ਚੰਡੀਗੜ੍ਹ, 18 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ‘ਉੱਚ ਵਿਦਿਅਕ ਸੰਸਥਾਵਾਂ ਲਈ ਮਾਨਸਿਕ ਸਿਹਤ ਅਤੇ ਤੰਦਰੁਸਤੀ ’ਤੇ ਇਕਸਾਰ ਨੀਤੀ’ ਵਿਸ਼ੇ ’ਤੇ ਵਾਈਸ-ਚਾਂਸਲਰਾਂ ਦੀ ਕਾਨਫਰੰਸ ਕਰਵਾਈ ਗਈ।
ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਤੰਦਰੁਸਤੀ ਸਿਰਫ਼ ਇੱਕ ਅਕਾਦਮਿਕ ਚਿੰਤਾ ਨਹੀਂ ਸਗੋਂ ਰਾਸ਼ਟਰ ਨਿਰਮਾਣ ਅਤੇ ਨੌਜਵਾਨਾਂ ਦੇ ਭਵਿੱਖ ਲਈ ਇੱਕ ਮਹੱਤਵਪੂਰਨ ਅਧਾਰ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵਿਦਿਅਕ ਸੰਸਥਾਵਾਂ ਅਕਸਰ ਡਿਗਰੀਆਂ, ਪਲੇਸਮੈਂਟ ਅਤੇ ਬੁਨਿਆਦੀ ਢਾਂਚੇ ’ਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਵੱਲ ਬਰਾਬਰ ਧਿਆਨ ਦਿੱਤਾ ਜਾਣਾ ਵੀ ਉਨਾਂ ਹੀ ਜਰੂਰੀ ਹੈ ਕਿਉਂਕਿ ਸਿਹਤਮੰਦ ਮਨ ਤੋਂ ਬਿਨਾਂ ਸੱਚੀ ਸਫਲਤਾ ਅਧੂਰੀ ਹੁੰਦੀ ਹੈ।
ਵਿਦਿਆਰਥੀਆਂ ਵਿੱਚ ਵਧ ਰਹੇ ਤਣਾਅ, ਇਕੱਲਤਾ, ਇੰਟਰਨੈੱਟ ਦੀ ਲਤ, ਅਕਾਦਮਿਕ ਦਬਾਅ ਅਤੇ ਰੁਜ਼ਗਾਰ ਸਬੰਧੀ ਅਨਿਸ਼ਚਿਤਤਾ ’ਤੇ ਚਿੰਤਾ ਪ੍ਰਗਟ ਕਰਦੇ ਹੋਏ, ਰਾਜਪਾਲ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਪ੍ਰਭਾਵਸ਼ਾਲੀ ਕਾਉਂਸਲਿੰਗ ਪ੍ਰਣਾਲੀਆਂ, ਖੁਸ਼ੀ ਅਤੇ ਤੰਦਰੁਸਤੀ ਸੈੱਲ, ਪੀਅਰ-ਮੈਂਟਰਿੰਗ ਪ੍ਰੋਗਰਾਮ ਅਤੇ ਵਿਦਿਆਰਥੀ-ਤੋਂ-ਵਿਦਿਆਰਥੀ ਸਹਾਇਤਾ ਨੈੱਟਵਰਕ ਸਥਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਨੂੰ ਇੱਕ ਸੁਰੱਖਿਅਤ, ਸੰਵੇਦਨਸ਼ੀਲ ਅਤੇ ਸਹਾਇਕ ਵਾਤਾਵਰਣ ਬਣਾਉਣ ਦੀ ਲੋੜ ਹੈ, ਜਿੱਥੇ ਕੋਈ ਵੀ ਵਿਦਿਆਰਥੀ ਇਕੱਲਾ ਜਾਂ ਅਣ-ਗੌਲਿਆ ਮਹਿਸੂਸ ਨਾ ਕਰੇ।
ਹੁਨਰ-ਅਧਾਰਤ ਅਤੇ ਰੁਜ਼ਗਾਰ-ਅਧਾਰਤ ਸਿੱਖਿਆ ਦੀ ਮਹੱਤਤਾ ਦਾ ਹਵਾਲਾ ਦਿੰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਮਾਨਸਿਕ ਤੰਦਰੁਸਤੀ ਅਤੇ ਸਵੈ-ਨਿਰਭਰਤਾ ਆਪਸ ਵਿੱਚ ਬਹੁਤ ਡੂੰਘੇ ਜੁੜੇ ਹੋਏ ਹਨ।
ਉਨ੍ਹਾਂ ਨੇ ਨੌਜਵਾਨਾਂ ਨੂੰ ਸਵੈ-ਨਿਰਭਰ ਬਣਾਉਣ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਨਮਾਨ ਨਾਲ ਰਹਿਣ ਦੇ ਯੋਗ ਬਣਾਉਣ ਲਈ ਕਿੱਤਾਮੁਖੀ ਅਤੇ ਰੁਜ਼ਗਾਰ-ਅਧਾਰਤ ਸਿੱਖਿਆ ’ਤੇ ਜ਼ੋਰ ਦਿੱਤਾ। ਸੰਸਥਾਵਾਂ ਨੂੰ ਨਸ਼ਾ ਵਿਰੋਧੀ ਪਹਿਲਕਦਮੀਆਂ ਦਾ ਸਰਗਰਮੀ ਨਾਲ ਸਮਰਥਨ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਦਿਅਕ ਕੈਂਪਸਾਂ ਨੂੰ ਨੌਜਵਾਨਾਂ ਲਈ ਜਾਗਰੂਕਤਾ, ਮਾਰਗਦਰਸ਼ਨ ਅਤੇ ਸਕਾਰਾਤਮਕ ਤਬਦੀਲੀ ਦੇ ਕੇਂਦਰ ਬਣਨਾ ਚਾਹੀਦਾ ਹੈ।
ਰਾਸ਼ਟਰੀ ਸਿੱਖਿਆ ਨੀਤੀ-2020 ਅਤੇ ਭਾਰਤ ਸਰਕਾਰ ਦੀਆਂ ਟੈਲੀ-ਮਾਨਸ ਅਤੇ ਮਨੋਦਰਪਨ ਵਰਗੀਆਂ ਪਹਿਲਕਦਮੀਆਂ ਦਾ ਹਵਾਲਾ ਦਿੰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਮਾਨਸਿਕ ਸਿਹਤ ਨੂੰ ਹੁਣ ਰਾਸ਼ਟਰੀ ਵਿਕਾਸ ਦਾ ਇੱਕ ਮਹੱਤਵਪੂਰਨ ਥੰਮ੍ਹ ਮੰਨਿਆ ਜਾ ਰਿਹਾ ਹੈ। ਉਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਨੂੰ ਮਾਨਸਿਕ ਸਿਹਤ ਜਾਗਰੂਕਤਾ ਅਤੇ ਨਸ਼ਾ ਛੁਡਾਊ ਨੂੰ ਸੰਸਥਾਗਤ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ ਅਤੇ ਵਿਸ਼ਵਾਸ ਪ੍ਰਗਟਾਇਟਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਨੌਜਾਵਨਾਂ ਨੂੰ ਭਾਵਨਾਤਮਕ ਤੌਰ ਸੂਝਵਾਨ ਅਤੇ ਸਮੇਂ ਦੇ ਹਾਣੀ ਬਣਾਉਣ ਵਿੱਚ ਰਾਸ਼ਟਰੀ ਮਾਡਲ ਵਜੋਂ ਉਭਰਨਗੀਆਂ।
ਕਾਨਫਰੰਸ ਦੌਰਾਨ, ਯੂ.ਜੀ.ਸੀ. ਦੀ ਸੰਯੁਕਤ ਸਕੱਤਰ ਡਾ. ਸੁਨੀਤਾ ਸਿਵਾਚ ਨੇ ‘ਮਾਨਸਿਕ ਸਿਹਤ ਅਤੇ ਵਿਦਿਆਰਥੀ ਭਲਾਈ ਸਬੰਧੀ ਅੰਕੜੇ, ਆਲਮੀ ਦ੍ਰਿਸ਼ਟੀਕੋਣ ਅਤੇ ਰਾਸ਼ਟਰੀ ਪਹਿਲਕਦਮੀਆਂ ਬਾਰੇ ਇੱਕ ਝਾਤ’ ਵਿਸ਼ੇ ’ਤੇ ਭਾਸ਼ਣ ਦਿੱਤਾ।
ਏਬੀਵੀਆਈਐਮਐਸ ਸੈਂਟਰ ਆਫ਼ ਐਕਸੀਲੈਂਸ ਇਨ ਮੈਂਟਲ ਹੈਲਥ, ਏਬੀਵੀਆਈਐਮਐਸ ਅਤੇ ਡਾ. ਆਰ.ਐਮ.ਐਲ. ਹਸਪਤਾਲ, ਨਵੀਂ ਦਿੱਲੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਪ੍ਰੋ. ਆਰ.ਕੇ. ਬੈਨੀਵਾਲ ਨੇ ਵੀ ‘ਮਾਨਸਿਕ ਸਿਹਤ ਜਾਗਰੂਕਤਾ’ ਵਿਸ਼ੇ ’ਤੇ ਬਹੁਮੁੱਲਾ ਭਾਸ਼ਣ ਦਿੱਤਾ ਅਤੇ ਉੱਚ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਵਿੱਚ ਸ਼ੁਰੂਆਤੀ ਦਖਲ, ਸਲਾਹ-ਮਸ਼ਵਰਾ ਅਤੇ ਜਾਗਰੂਕਤਾ ਦੇ ਵਧ ਰਹੇ ਮਹੱਤਵ ਨੂੰ ਉਜਾਗਰ ਕੀਤਾ।
ਇਸ ਤੋਂ ਇਲਾਵਾ, ਪੰਜ ਯੂਨੀਵਰਸਿਟੀਆਂ ਨੇ ਮਾਨਸਿਕ ਸਿਹਤ, ਨਸ਼ਾ ਛੁਡਾਊ, ਵਿਦਿਆਰਥੀ ਭਲਾਈ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੇ ਲਾਗੂਕਰਨ ਬਾਰੇ ਪੇਸ਼ਕਾਰੀਆਂ ਵੀ ਦਿੱਤੀਆਂ।
ਇਸ ਮੌਕੇ ਪ੍ਰਮੁੱਖ ਪਤਵੰਤਿਆਂ ਵਿੱਚ ਰਾਜਪਾਲ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਜਨਗਣਨਾ ਸੰਚਾਲਨ ਅਤੇ ਨਾਗਰਿਕ ਰਜਿਸਟ੍ਰੇਸ਼ਨ ਦੇ ਡਾਇਰੈਕਟਰ, ਸ਼੍ਰੀ ਲਲਿਤ ਜੈਨ ਅਤੇ ਕਾਨਫਰੰਸ ਦੀ ਕਾਰਵਾਈ ਦਾ ਸੰਚਾਲਨ ਕਰਨ ਵਾਲੇ ਡਾ. ਜਸਪਾਲ ਸਿੰਘ ਸੰਧ ੂ (ਵਾਈਸ-ਚਾਂਸਲਰ) ਸ਼ਾਮਲ ਸਨ। ਕਾਨਫਰੰਸ ਦੌਰਾਨ ਪੰਜਾਬ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ ਦੇ ਵਾਈਸ-ਚਾਂਸਲਰ, ਸੀਨੀਅਰ ਅਕਾਦਮਿਕ, ਮਾਨਸਿਕ ਸਿਹਤ ਮਾਹਿਰ ਅਤੇ ਫੈਕਲਟੀ ਮੈਂਬਰ ਵੀ ਮੌਜੂਦ ਰਹੇ।