ਚੰਡੀਗੜ੍ਹ, 24 ਮਈ (ਖ਼ਬਰ ਖਾਸ ਬਿਊਰੋ)
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਏ ਗਏ ਆਦਰਸ਼ ਚੋਣ ਜ਼ਾਬਤੇ ਦੌਰਾਨ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਕਰ), ਪੰਜਾਬ ਵਿਕਾਸ ਪ੍ਰਤਾਪ ਅਤੇ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਵਰੁਣ ਰੂਜ਼ਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਸਬੰਧੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਆਬਕਾਰੀ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਚੋਣ ਜ਼ਾਬਤੇ ਦੌਰਾਨ ਆਬਕਾਰੀ ਵਿਭਾਗ ਦੀ ਵਿਆਪਕ ਯੋਜਨਾ ਦੇ ਨਤੀਜੇ ਵਜੋਂ ਲਗਭਗ 1058 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 937 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, 16965 ਲੀਟਰ ਨਾਜਾਇਜ਼ ਸ਼ਰਾਬ ਫੜੀ ਗਈ ਹੈ, 2756729 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤਾ ਗਿਆ ਅਤੇ ਪੀ.ਐੱਮ.ਐੱਲ./ਆਈ.ਐੱਮ.ਐੱਫ.ਐੱਲ./ਬੀਅਰ ਦੀਆਂ 108180 ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦੀਆਂ ਟੀਮਾਂ ਨੇ ਸ਼ਰਾਬ ਦੀ ਤਸਕਰੀ, ਈਐਨਏ ਦੀ ਤਸਕਰੀ ਅਤੇ ਆਬਕਾਰੀ ਨਾਲ ਸਬੰਧਤ ਹੋਰ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇਨ੍ਹਾਂ ਕੇਸਾਂ ਦੇ ਸਾਰੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਆਬਕਾਰੀ ਵਿਭਾਗ ਨੇ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਵਿੱਚ ਸ਼ਾਮਲ ਲਾਇਸੰਸਧਾਰਕਾਂ ‘ਤੇ ਵੀ ਨਕੇਲ ਕਸੀ ਗਈ ਹੈ, ਜਿਸ ਦੌਰਾਨ ਉਨ੍ਹਾਂ ਦੇ ਠੇਕਿਆਂ ਨੂੰ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁੱਢਲੀ ਜਾਂਚ ਦੇ ਆਧਾਰ ‘ਤੇ ਪੰਜਾਬ ਆਬਕਾਰੀ ਐਕਟ 1914 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਲਕਾਂ/ਸਰਗਰਮ ਭਾਈਵਾਲਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਆਬਕਾਰੀ ਨਾਲ ਸਬੰਧਤ ਅਪਰਾਧਾਂ ਵਿਰੁੱਧ ਜੰਗ ਦੌਰਾਨ, ਸ਼ਰਾਬ ਦੀਆਂ ਭੱਠੀਆਂ, ਬਰੂਅਰੀਜ਼ ਅਤੇ ਬੋਟਲਿੰਗ ਪਲਾਂਟਾਂ ਵਰਗੀਆਂ ਨਿਰਮਾਣ ਇਕਾਈਆਂ ‘ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਕਿਸਮ ਦੀ ਉਲੰਘਣਾ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਗਿਆ ਹੈ। ਬੋਟਲਿੰਗ ਪਲਾਂਟ ਵਿੱਚੋਂ ਇੱਕ ਪਲਾਂਟ ਦੀ ਅਚਨਚੇਤ ਚੈਕਿੰਗ ਦੌਰਾਨ ਪਾਇਆ ਗਿਆ ਕਿ ਮੈਸਰਜ਼ ਬੋਰਿਸ਼ ਇੰਡਸਟਰੀਜ਼ ਪ੍ਰਾਈਵੇਟ ਲਿ., ਪਿੰਡ ਬੇਹੜਾ ਤਹਿਸੀਲ ਡੇਰਾਬਸੀ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਚਲਾਈ ਜਾ ਰਹੀ ਯੂਨਿਟ ਵੱਲੋਂ ਪੰਜਾਬ ਆਬਕਾਰੀ ਐਕਟ, 1914 ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਆਬਕਾਰੀ ਕਮਿਸ਼ਨਰ, ਪੰਜਾਬ ਵੱਲੋਂ ਉਕਤ ਬੋਟਲਿੰਗ ਪਲਾਂਟ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸੂਬੇ ਵਿੱਚ ਸ਼ਰਾਬ ਦੇ ਪ੍ਰਵਾਹ ‘ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਗਾਮੀ ਲੋਕ ਸਭਾ ਚੋਣਾਂ- 2024 ਦੇ ਮੱਦੇਨਜ਼ਰ ਸ਼ਰਾਬ ਦੇ ਗੈਰ-ਕਾਨੂੰਨੀ ਪ੍ਰਵਾਹ ਅਤੇ ਵਿਕਰੀ ਨੂੰ ਰੋਕਣ ਲਈ ਸੂਬੇ ਭਰ ਵਿੱਚ 126 ਨਾਕੇ/ਚੈਕਿੰਗ ਪੁਆਇੰਟ ਸਥਾਪਤ ਕੀਤੇ ਗਏ ਹਨ।
ਪੰਜਾਬ ਆਬਕਾਰੀ ਵਿਭਾਗ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ‘ਤੇ ਪੂਰੀ ਤਰ੍ਹਾਂ ਨਕੇਲ ਕੱਸਦਿਆਂ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ।