ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਵਿਚ ਕੀਤਾ ਸਮਰਥਨ
ਪੰਜਾਬ ਵਿਚ ਸਮਰਥਨ ਨਾ ਦੇਣ ਤੇ ਸਿਖ ਹਲਕੇ ਹੈਰਾਨ
ਚੰਡੀਗੜ੍ਹ 29 ਮਈ ( ਖ਼ਬਰ ਖਾਸ ਬਿਊਰੋ)
ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਚੰਡੀਗੜ੍ਹ ਦੇ ਪ੍ਰਭਾਰੀ ਡਾ. ਸਰਬਜੀਤ ਸਿੰਘ ਨਾਰੰਗਵਾਲ ਵਲੋਂ ਜਾਰੀ ਕਿਤੇ ਗਏ ਇਕ ਪ੍ਰੈਸ ਰਿਲੀਜ਼ ਰਹੀ ਜਾਣਕਾਰੀ ਦਿੱਤੀ ਗਈ ਕੇ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂ ਦੀ ਅਗਵਾਹੀ ਚ ਪਾਰਟੀ ਦੀ ਕੌਮੀ ਕਾਰਜਕਾਰਨੀ ਕੌਂਸਲ ਨੇ ਅਹਿਮ ਫੈਸਲਾ ਲੈਂਦੇ ਹੋਏ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਚ ਪਾਰਟੀ ਵਲੋਂ ਐਨ. ਡੀ. ਏ ਦੇ ਉਮੀਦਵਾਰਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਅਤੇ ਸਹਿਜਧਾਰੀ ਸਿੱਖਾਂ ਨੂੰ ਅਪੀਲ ਕੀਤੀ ਕੇ ਉਹ ਮਾਨਯੋਗ ਮੋਦੀ ਅਤੇ ਅਮਿਤ ਸ਼ਾਹ ਜੀ ਦੇ ਹੱਥ ਮਜ਼ਬੂਤ ਕਰਨ।
ਡਾ. ਰਾਣੂ ਅਨੁਸਾਰ ਸਹਿਜਧਾਰੀ ਸਿੱਖ ਪਾਰਟੀ ਚੋਣ ਕਮਿਸ਼ਨ ਕੋਲ ਰਜਿਸਟਰਡ ਇਕਲੌਤੀ ਪਾਰਟੀ ਹੈ ਜਿਸ ਦੇ ਨਾਂ ‘ਤੇ ਸਿੱਖ ਸ਼ਬਦ ਹੈ, ਬਾਕੀ ਅਕਾਲੀ ਹਨ ਜਿਨ੍ਹਾਂ ਦੀ ਗਿਣਤੀ 14 ਦੇ ਕਰੀਬ ਹੈ ਅਤੇ ਬਹੁਤ ਹੀ ਅਫਸੋਸ਼ ਦੀ ਗੱਲ ਹੈ ਕੇ ਅੱਜ ਇਕ ਵੀ ਸਿੱਖ ਪਾਰਟੀ ਐਨਡੀਏ ਜਾਂ ਆਈ.ਐਨ.ਡੀ. ਏ. ਗੱਠ ਜੋੜ ਵਿਚ ਨਹੀਂ ਹੈ।
ਦੋਵਾਂ ਗਠਜੋੜਾਂ ਵਿੱਚ ਸਿੱਖਾਂ ਨੂੰ ਕੋਈ ਥਾਂ ਨਹੀਂ ਮਿਲੀ ਪਰ ਸਹਿਜਧਾਰੀ ਸਿੱਖ ਮਹਿਸੂਸ ਕਰਦੇ ਹਨ ਕਿ ਜੇਕਰ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਮਾਨਤਾ ਮਿਲੀ ਹੈ ਤਾਂ ਉਹ ਸ੍ਰੀ ਨਰਿੰਦਰ ਮੋਦੀ ਦੀ ਬਦੌਲਤ ਹੈ। ਜੋ ਸਤਿਕਾਰ ਸਿੱਖਾਂ ਨੂੰ ਭਾਜਪਾ ਵਿੱਚ ਮਿਲਦਾ ਹੈ, ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਹੈ, ਜਿਸ ਕਾਰਨ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਵਰਗੇ ਅਨੇਕਾਂ ਸੀਨੀਅਰ ਆਗੂ ਕਾਂਗਰਸ ਛੱਡ ਕੇ ਭਾਜਪਾ ਤੋਂ ਚੋਣ ਲੜ ਰਹੇ ਹਨ।
ਡਾ. ਰਾਣੂ ਨੇ ਨਾਨਕਸਰ ਸੰਪਰਦਾ, ਨਾਮਧਾਰੀ ਸੰਪਰਦਾ, ਬਿਆਸ ਅਤੇ ਸਿਰਸਾ ਰਾਧਾਸੁਆਮੀ ਸੰਪਰਦਾ ਦੇ ਪੈਰੋਕਾਰਾਂ ਅਤੇ ਹਿਮਾਚਲ ਦੇ ਸਮੂਹ ਡੇਰਿਆਂ ਦੀਆਂ ਸੰਗਤਾਂ ਨੂੰ ਆਪਸੀ ਮਤਭੇਦ ਛੱਡ ਕੇ ਮੋਦੀ ਜੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਡਾ. ਰਾਣੂ ਨੇ ਦਸਿਆ ਕਿ ਬਹੁਤ ਹੀ ਅਫਸੋਸ਼ ਦੀ ਗੱਲ ਹੈ ਕੇ ਅਕਾਲੀ ਦਲ ਬਾਦਲ ਦੇ ਮਗਰ ਲੱਗ ਕੇ ਭਾਜਪਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਖ਼ਤਮ ਕਰਵਾਉਣ ਦੇ ਬਿਲ ਪਾਰਲੀਮੈਂਟ ਵਿੱਚ ਸਨ 2016 ਚ ਪਾਸ ਕਰਵਾ ਕੇ ਵੋਟ ਅਧਿਕਾਰ ਰੱਦ ਕਰ ਦਿੱਤਾ ਹੈ, ਜਿਸ ਕਾਰਨ 85 ਫੀਸਦੀ ਸਿੱਖਾਂ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਨੂੰ ਸਹਿਜਧਾਰੀ ਸਿੱਖ ਪਾਰਟੀ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।
ਡਾ. ਰਾਣੂ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਉਨ੍ਹਾਂ ਦੀ ਪਾਰਟੀ ਦੀ ਮਜ਼ਬੂਤ ਪਕੜ ਹੈ, ਜਿੱਥੇ ਸਹਿਜਧਾਰੀ ਸਿੱਖ ਭਾਈਚਾਰੇ ਦੀ ਵੋਟ ਫੈਸਲਾਕੁੰਨ ਸਾਬਤ ਹੋਵੇਗੀ।
ਡਾ. ਰਾਣੂ ਨੇ ਹਰਿਆਣਾ ਦੇ ਸਮੂਹ ਸਹਿਜਧਾਰੀ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਜੇਕਰ ਮੋਦੀ ਜੀ ਮੁਸਲਿਮ ਭਾਈਚਾਰੇ ਦੇ ਤਿੰਨ ਤਲਾਕ ਦਾ ਮਸਲਾ ਹੱਲ ਕਰ ਸਕਦੇ ਹਨ, ਜੰਮੂ-ਕਸ਼ਮੀਰ ਦੀ ਧਾਰਾ 370 ਨੂੰ ਖਤਮ ਕਰ ਸਕਦੇ ਹਨ ਤਾਂ ਉਹ ਸਹਿਜਧਾਰੀ ਸਿੱਖਾਂ ਦਾ ਮਸਲਾ ਕਿਉਂ ਨਹੀਂ ਹੱਲ ਕਰਨਗੇ। ਸਿੱਖਾਂ ਦੇ ਅਸਲ ਮਸਲੇ ਭਾਜਪਾ ਨਾਲ ਜੁੜੇ ਨਕਲੀ ਸਿੱਖਾਂ ਨੇ ਹੱਲ ਨਹੀਂ ਹੋਣ ਦਿੱਤੇ ਜੋ ਆਪਣੇ ਪਰਿਵਾਰਾਂ ਨਾਲ ਜੁੜੇ ਹੋਏ ਹਨ। ਕੋਈ ਆਪਣੇ ਪੁੱਤਰ ਲਈ ਟਿਕਟ ਮੰਗਦਾ ਹੈ, ਕੋਈ ਆਪਣੀ ਨੂੰਹ ਲਈ ਮੰਤਰੀ ਦਾ ਅਹੁਦਾ ਮੰਗਦਾ ਹੈ, ਪਰ ਕਿਸੇ ਨੇ ਵੀ ਪੰਜਾਬ ਦੇ ਕਿਸਾਨਾਂ ਅਤੇ ਬੰਧੀ ਸਿੱਖਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਪੇਸ਼ ਨਹੀਂ ਕੀਤਾ।
ਡਾ. ਰਾਣੂ ਨੇ ਸਪਸ਼ਟ ਕੀਤੀ ਕਿ ਕੇਂਦਰ ਸਰਕਾਰ ਦੀ ਮਰਦਮਸ਼ੁਮਾਰੀ ਰਿਪੋਰਟ ਅਨੁਸਾਰ ਚੰਡੀਗੜ੍ਹ ਅਤੇ ਹਿਮਾਚਲ ‘ਚ ਸਿੱਖਾਂ ਦੀ ਕੁੱਲ ਆਬਾਦੀ 2,80,057 ( ਚੰਡੀਗੜ੍ਹ -1,28,161ਅਤੇ ਹਿਮਾਚਲ -79,896) ਹੈ,ਜਿਸ ‘ਚੋਂ ਸਹਿਜਧਾਰੀ ਸਿੱਖਾਂ ਦੀ ਆਬਾਦੀ 1,85000 ਹੈ l
ਸਾਰੇ ਸਹਿਜਧਾਰੀ ਸਿੱਖ ਮੋਦੀ ਜੀ ਦਾ ਸਾਥ ਦੇਣਗੇ।
ਡਾ. ਰਾਣੂ ਨੇ ਸਹਿਜਧਾਰੀ ਸਿੱਖਾਂ ਨੂੰ ਬੇਨਤੀ ਕੀਤੀ ਕਿ ਮੋਦੀ ਜੀ ਨੇ ਸਿੱਖਾਂ ਲਈ ਜੋ ਕੀਤਾ ਹੈ, ਉਸ ਨੂੰ ਕੋਈ ਨਹੀਂ ਭੁੱਲਿਆ, ਇਸ ਲਈ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਿਜਾਣ ਵਿਚ ਮੋਦੀ ਸਰਕਾਰ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਹਰ ਕੋਈ ਭਾਜਪਾ ਨੂੰ ਵੋਟ ਦੇਵੇਗਾ।