ਚੰਡੀਗੜ 25 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵੱਧ ਰਹੇ ਪਾਰੇ ਦੇ ਨਾਲ-ਨਾਲ ਸੂਬੇ ਵਿਚ ਚੋਣ ਬੁਖਾਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਗਰਮੀ ਵੱਧਣ ਦੇ ਨਾਲ ਨਾਲ ਭਾਜਪਾ ਸਮਰਥਕਾਂ ਦਾ ਹੌਸਲਾ ਵੀ ਬੁਲੰਦ ਹੋ ਰਿਹਾ। ਜਾਦੂ ਉਹ ਜੋ ਸਿਰ ਚੜਕੇ ਬੋਲੇ , ਜਲੰਧਰ ਅਤੇ ਪਟਿਆਲਾ ਵਿਖੇ ਭਾਜਪਾ ਸਮਰਥਕਾ ਦਾ ਜਾਦੂ ਦੇਖਣ ਨੂੰ ਮਿਲਿਆ।ਜਾਖੜ ਨੇ ਕੇਜਰੀਵਾਲ “ਤੇ ਕੱਟੜ ਇਮਾਨਦਾਰ ਤੇ ਕੱਟੜ ਸੱਚ ਬੋਲਣ ਦਾ ਤੰਜ਼ ਕਸਦਿਆ ਕਿਹਾ ਕਿ ਮਹਿਲਾ ਸਸ਼ਤੀਕਰਣ ਦਾ ਦਾਅਵਾ ਕਰਨ ਵਾਲੇ ਪਹਿਲਾਂ ਇਹ ਸੋਚਣ ਕਿ ਮੈਂਬਰ ਰਾਜ ਸਭਾ ਅਤੇ ਮਹਿਲਾ ਕਮਿਸ਼ਨ ਦੀ ਸੁਰੱਖਿਅਤ ਹੈ ਜਾਂ ਨਹੀਂ। ਉਨਾਂ ਕਿਹਾ ਕਿ ਅਜਿਹੇ ਸਸਕਤੀਕਰਣ ਤੋਂ ਅੱਲਾ ਬਚਾਵੇ।
ਫਿਰ ਮੰਨਾਂਗੇ ਉਹ ਸੱਤਿਆਵਾਦੀ ਹੈ-
ਜਾਖੜ ਨੇ ਕੇਜਰੀਵਾਲ ਦੇ ਮਾਈਨਿੰਗ ਮਾਫ਼ੀਆ ਅਤੇ ਰੇਤ ਚੋਰੀ ਦੀ ਪੁਰਾਣੀ ਵੀਡਿਓ ਜਨਤਕ ਕਰਦੇ ਹੋਏ ਕਿਹਾ ਕਿ 20 ਹਜ਼ਾਰ ਕਰੋੜ ਰੁਪਏ ਪੰਜਾਬ ਵਿਚੋਂ ਪਹਿਲਾਂ ਵੀ ਚੋਰੀ ਹੋ ਰਹੇ ਸਨ ਅਤੇ ਹੁਣ ਵੀ ਚੋਰੀ ਹੋ ਰਹੇ ਹਨ। ਜਾਖੜ ਨੇ ਕਿਹਾ ਕਿ ਕੇਜਰੀਵਾਲ ਹੁਣ ਦੱਸਣ ਕਿ ਹੁਣ ਰੇਤ ਚੋਰੀ ਦੇ ਪੈਸੇ ਕਿਸ ਦੇ ਪਰਿਵਾਰ ਕੋਲ ਜਾ ਰਹੇ ਹਨ? ਉਨਾਂ ਕਿਹਾ ਕਿ ਕੇਜਰੀਵਾਲ ਦੇ ਜੇਲ ਵਿਚ ਜਾਣ ਨਾਲ ਸ਼ੂਗਰ ਵਧੀ ਹੋਈ ਹੈ, ਉਹ ਕੇਜਰੀਵਾਲ ‘ਤੇ ਹੋਰ ਬੋਝ ਨਹੀਂ ਪਾਉਣਾ ਚਾਹੁੰਦੇ ਪਰ ਕੇਜਰੀਵਾਲ ਨੂੰ ਯਾਦ ਕਰਵਾ ਰਹੇ ਹਨ ਕਿ ਜਦੋਂ ਉਹ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਆਉਣਗੇ ਤਾਂ ਭਗਵੰਤ ਮਾਨ ਨੂੰ ਸਟੇਜ਼ ਉਤੇ ਖ਼ੜੇ ਹੋ ਕੇ ਪੁੱਛਣ ਕੀ ਮੇਰੀ ਭੈਣ, ਮੇਰੀ ਬੇਟੀ ਤੇ ਮੇਰੀ ਮਾਂ ਨੂੰ ਹਜ਼ਾਰ ਹਜ਼ਾਰ ਰੁਪਏ ਮਿਲ ਰਿਹਾ ਹੈ। ਪਿਛਲੇ 24 ਮਹੀਨਿਆਂ ਦੇ ਪੈਸੇ ਕਦੋਂ ਰੀਲੀਜ਼ ਕੀਤੇ ਜਾਣਗੇ। ਇਸਤੋਂ ਇਲਾਵਾ ਮਾਈਨਿੰਗ ਦੇ 20 ਹਜ਼ਾਰ ਕਰੋੜ ਰੁਪਏ ਦਾ ਹਿੱਸਾ ਕਿਸਦੇ ਪਰਿਵਾਰ ਕੋਲ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕੇਜਰੀਵਾਲ ਦੱਸਣਗੇ ਤਾਂ ਉਹ ਮੰਨਣਗੇ ਕਿ ਉਹ ਕੱਟੜ ਇਮਾਨਦਾਰ ਤੇ ਸੱਤਿਆਵਾਦੀ ਹੈ।
ਮੀਤ ਹੇਅਰ ਨੂੰ ਬਲੀ ਦਾ ਬੱਕਰਾ ਬਣਾਇਆ
ਜਾਖੜ ਨੇ ਕਿਹਾ ਕਿ ਮੀਤ ਹੇਅਰ ਨੇ ਵਿਧਾਨ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਰੇਤ ਮਹਿੰਗਾ ਮਿਲ ਰਿਹਾ ਹੈ। ਮੀਤ ਹੇਅਰ ਨੇ ਮਾਇਨਿੰਗ ਪਾਲਸੀ ਬਣਾਉਣ ਦੀ ਗੱਲ ਕਹੀ ਤਾਂ ਸੱਚ ਬੋਲਣ ਉਤੇ ਉਸਦਾ ਵਿਭਾਗ ਬਦਲ ਦਿੱਤਾ ਗਿਆ ਕਿਉਕਿ ਇਸ ਨਾਲ ਸਰਕਾਰ ਦਾ ਭੇਤ ਖੁੱਲ ਗਿਆ ਸੀ। ਉਨਾਂ ਕਿਹਾ ਕਿ ਹੁਣ ਮੀਤ ਹੇਅਰ ਨੂੰ ਸੰਗਰੂਰ ਭੇਜਕੇ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
ਚੋਣ ਕਮਿਸ਼ਨ ਨੂੰ ਇਸ ਕਰਕੇ ਲਿਖੀ ਚਿੱਠੀ
ਜਾਖੜ ਨੇ ਕਿਹਾ ਕਿ ਕਿਸਾਨਾਂ ਦੀ ਆੜ ਹੇਠ ਕੁਝ ਬਹਿਰੂਪੀਏ ਕਿਸਾਨਾਂ ਨੂੰ ਭੜਕਾ ਰਹੇ ਹਨ। ਚੋਣ ਕਮਿਸ਼ਨ ਨੂੰ ਚਿੱਠੀ ਲਿਖਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਕੇਵਲ ਉਮੀਦਵਾਰਾਂ ਦੀ ਸੁਰੱਖਿਆ ਬਾਰੇ ਨਹੀਂ ਬਲਕਿ ਗਰੀਬਾਂ ਦੇ ਪੋਲਿੰਗ ਸਟੇਸ਼ਨ ਤੱਕ ਪੁੱਜਣ ਦੀ ਵਿਵਸਥਾ ਕਰਨ ਬਾਰੇ ਲਿਖੀ ਹੈ। ਉਨਾਂ ਕਿਹਾ ਕਿ ਦਸ ਦਸ ਟਿਊਬਵੈਲਾ ਵਾਲਿਆਂ ਨੂੰ MSP ਦਾ ਕੋਈ ਫਰਕ ਨਹੀਂ ਹੈ, ਪਰ ਜਿਹੜੇ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦਾ ਫੰਡ ਮਿਲਦਾ ਉਹਨਾਂ ਲਈ MSP ਦਾ ਮਾਅਨਾ ਹੈ। ਉਨਾਂ ਸ਼ੱਕ ਪ੍ਰਗਟ ਕੀਤੀ ਕਿ ਜਿਵੇ ਉਮੀਦਵਾਰਾਂ ਨੂੰ ਰੋਕਿਆ ਜਾ ਰਿਹਾ ਹੈ ਕੱਲ ਨੂੰ ਰਸਤੇ ਵਿਚ ਮਜਦੂਰਾ, ਗਰੀਬਾਂ ਨੂੰ ਵੀ ਰਸਤੇ ਵਿਚ ਵੋਟ ਪਾਉਣ ਜਾਂ ਪੋਲਿੰਗ ਸਟੇਸ਼ਨ ਉਤੇ ਜਾਣ ਤੋ ਰੋਕਿਆ ਜਾ ਸਕਦਾ ਹੈ।
ਉਨਾਂ ਕਿਹਾ ਕਿ ਗੁਰਦਾਸਪੁਰ ਦੇ ਉਮੀਦਵਾਰ ਦੀਆ ਫਾਈਲਾਂ ਸਾਹਮਣੇ ਰ੍ਖਾਂਗਾ। ਮੁੱਖ ਮੰਤਰੀ ਪਿਛਲੇ ਦੋ ਸਾਲਾਂ ਤੋਂ ਰੰਧਾਵਾਂ ਨੂੰ ਫਾਈਲਾਂ ਖੋਲਣ ਦੀ ਧਮਕੀ ਦੇ ਰਹੇ ਹਨ। ਉਨਾਂ ਕਿਹਾ ਕਿ ਆਮਦਨ ਟੈਕਸ ਤੇ ਈਡੀ ਨੇ ਸ਼ਰਾਬ ਘੁਟਾਲੇ ਵਿਚ ਜਾਂਚ ਕੀਤੀ ਹੈ ਤਾਂ ਇਹ ਜਾਂਚ ਦੂਰ ਤੱਕ ਜਾਵੇਗੀ। ਆਉਣ ਵਾਲੇ ਦਿਨਾਂ ਵਿਚ ਪਰਤਾਂ ਖੁੱਲਣਗੀਆਂ ਤੇ ਬਹੁਤ ਸਾਰਿਆਂ ਦੇ ਨੰਬਰ ਲੱਗਣਗੇ।
ਬਲਕੌਰ ਸਿੰਘ ਬਾਰੇ ਇਹ ਕਿਹਾ—
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਕਾਂਗਰਸ ਉਮੀਦਵਾਰ ਦੀ ਮੱਦਦ ਕਰਨ ਬਾਰੇ ਪੁੱਚੇ ਸਵਾਲ ਦੇ ਜਵਾਬ ਵਿਚ ਜਾਖੜ ਨੇ ਕਿਹਾ ਕਿ ਮੂਸੇਵਾਲ ਦੀ ਹੱਤਿਆ ਦਾ ਸਾਰੇ ਲੋਕਾਂ ਨੇ ਦੁਖ ਜਤਾਇਆ ਸੀ ਕਿਉਂਕਿ ਮਾਨ ਸਰਕਾਰ ਨੇ ਮੁਫ਼ਤ ਦੀ ਸ਼ੋਹਰਤ ਲੈਣ ਲਈ ਸੁਰੱਖਿਆ ਦੀ ਇਸ਼ਤਿਹਾਰਬਾਜ਼ੀ ਕਰ ਦਿੱਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਭੋਲ਼ੇ ਹਨ, ਪਰ ਬਲਕੌਰ ਸਿੰਘ ਨੇ ਗਲਤ ਰਸਤੇ ਤੇ ਦਸਤਕ ਦਿੱਤੀ ਹੈ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਤਾਂ ਮਿਲੇ ਹੋਏ ਹਨ। ਉਨਾਂ ਕਿਹਾ ਕਿ ਕਾਂਗਰਸੀ ਆਪਣੀ ਜਾਨ ਬਚਾਉਣਗੇ ਜਾਂ ਫਿਰ ਬਲਕੌਰ ਸਿੰਘ ਨੂੰ ਨਿਆਂ ਦਿਵਾਉਣਗੇ। ਜਾਖੜ ਨੇ ਕਿਹਾ ਕਿ ਕਾਤਲਾਂ ਨਾਲ ਮਿਲੇ ਹੋਏ ਲੋਕ ਕਦੇ ਇਨਸਾਫ਼ ਨਹੀਂ ਦਿਵਾ ਸਕਦੇ।