ਚੰਡੀਗੜ 26 ਮਈ ( ਖ਼ਬਰ ਖਾਸ ਬਿਊਰੋ)
ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਅੱਜ ਸਿਟੀ ਬਿਊਟੀਫੁੱਲ ਚੰਡੀਗੜ ਪਾਰਟੀ ਦੇ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ। ਪ੍ਰਿਅੰਕਾਂ ਦੀ ਆਮਦ ਕਾਰਨ ਟਿਕਟ ਨਾ ਮਿਲਣ ਤੋਂ ਖਫ਼ਾ ਚੱਲ ਰਹੇ ਸਾਬਕਾ ਮੰਤਰੀ ਪਵਨ ਕੁਮਾਰ ਬੰਸਲ ਵੀ ਅੱਜ ਪਹਿਲੀ ਵਾਰ ਤਿਵਾੜੀ ਦੀ ਚੋਣ ਪ੍ਰਚਾਰ ਵਿਚ ਪੁੱਜੇ। ਤਿਵਾੜੀ ਤੇ ਬੰਸਲ ਆਪਣੀ ਕੌਮੀ ਨੇਤਾ ਪ੍ਰਿਅੰਕਾਂ ਦੇ ਸੱਜੇ ਤੇ ਖੱਬੇ ਬੈਠੇ ਸਨ। ਦੋਵਾਂ ਨੇ ਹੱਥ ਮਿਲਾਏ ਪਰ ਦਿਲ ਨਾ ਮਿਲੇ। ਬੰਸਲ ਨੇ ਕਾਂਗਰਸ ਦੀ ਉਪਲਬਧੀਆ ਤੇ ਬਤੌਰ ਸੰਸਦ ਕੀਤੇ ਕਾਰਜ਼ਾ ਦਾ ਜ਼ਿਕਰ ਕੀਤਾ। ਉਨਾਂ ਆਪਣੇ ਸੰਬੋਧਨ ਵਿਚ ਤਿਵਾੜੀ ਦਾ ਨਾਮ ਤਾਂ ਲਿਆ ਪਰ ਖੁੱਲੇਆਮ ਮੰਚ ਤੋ ਤਿਵਾੜੀ ਲਈ ਵੋਟਰਾਂ ਨੂੰ ਵੋਟ ਦੇਣ ਦੀ ਅਪੀਲ ਨਹੀਂ ਕੀਤੀ। ਜਿਸਤੋ ਸਪਸ਼ਟ ਹੈ ਕਿ ਬੰਸਲ ਦੇ ਦਿਲ ਵਿਚ ਦਰਦ ਬਰਕਰਾਰ ਹੈ।
ਦੇਸ਼ ਵਿਚ ਵਿਕਾਸ ਕੀਤਾ ਹੁੰਦਾ ਤਾਂ ਹਿੰਦੂ ਮੁਸਲਿਮ ਨਾਅਰਿਆ ਦੀ ਲੋੜ ਨਾ ਪੈਂਦੀ -ਪ੍ਰਿਅੰਕਾਂ
ਪ੍ਰਿਅੰਕਾ ਗਾਂਧੀ ਨੇ ਤਿਵਾੜੀ ਦੇ ਹੱਕ ਵਿਚ ਸੈਕਟਰ 27 ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਧਰਮ ਅਤੇ ਜਾਤੀ ਦੇ ਅਧਾਰਿਤ ਰਾਜਨੀਤੀ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਜਰੂਰਤ ਹੈ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋ ਬਾਹਰ ਦਾ ਰਸਤਾ ਦਿਖਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਚੰਡੀਗੜ ਸ਼ਹਿਰ ਦਾ ਸੁਪਨਾ ਜਵਾਹਰ ਲਾਲ ਨਹਿਰੂ ਨੇ ਲਿਆ ਸੀ। ਗਾਂਧਾ ਨੇ ਕਿਹਾ ਕਿ ਪਿਛਲੇ ਦਸ ਸਾਲਾਂ ‘ਚ ਚੰਡੀਗੜ ਦਾ ਕੋਈ ਵਿਕਾਸ ਨਹੀਂ ਹੋਇਆ ਹੈ।ਉਨ੍ਹਾਂ ਕਿਹਾ ਕਿ ਜਦੋਂ ਬੱਚਿਆਂ ਦੀ ਆਦਤ ਵਿਗੜ ਜਾਂਦੀ ਹੈ ਤਾਂ ਉਨ੍ਹਾਂ ਨੂੰ ਸੁਧਾਰਿਆ ਜਾਂਦਾ ਹੈ, ਠੀਕ ਇਸ ਤਰਾਂ ਸਮਾਜ ਵਿਚ ਵੰਡੀਆਂ ਪਾਉਣ ਵਾਲਿਆਂ ਨੂੰ ਸੁਧਾਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਖਤਮ ਕਰਨ ਵਾਲਿਆਂ ਨੂੰ ਵੋਟ ਨਾਲ ਜਵਾਬ ਦੇਣਾ ਚਾਹੀਦਾ ਹੈ।
ਸ੍ਰੀਮਤੀ ਗਾਂਧੀ ਨੇ ਕਿਹਾ ਕਿ ਪਿਛਲੇ 15ਸਾਲ ਤੋ਼ ਕਾਂਗਰਸ ਨੂੰ ਧਰਮ ਵਿਰੋਧੀ ਅਤੇ ਹਿੰਦੂ ਵਿਰੋਧੀ ਕਿਹਾ ਜਾ ਰਿਹਾ ਹੈ। ਜਦੋਂਕਿ ਕਾਂਗਰਸ ਦੇ ਸਭ ਤੋਂ ਵੱਡੇ ਨੇਤਾ ਮਹਾਤਮਾ ਗਾਂਧੀ ਨੇ ਭਗਵਤ ਗੀਤਾ ਨਾਲ ਸੱਚ ਅਤੇ ਅਹਿੰਸਾ ਦੀ ਸਿੱਖਿਆ ਲੈ ਕੇ ਆਜ਼ਾਦੀ ਦਾ ਅੰਦੋਲਨ ਚਲਾਇਆ। ਜਦੋਂ ਉਨ੍ਹਾਂ ਦੀ ਹੱਤਿਆ ਕੀਤੀ ਤਾਂ ਉਨ੍ਹਾਂ ਦੇ ਮੂੰਹੋਂ ‘ਹੇ ਰਾਮ’ ਸ਼ਬਦ ਨਿਕਲੇ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਹੁਣ ਤੱਕ ਸਾਰੇ ਪ੍ਰਧਾਨ ਮੰਤਰੀਆਂ ਨੇ ਦੇਸ਼ ਅਤੇ ਆਪਣੇ ਅਹੁੱਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ ਹੈ ਪਰ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੇ ਅਹੁੱਦੇ ਦੀ ਮਰਿਆਦਾ ਨੂੰ ਢਾਹ ਲਾਈ ਹੈ। ਗਾਂਧੀ ਨੇ ਕਿਹਾ ਕਿ ਜਦੋਂ ਸਰਕਾਰ ਆਵੇਗੀ ਤਾਂ ਕਿਸਾਨਾਂ ਨੂੰ ਮਿਲਣ ਵਾਲੇ ਖੇਤੀ ਸਾਮਾਨ ਤੋਂ ਜੀਐੱਸਟੀ ਹਟਾਈ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਬਾਅਦ ਚਾਹੇ ਯੋਗੀ ਆਉਣ ਜਾਂ ਮੋਦੀ ਆਉਣ, ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣਾ ਪਵੇਗਾ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਫੂਡ ਸਕਿਓਰਿਟੀ ਐਕਟ ਲਿਆਂਦਾ ਸੀ, ਪਰ ਬਾਅਦ ਵੀ ਸੱਤਾ ਵਿਚ ਆਈ ਨਰਿੰਦਰ ਮੋਦੀ ਸਰਕਾਰ ਨੂੰ ਫੂਡ ਸਿਕਓਰਟੀ ਐਕਟ ਤਹਿਤ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇਣਾ ਪਿਆ। ਉਨਾਂ ਕਿਹਾ ਕਿ ਜੇਕਰ ਦਸ ਸਾਲ ਦੇਸ਼ ਦਾ ਵਿਕਾਸ ਕੀਤਾ ਹੁੰਦਾ ਤਾਂ ਅੱਜ ਵੋਟ ਮੰਗਣ ਲਈ ਹਿੰਦੂ-ਮੁਸਲਮਾਨ ਦਾ ਨਾਅਰਾ ਨਾ ਦੇਣਾ ਪੈਂਦਾ। ਵਿਕਾਸ ਅਤੇ ਕੀਤੇ ਕਾਰਜ਼ਾਂ ਦੀ ਲਿਸਟ ਗਿਣਾਉਣ ਦੀ ਬਜਾਏ ਅੱਜ ਕਾਂਗਰਸ ਨੂੰ ਝੂਠਾ ਬਦਨਾਮ ਕਰਕੇ ਵੋਟਾਂ ਮੰਗ ਰਹੇ ਹਨ. ਪਰ ਦੇਸ਼ ਦੀ ਫਿਜ਼ਾ ਬਦਲ ਚੁੱਕੀ ਹੈ। ਚਾਰ ਜੂਨ ਨੂੰ ਦੇਸ਼ ਵਿਚ ਨਵੀਂ ਸੋਚ ਦੀ ਨੀਂਹ ਰੱਖੀ ਜਾਵੇਗੀ।