ਚੰਡੀਗੜ੍ਹ 13 ਜੂਨ (ਖ਼ਬਰ ਖਾਸ ਬਿਊਰੋ)
ਅੱਜ ਇੱਥੇ ਦਲਿਤ ਵਰਗ ਦੇ ਨੁਮਾਇੰਦਿਆਂ ਜਿਨਾਂ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਤੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਹਾਸ਼ੀਆ ਲੋਕ ਦਲ ਦੇ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਖੁੰਡਾ, ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਤੇ ਇਤਿਹਾਸਕਾਰ ਨਿਰੰਜਨ ਸਿੰਘ ਆਰਫੀ ਸ਼ਾਮਿਲ ਸਨ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਿੱਖਾਂ ਦੀਆਂ ਸੀਟਾਂ ਵਧਾਈਆਂ ਜਾਣ।
ਉਹਨਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਐਸ.ਜੀ.ਪੀ.ਸੀ ਦੇ ਕੁੱਲ 191 ਮੈਂਬਰਾਂ ਵਿੱਚੋਂ 170 ਚੋਣ ਰਾਹੀਂ ਚੁਣੇ ਜਾਂਦੇ ਪਰ ਇਹਨਾਂ ਵਿੱਚੋਂ ਸਿਰਫ 20 ਸੀਟਾਂ ਹੀ ਐਸ.ਸੀ ਸਿੱਖਾਂ ਲਈ ਰਾਖਵੀਆਂ ਹਨ। ਪੰਜਾਬ ਵਿੱਚ ਐਸ.ਸੀ ਆਬਾਦੀ ਲਗਭਗ 34 ਪ੍ਰਤੀਸ਼ਤ ਹੈ, ਜਿਸ ਵਿੱਚੋਂ 60 ਪ੍ਰਤੀਸ਼ਤ ਤੋਂ ਵੱਧ ਸਿੱਖ ਧਰਮ ਨਾਲ ਸੰਬੰਧਿਤ ਹਨ। ਲਗਭਗ 52 ਲੱਖ ਤੋਂ ਵੱਧ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਗੁਰਦੁਆਰਾ ਪ੍ਰਬੰਧ ਵਿੱਚ ਉਹਨਾਂ ਦੇ ਮੈਂਬਰਾਂ ਦੀ ਨੁਮਾਇੰਦਗੀ ਬਹੁਤ ਘੱਟ ਹੈ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਐੱਸ.ਸੀ. ਮੈਂਬਰਾਂ ਦੀ ਚੋਣ ਵੱਖਰੇ ਹਲਕਿਆਂ ਤੋਂ ਨਹੀਂ ਹੁੰਦੀ, ਸਗੋਂ ਸਾਂਝੇ (ਜਨਰਲ + ਰਿਜ਼ਰਵ )ਹਲਕਿਆਂ ਤੋਂ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੇ ਸਮਾਜ ਦੀ ਅਵਾਜ਼ ਪੂਰੀ ਤਰ੍ਹਾਂ ਸੁਣੀ ਨਹੀਂ ਜਾਂਦੀ। ਐਕਟ ਵਿੱਚ ਔਰਤਾਂ ਲਈ 30 ਸੀਟਾਂ ਰਾਖਵੀਆਂ ਹਨ, ਪਰ ਐੱਸ.ਸੀ. ਵਰਗ ਦੀਆਂ ਔਰਤਾਂ ਲਈ ਵੱਖਰੇ ਤੌਰ ‘ਤੇ ਕੋਈ ਰਾਖਵਾਂਕਰਨ ਨਹੀਂ ਹੈ। ਇਸ ਤੋਂ ਇਲਾਵਾ, ਪ੍ਰਬੰਧਕੀ ਅਤੇ ਫੈਸਲੇ ਲੈਣ ਵਾਲੇ ਵੱਡੇ ਅਹੁਦਿਆਂ ‘ਤੇ ਜ਼ਿਆਦਾਤਰ ਜਨਰਲ ਵਰਗ ਦੇ ਲੋਕ ਹੀ ਹੁੰਦੇ ਹਨ ਅਤੇ ਐੱਸ.ਸੀ. ਵਰਗ ਨੂੰ ਸਿਰਫ਼ ਜੂਨੀਅਰ ਮੀਤ ਪ੍ਰਧਾਨ ਜਾਂ 1-2 ਐਗਜ਼ੀਕਿਊਟਿਵ ਮੈਂਬਰਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ।
ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਸਟਿਸ ਨਿਰਮਲ ਸਿੰਘ, ਡਾ ਕਸ਼ਮੀਰ ਸਿੰਘ ਖੁੰਡਾ ਅਤੇ ਸਾਥੀਆਂ ਨੇ ਦੇਸ਼ ਦੇ ਗ੍ਰਿਹ ਮੰਤਰੀ ਨੂੰ ਪੱਤਰ ਲਿਖ ਕੇ ਮੁੱਖ ਮੰਗਾਂ ਵਲ ਧਿਆਨ ਦਿਵਾਉਂਦਿਆਂ ਕਿਹਾ ਕਿ ਐੱਸ.ਜੀ.ਪੀ.ਸੀ. ਵਿੱਚ ਐੱਸ.ਸੀ. ਸਿੱਖਾਂ ਦੀਆਂ ਰਾਖਵੀਆਂ ਸੀਟਾਂ ਉਨ੍ਹਾਂ ਦੀ ਮੌਜੂਦਾ ਆਬਾਦੀ ਦੇ ਹਿਸਾਬ ਨਾਲ ਵਧਾਈਆਂ ਜਾਣ। ਐੱਸ.ਸੀ. ਉਮੀਦਵਾਰਾਂ ਲਈ ਸਾਂਝੇ ਹਲਕਿਆਂ ਦੀ ਬਜਾਏ ਵੱਖਰੇ (ਸਪੈਸ਼ਲ) ਰਾਖਵੇਂ ਚੋਣ ਹਲਕੇ ਬਣਾਏ ਜਾਣ ਤਾਂ ਜੋ ਉਹ ਆਜ਼ਾਦ ਤੌਰ ‘ਤੇ ਚੁਣੇ ਜਾ ਸਕਣ। ਚੋਣਾਂ ਵਿੱਚ ਐੱਸ.ਸੀ. ਵਰਗ ਦੀਆਂ ਸਿੱਖ ਔਰਤਾਂ ਲਈ ਵੀ ਸੀਟਾਂ ਰਾਖਵੀਆਂ ਕੀਤੀਆਂ ਜਾਣ ਅਤੇ ਐੱਸ.ਜੀ.ਪੀ.ਸੀ. ਦੇ ਵੱਡੇ ਫੈਸਲੇ ਲੈਣ ਵਾਲੇ ਅਤੇ ਪ੍ਰਬੰਧਕੀ ਅਹੁਦਿਆਂ ਵਿੱਚ ਵੀ ਐੱਸ.ਸੀ. ਸਿੱਖਾਂ ਨੂੰ ਬਣਦਾ ਹੱਕ ਰਾਖਵਾਂ ਕੀਤਾ ਜਾਵੇ।
ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਦਲਿਤ ਜਾਤੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਹਨਾਂ ਵਿੱਚ ਸਰਵ ਸ ਨਰੰਜਣ ਸਿੰਘ ਆਰਫ਼ੀ ( ਪ੍ਰਸਿੱਧ ਸਿੱਖ ਹਿਸਟੋਰੀਨ ), ਰਾਜਵਿੰਦਰ ਸਿੰਘ ਰਾਹੀ (ਨਾਮਵਰ ਸਿੱਖ ਵਿਦਵਾਨ ), ਜਗਜੀਵਨ ਸਿੰਘ, ਰਣਜੀਤ ਸਿੰਘ ਰਾਣਾ, ਓਂਕਾਰ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਸਿੰਘ, ਹੀਰਾ ਸਿੰਘ, ਮੇਵਾ ਸਿੰਘ, ਸੰਤੋਖ ਸਿੰਘ, ਗਰੀਬ ਸਿੰਘ, ਜਸਪਾਲ ਸਿੰਘ ਤਾਨ, ਹਰਬੰਸ ਸਿੰਘ, ਜਤਿੰਦਰ ਸਿੰਘ, ਗੌਰਵ, ਗੁਰਮੀਤ ਸਿੰਘ, ਮਹਿੰਦਰ ਸਿੰਘ, ਨਰਿੰਦਰ ਸਿੰਘ, ਸਵਰਨ ਸਿੰਘ ਮੁਸਤਫ਼ਾਬਾਦ, ਮੁਖਤਾਰ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ ਰੰਗਰੇਟਾ ਪਾਰਲੀਮੈਂਟ ਤੋਂ ਪ੍ਰਗਟ ਸਿੰਘ ਰਾਜੀਆਣਾ, ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਫੇਜ਼ ਤਿੰਨ ਮੁਹਾਲੀ ਤੋਂ ਕੈਸ਼ੀਅਰ ਭਗਤ ਸਿੰਘ ਤੇ ਸਾਥੀ, ਇੰਜ. ਗਰੀਬ ਸਿੰਘ ਬਟਾਲਾ, ਮੋਹਣ ਸਿੰਘ ਫਤਹਿਗੜ੍ਹ ਸਾਹਿਬ, ਐਡਵੋਕੇਟ ਗੁਰਬਚਨ ਸਿੰਘ ਚੰਡੀਗੜ੍ਹ ਅਤੇ ਹੋਰ ਹਾਜ਼ਰ ਸਨ।