ਢੁੱਡੀਕੇ ਦੇ ਘਰ IB ਦਾ ਛਾਪਾ, ਕਈ ਕਿਸਾਨ ਨੇਤਾ ਘਰਾਂ ਚ ਨਜ਼ਰਬੰਦ

*ਆਈ ਬੀ ਦੀ ਛਾਪੇਮਾਰੀ ਫੈਡਰਲ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ*
*ਭਾਜਪਾ ਆਗੂਆਂ ਦੀ ਪੰਜਾਬ ਫੇਰੀ ਮੌਕੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨੂੰ ਲੈਕੇ ਪੰਜਾਬ ਸਰਕਾਰ ਚੁੱਪ ਕਿਉਂ?
ਚੰਡੀਗੜ, 26 ਮਈ,(ਖ਼ਬਰ ਖਾਸ ਬਿਊਰੋ)
ਜਿਉਂ ਜਿਉਂ ਵੋਟਾਂ ਦੀ ਤਾਰੀਖ ਨੇੜੇ ਆ ਰਹੀ ਹੈ, ਤਿਉਂ ਤਿਉਂ ਕੌਮੀ ਆਗੂਆਂ ਦੀ ਪੰਜਾਬ ਨੂੰ ਆਮਦ ਵੱਧ ਰਹੀ ਹੈ। ਪ੍ਰਧਾਨ ਮੰਤਰੀ ਦੋ ਦਿਨਾਂ ਪੰਜਾਬ ਦੌਰੇ ਉਤੇ ਆਏ ਤਾਂ ਕਿਸਾਨਾਂ ਨੇ ਪਟਿਆਲਾ, ਗੁਰਦਾਸਪੁਰ ਤੇ ਜਲੰਧਰ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਗਰਾਉਂਡ ਤੱਕ ਪੁੱਜਣ ਦਾ ਅਸਫ਼ਲ ਯਤਨ ਕੀਤਾ। ਉਧਰ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਜਿਥੇ ਪੁਲਿਸ ਨੇ ਦਰਜ਼ਨਾਂ ਕਿਸਾਨ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਹੈ, ਉਥੇ  ਤੜਕਸਾਰ ਇੰਟੈਲੀਜੈਂਸ ਬਿਊਰੋ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੂੰ ਗ੍ਰਿਫਤਾਰ ਕਰਨ ਲਈ ਛਾਪਾ ਮਾਰਿਆ।
ਕਿਸਾਨ ਆਗੂਆ ਦਾ ਕਹਿਣਾ ਹੈ ਕਿ ਆਈ.ਬੀ ਦੀ ਟੀਮ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਜਾਂ ਮੁਲਾਜ਼ਮ ਨਹੀਂ ਸਨ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ, ਜਗਮੋਹਨ ਸਿੰਘ ਪਟਿਆਲਾ ਨੇ ਢੁੱਡੀਕੇ ਦੇ ਘਰ ਛਾਪੇਮਾਰੀ ਕਰਨ ਅਤੇ ਕਿਸਾਨ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰਨ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਆਈ ਬੀ ਦੀ ਟੀਮ ਨੇ ਨਿਰਭੈ ਸਿੰਘ ਢੁੱਡੀਕੇ ਦੇ ਘਰ ਲੱਗੇ ਸੀਸੀਟੀਵੀ ਕੈਮਰੇ, ਉਨ੍ਹਾਂ ਦਾ ਮੋਬਾਇਲ ਫੋਨ ਖੰਗਾਲਣ ਦੇ ਨਾਲ ਨਾਲ ਪਰਿਵਾਰਕ ਮੈਂਬਰਾਂ ਨੂੰ ਖੱਜਲਖੁਆਰ ਕੀਤਾ।
ਪਤਾ ਲੱਗਿਆ ਹੈ ਕਿ ਜਦੋਂ ਆਈ.ਬੀ ਦੀ ਟੀਮ ਨੇ ਛਾਪਾਮਾਰੀ ਕੀਤੀ ਉਦੋਂ  ਢੁੱਡੀਕੇ ਘਰ ਨਹੀਂ ਸਨ। ਉਹ ਭਾਜਪਾ ਆਗੂਆਂ ਦੀ ਆਮਦ ਮੌਕੇ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਜਾ ਰਹੇ ਸ਼ਾਂਤਮਈ ਵਿਰੋਧ ਕਰ ਰਹੇ ਹਨ।
ਢੁੱਡੀਕੇ ਦੇ ਬੇਟੇ ਨੇ ਕਿਹਾ —
ਕਾਮਰੇਡ ਨਿਰਭੈ ਸਿੰਘ ਦੇ ਪੁੱਤਰ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਤੜਕੇ  ਆਈਬੀ ਦੀ ਟੀਮ ਸਥਾਨਕ  ਪੁਲਿਸ ਦੀ ਮਦਦ ਨਾਲ ਘਰ ਪੁੱਜੀ। ਟੀਮ ਨੇ ਪਰਿਵਾਰਕ ਮੈਂਬਰਾਂ ਤੋ ਢੁੱਡੀਕੇ ਬਾਰੇ ਪੁੱਛਗਿੱਛ ਕੀਤੀ ਅਤੇ ਕਮਰਿਆਂ ਨੂੰ  ਚੈੱਕ ਕਰਨ ਲੱਗ ਪਈ। ਉਨਾਂ ਦੱਸਿਆ ਕਿ  ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਵਿਰੋਧ ਕਾਰਨ ਨਿਰਭੈ ਸਿੰਘ ਢੁੱਡੀਕੇ ਘਰ ਨਹੀ ਸਨ। ਉਪਰੰਤ ਢਾਈ ਘੰਟਿਆਂ ਦੀ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਘਰ ਲੱਗੇ ਸੀਸੀਟੀਵੀ ਕੈਮਰੇ, ਮੋਬਾਈਲ ਫੋਨ ਖੰਗਾਲਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ।
ਛਾਪੇਮਾਰੀ ਸੰਘੀ ਢਾਂਚੇ ਤੇ ਲੋਕਤੰਤਰ ਦੇ ਅਧਿਕਾਰ ਦੀ  ਉਲੰਘਣਾ-ਰਾਮਿੰਦਰ ਸਿੰਘ 
   ‌‌ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਵੱਡੇ ਆਗੂਆਂ ਦੇ ਪੰਜਾਬ ਦੌਰਿਆਂ ਦਾ ਕਾਲੇ ਝੰਡਿਆਂ ਨਾਲ ਸ਼ਾਂਤਮਈ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਲੁਧਿਆਣਾ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਮੌਕੇ ਆਈ ਬੀ ਦੀ ਟੀਮ ਵੱਲੋਂ ਕਿਸਾਨ ਆਗੂ ਦੇ ਘਰ ਮਾਰੇ ਛਾਪੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਦੀ ਤਾਨਾਸ਼ਾਹ ਅਤੇ ਭੱਗਵੀ ਵਿਚਾਰਧਾਰਾ ਨੂੰ ਪ੍ਰਣਾਏ ਵੱਡੇ ਆਗੂਆਂ ਨੂੰ ਕਿਸਾਨਾਂ ਮਜ਼ਦੂਰਾਂ ਵਲੋਂ ਉਠਾਈ ਜਾ ਰਹੀ ਹੱਕੀ ਆਵਾਜ਼ ਬਿਲਕੁਲ ਬਰਦਾਸ਼ਤ ਨਹੀ। ਉਹ ਇਸ ਨੂੰ ਕਿਸੇ ਵੀ ਕੀਮਤ ਤੇ ਦਰੜ ਦੇਣ ਦੇ ਇਰਾਦੇ ਬਣਾਈ ਬੈਠੇ ਹਨ। ਇਨ੍ਹਾਂ ਇਰਾਦਿਆਂ ਦੌਰਾਨ ਸੰਵਿਧਾਨਕ ਫੈਡਰਲ ਅਧਿਕਾਰਾਂ ਨੂੰ ਵੀ ਪੈਰਾਂ ਹੇਠ ਮਿੱਧਿਆ ਜਾ ਰਿਹਾ।
ਪੰਜਾਬ ਸਰਕਾਰ ਨੇ ਕੇਂਦਰ ਅੱਗੇ ਟੋਕੇ ਗੋਡੇ-ਕਿਸਾਨ ਆਗੂ
ਕਿਸਾਨ ਆਗੂ ਰਾਮਿੰਦਰ ਸਿੰਘ ਨੇ ਕਿਹਾ ਕਿ ਅਮਨ ਅਤੇ ਕਾਨੂੰਨ ਦਾ ਮਾਮਲਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਹੈ ਪਰ ਕੇਂਦਰੀ ਏਜੰਸੀਆਂ ਦੀ ਪੰਜਾਬ ਵਿੱਚ ਸ਼ਰੇਆਮ ਹੋ ਰਹੀ ਦੁਰਵਰਤੋਂ ਦੇ ਮਾਮਲੇ ਤੇ ਪੰਜਾਬ ਸਰਕਾਰ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਸਾਹਮਣੇ ਗੋਡੇ ਟੇਕ ਦਿੱਤੇ ਗਏ ਹਨ। ਇਸੇ ਕਾਰਨ ਪੰਜਾਬ ਸਰਕਾਰ ਵੀ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਫੜੋਫੜੀ ਲਈ ਪੱਬਾਂ ਭਾਰ ਹੋਈ ਪਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਸੰਯੁਕਤ ਮੋਰਚੇ ਦੀਆ ਅਤੇ ਹਰ ਜਮਹੂਰੀਅਤ ਪਸੰਦ ਵਿਅਕਤੀਆਂ ਅਤੇ ਜਥੇਬੰਦੀਆਂ ਨੂੰ ਮੋਦੀ ਦੀ ਬੀ ਜੇ ਪੀ  ਤਾਨਾਸ਼ਾਹੀ ਕਾਰਾ ਜੋ ਸੂਬੇ ਦੇ ਅਧਿਕਾਰਾ ਵਿਚ ਵੀ ਸਿ੍ਧੀ ਦਖਲ ਅੰਦਾਜੀ ਹੈ ਦਾ ਡੱਟ ਕੇ ਵਿਰੋਧ ਕਰਦੇ ਹਾਂ।
ਇਹਨਾਂ ਨੂੰ ਕੀਤਾ ਘਰਾਂ ਵਿਚ ਨਜ਼ਰਬੰਦ
–ਅਵਤਾਰ ਸਿੰਘ ਸਰਪ੍ਰਸਤ ਪੰਜਾਬ ਲੱਖੋਵਾਲ ਨੂੰ ਅੱਜ ਘਰ ਵਿੱਚ ਨਜ਼ਰਬੰਦ ਕੀਤਾ ਗਿਆ।
–ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਰਾਣਾ ਹਰਜਿੰਦਰ ਸਿੰਘ ਨੂੰ ਘਰ ਵਿੱਚ ਨਜ਼ਰਬੰਦ ਕੀਤਾ।
ਉਗਰਾਹਾਂ ਧੜੇ ਨੇ ਵੀ ਕੀਤੀ ਨਿਖੇਧੀ-
ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ ) ਨੇ  ਕਿਸਾਨ ਆਗੂ ਨਿਰਭੈ ਸਿੰਘ ਢੂੱਡੀਕੇ ਦੇ ਘਰ ਛਾਪਾ ਮਾਰਨ ਦੀ ਨਿੰਦਾ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੈਠੂਕੇ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਨਾਲ ਕਿਸਾਨ ਸੰਘਰਸ਼ ਕੁਚਲਣ ਦਾ ਭਰਮ ਪਾਲ ਰਹੀ ਹੈ। ਉਨਾਂ ਅਜਿਹੇ ਹਥਕੰਡੇ ਵਰਤਣੇ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

Leave a Reply

Your email address will not be published. Required fields are marked *