਸਬਕ ਸਿਖਾਇਆ ਜਾਵੇ ਅਤੇ ਕਿਹਾ ਕਿ ਸਮੂਹ ਪੰਜਾਬੀਆਂ ਨਾਲ ਧੋਖਾ ਕਰਨ ਵਾਲੇ ਇਕ ਵੀ ਸੀਟ ਦੇ ਹੱਕਦਾਰ ਨਹੀਂ ਹਨ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

Leave a Reply

Your email address will not be published. Required fields are marked *