ਚੰਡੀਗੜ, 25 ਮਈ, (ਖ਼ਬਰ ਖਾਸ ਬਿਊਰੋ)
ਅਕਾਲੀ ਦਲ ਵਿਚ ਮਾਝੇ ਦਾ ਜਰਨੈਲ ਬਣਨ ਦੀ ਲੜਾਈ ਨੇ ਅੱਜ ਨਵਾਂ ਮੋੜ ਲੈ ਲਿਆ ਹੈ। ਅਕਾਲੀ ਦਲ ਨੇ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਦੇ ਹਵਾਲੇ ਨਾਲ ਜਾਰੀ ਪ੍ਰੈ੍ਸ ਬਿਆਨ ਅਨੁਸਾਰ ਪਾਰਟੀ ਵਿਰੋਧੀ ਕਾਰਵਾਈ ਕਰਨ ਅਤੇ ਖਡੂਰ ਸਾਹਿਬ ਤੋ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਦੇ ਆਧਾਰ ਤੇ ਇਹ ਫੈਸਲਾ ਕੀਤਾ ਗਿਆ ਹੈ ।ਹਾਲਾਂਕਿ ਪਾਰਟੀ ਵਲੋਂ ਹੁਣ ਤੱਕ ਜਾਰੀ ਕੀਤੇ ਜਾਂਦੇ ਪ੍ਰੈ੍ਸ ਬਿਆਨ ਵਿਚ ਹੁਣ ਤੱਕ ਪਾਰਟੀ ਪ੍ਰਧਾਨ ਦੇ ਹੁਕਮ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਕੈਰੋ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ਼ ਕਰਨ ਬਾਰੇ ਬਿਆਨ ਵਿਚ ਭਾਵੇਂ ਬਲਵਿੰਦਰ ਸਿੰਘ ਭੂੰਦੜ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ।
ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਫੇਸਬੁੱਕ ਪੇਜ਼ ਤੇ ਪੋਸਟ ਸ਼ੇਅਰ ਕਰਦਿਆ ਕਿਹਾ ਕਿ ਸਰਦਾਰਾ ਅੱਜ ਦਿਲ ਜਿੱਤ ਲਿਆ ਈ।ਮੇਰੀ ਜਾਨ ਵੀ ਹਾਜ਼ਰ ਹੈ ਤੇਰੇ ਲਈ। ਤੇਰੇ ਇਸ ਵੱਡੇ ਫੈਸਲੇ ਕਰਕੇ ਮੈਂ ਅੱਜ ਹੀ ਚੋਣ ਜਿੱਤ ਗਿਆ ਹਾਂ। ਧੰਨਵਾਦ ਪ੍ਰਧਾਨ ਜੀ। ਵਰਨਣਯੋਗ ਹੈ ਕਿ ਵਲਟੋਹਾ ਤੇ ਕੈਰੋ ਵਿਚਕਾਰ ਛੱਤੀ ਦਾ ਅੰਕੜਾ ਚੱਲ ਰਿਹਾ ਹੈ।
ਸਿਆਸੀ ਹਲਕਿਆਂ ਵਿਚ ਇਹ ਅਟਕਲਾਂ ਹਨ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਸੁਖਬੀਰ ਬਾਦਲ (ਜੀਜਾ-ਸਾਲਾ) ਵਿਚ ਸਾਂਝ ਬਹੁਤੀ ਗੂੜੀ ਨਹੀਂ ਹੈ। ਦੋਵਾਂ ਵਿਚ ਸਿਆਸੀ ਤੇ ਪਰਿਵਾਰਕ ਕੁੜਤਣ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਨੇ ਸਿਆਸੀ ਸਾਂਝ ਵਧੇਰੇ ਹੈ। ਮਜੀਠੀਆ ਦਾ ਮਾਝੇ ਵਿਚ ਚੰਗਾ ਆਧਾਰ ਹੈ। ਵਿਰਸਾ ਸਿੰਘ ਵਲਟੋਹਾ ਵੀ ਬਿਕਰਮ ਸਿੰਘ ਮਜੀਠੀਆ ਦੇ ਕਾਫ਼ੀ ਨੇੜੇ ਮੰਨਿਆ ਜਾਂਦਾ ਹੈ। ਚਰਚਾ ਹੈ ਕਿ ਖ਼ਡੂਰ ਸਾਹਿਬ ਤੋ ਬਿਕਰਮ ਸਿੰਘ ਮਜੀਠੀਆ ਖੁਦ ਚੋਣ ਲੜਨ ਦੇ ਇਛੁ੍ਕ ਸਨ ਪਰ ਅੰਤ ਉਨਾਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਵਿਚ ਉਤਾਰਿਆ। ਹੁਣ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਦੇ ਇਸ ਫੈਸਲੇ ਨਾਲ ਅਕਾਲੀ ਦਲ ਦਾ ਕੀ ਨਫ਼ਾ ਨੁਕਸਾਨ ਹੋਵੇਗਾ ਇਹ ਬਾਅਦ ਦੀ ਗੱਲ ਹੈ , ਪਰ ਇਸ ਫੈਸਲੇ ਨਾਲ ਪਰਿਵਾਰਕ ਕੁੜਤਣ ਤੇ ਕਲੇਸ਼ ਜੱਗ ਜਾਹਿਰ ਹੋ ਗਿਆ ਹੈ। ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਅਕਾਲੀ ਦਲ ਵਿਚ ਮਾਝੇ ਦਾ ਜਰਨੈਲ ਬਿਕਰਮ ਸਿੰਘ ਮਜੀਠੀਆ ਹੀ ਹੈ। ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿਚੋ ਬਾਹਰ ਦਾ ਰਸਤਾ ਦਿਖਾਕੇ ਇਹ ਸੰਕੇਤ ਦਿੱਤਾ ਹੈ ਕਿ ਪਾਰਟੀ ਤੋਂ ਉਪਰ ਕੋਈ ਨਹੀਂ ਹੈ।
ਕੈਰੋ ਚਾਰ ਵਾਰ ਵਿਧਾਇਕ ਬਣੇ —
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਤੇ ਸਾਬਕਾ ਮੁ੍ੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੇ ਪੋਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਲਗਾਤਾਰ ਚਾਰ ਵਾਰ ਵਿਧਾਇਕ ਬਣੇ ਹਨ। ਉਹ ਬਾਦਲ ਸਰਕਾਰ ਵਿਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸਮੇਤ ਕਈ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਰਹੇ ਹਨ। ਉਹ ਸਾਲ 1997, 2002, 2007 ਅਤੇ 2012 ਦੀਆ ਵਿਧਾਨ ਸਭਾ ਚੋਣਾਂ ਵਿਚ ਜਿਤ ਕੇ ਪੰਜਾਬ ਵਿਧਾਨ ਸਭਾ ਵਿਚ ਪੁੱਜੇ ਸਨ। 1997 ਵਿਚ ਉਹ ਕਰ ਤੇ ਆਬਕਾਰੀ ਵਿਭਾਗ ਦੇ ਮੰਤਰੀ ਬਣੇ ਸਨ। ਸਾਲ 2017 ਦੀਆਂ ਚੋਣਾਂ ਵਿਚ ਕਿਸੇ ਸਮੇਂ ਗਰਮ ਖਿਆਲੀ ਨੇਤਾ ਰਹੇ ਕਾੰਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਤੋ ਚੋਣ ਹਾਰ ਗਏ ਸਨ ਅਤੇ 2022 ਦੀਆਂ ਚੋਣਾਂ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨੇਰੀ ਚ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿਚ ਚ੍ੱਲੇ ਝਾੜੂ ਨੇ ਸਭ ਸਾਫ਼ ਕਰ ਦਿੱਤੇ ਸਨ।
ਲੋਕ ਸਭਾ ਚੋਣਾਂ ਦਾ ਐਲਾਨ ਹੋਣ ਬਾਦ ਉਹ ਪੱਟੀ ਹਲਕੇ ਵਿਚ ਬਹੁਤੇ ਸਰਗਰਮ ਨਹੀਂ ਸਨ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਉਹਨਾਂ ਦੀ ਨਾ ਸਰਗਰਮੀ ਕਾਰਨ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਲਿਆ ਹੈ। ਕੈਰੋ ਦੇ ਫੈਸਲੇ ਨਾਲ ਗੂਡ਼ੇ ਤੇ ਨੇੜਲੇ ਪਰਿਵਾਰਕ ਰਿਸ਼ਤਿਆਂ ਉਤੇ ਸਿਆਸਤ ਭਾਰੂ ਪੈ ਗਈ ਹੈ।