ਲੋਕ ਸਭਾ ਚੋਣਾਂ ਲੜ ਰਹੇ 328 ਉਮੀਦਵਾਰਾਂ ‘ਚੋਂ 69 ‘ਤੇ ਅਪਰਾਧਿਕ ਮਾਮਲੇ, 102 ਕਰੋੜਪਤੀ

 

ਚੰਡੀਗੜ੍ਹ 24 ਮਈ (ਖ਼ਬਰ ਖਾਸ ਬਿਊਰੋ)

ਦੇਸ਼ ਵਿੱਚ ਚੋਣ ਸੁਧਾਰਾਂ ਲਈ ਵੱਡੇ ਪੱਧਰ ਤੇ ਕੰਮ ਕਰਨ ਲਈ ਜਾਣੀ ਜਾਂਦੀ ਸੰਸਥਾ ਏ. ਡੀ.ਆਰ. (ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼) ਨੇ ਲੋਕ ਸਭਾ ਦੇ ਪੰਜਾਬ ਤੋਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਅਪਰਾਧਿਕ, ਆਰਥਿਕ, ਵਿੱਦਿਅਕ ਅਤੇ ਹੋਰ ਅਹਿਮ ਪੱਖਾਂ ਬਾਰੇ ਵਿਸਥਾਰਤ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ਜਾਰੀ ਕਰਦਿਆਂ ਏ.ਡੀ.ਆਰ ਅਤੇ ਪੰਜਾਬ ਇਲੈਕਸ਼ਨ ਵਾਚ ਦੇ ਜਸਕੀਰਤ ਸਿੰਘ ਅਤੇ ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਪੰਜਾਬ ਵਿੱਚ ਚੋਣਾਂ ਲੜ ਰਹੇ 328 ਉਮੀਦਵਾਰਾਂ ‘ਚ 159 ਵੱਖ ਵੱਖ ਪਾਰਟੀਆਂ ਵੱਲੋਂ ਹਨ ਅਤੇ 169 ਆਜ਼ਾਦ ਚੋਣ ਲੜ ਰਹੇ ਹਨ।

ਰਿਪੋਰਟ ਮੁਤਾਬਕ ਚੋਣਾਂ ਲੜ ਰਹੇ 69 (21%) ਉਮੀਦਵਾਰਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ਵਿੱਚ 47 (14%) ਉਮੀਦਵਾਰਾਂ ‘ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ| ਇਹਨਾਂ ਵਿੱਚ 1 ਉਮੀਦਵਾਰ ‘ਤੇ ਕਤਲ ਅਤੇ 6 ਤੇ ਕਤਲ ਦੀ ਕੋਸ਼ਿਸ਼ ਦੇ ਮੁਕੱਦਮੇ ਵੀ ਹਨ | ਪਾਰਟੀ ਵਾਈਜ਼ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ 13 ਚੋਂ 3 (23%), ਕਾਂਗਰਸ ਦੇ 13 ਚੋਂ 3 (23%), ਆਮ ਆਦਮੀ ਪਾਰਟੀ ਦੇ 13 ਚੋਂ 5 (38%), ਸ਼੍ਰੋਮਣੀ ਅਕਾਲੀ ਦਲ ਦੇ 13 ਚੋਂ 8 (62%), ਬਹੁਜਨ ਸਮਾਜ ਪਾਰਟੀ ਦੇ 13 ਚੋਂ 4 (31%) ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 12 ਚੋਂ 7 (58%) ਉਮੀਦਵਾਰਾਂ ਤੇ ਅਪਰਾਧਿਕ ਮਾਮਲੇ ਦਰਜ ਹਨ।

ਹੋਰ ਪੜ੍ਹੋ 👉  ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ : ਅਮਨ ਅਰੋੜਾ

328 ਉਮੀਦਵਾਰਾਂ ਚੋਂ 102 (31%) ਉਮੀਦਵਾਰ ਕਰੋੜਪਤੀ ਹਨ| ਬੀ.ਜੇ.ਪੀ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਦਲ ਦੇ ਸਾਰੇ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ। ਕਾਂਗਰਸ ਦੇ 12 ( 92%,) ਅਕਾਲੀ ਦਲ ਅੰਮ੍ਰਿਤਸਰ ਦੇ 6 (50%) ਅਤੇ ਬਹੁਜਨ ਸਮਾਜ ਪਾਰਟੀ ਦੇ 5 (38%) ਉਮੀਦਵਾਰ ਕਰੋੜਪਤੀ ਹਨ।

ਸਭ ਤੋਂ ਜ਼ਿਆਦਾ ਚੱਲ ਤੇ ਅਚੱਲ ਜਾਇਦਾਦ ਵਾਲੇ ਉਮੀਦਵਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ, ਬੀ.ਜੇ.ਪੀ ਦੇ ਪਟਿਆਲਾ ਤੋਂ ਪਰਨੀਤ ਕੌਰ ਅਤੇ ਕਾਂਗਰਸ ਦੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਕ੍ਰਮਵਾਰ 198 ਕਰੋੜ, 60 ਕਰੋੜ ਅਤੇ 50 ਕਰੋੜ ਨਾਲ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਹਨ। 3 ਹੋਰ ਉਮੀਦਵਾਰਾਂ ਨੇ ਆਪਣੀ ਜਾਇਦਾਦ ਸਿਰਫ 10 ਹਜਾਰ ਰੁਪਏ, 3100 ਰੁਪਏ ਅਤੇ 2500 ਰੁਪਏ ਵੀ ਦੱਸੀ ਹੈ।

ਹੋਰ ਪੜ੍ਹੋ 👉  ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼

ਦੇਣਦਾਰੀਆਂ ਦੇ ਮਾਮਲੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਪਹਿਲੇ ਨੰਬਰ :ਤੇ ਹਨ। ਉਨਾਂ ਸਿਰ 54 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। ਬੀ.ਜੇ.ਪੀ. ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ.ਕੇ.ਸ਼ਰਮਾ ਕ੍ਮਵਾਰ 12 ਕਰੋੜ 58 ਲੱਖ ਤੇ 12 ਕਰੋੜ 46 ਲੱਖ ਨਾਲ ਦੂਜੇ ਤੇ ਤੀਜੇ ਨੰਬਰ ਤੇ ਆਉਂਦੇ ਹਨ।

ਇਨਕਮ ਟੈਕਸ ਰਿਟਰਨ ਦੇ ਹਿਸਾਬ ਨਾਲ ਸਭ ਤੋਂ ਵੱਧ ਆਮਦਨ ਵਾਲੇ ਉਮੀਦਵਾਰਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਆਉਂਦੇ ਹਨ। ਉਨ੍ਹਾਂ ਦੀ 2022-23 ਦੀ ਇਨਕਮ ਟੈਕਸ ਰਿਟਰਨ (ਆਪਣੇ ਪਤੀ ਸੁਖਬੀਰ ਸਿੰਘ ਬਾਦਲ ਨਾਲ ਸਾਂਝੀ) 6 ਕਰੋੜ 64 ਲੱਖ ਰੁਪਏ ਦੀ ਹੈ ਹਾਲਾਂਕਿ ਬੀਬੀ ਬਾਦਲ ਦੀ ਆਪਣੀ ਆਮਦਨ 47 ਲੱਖ ਰੁਪਏ ਦਿਖਾਈ ਗਈ ਹੈ। ਦੂਜੇ ਨੰਬਰ ‘ਤੇ ਐਨ. ਕੇ. ਸ਼ਰਮਾ ਹਨ ਜਿਨ੍ਹਾਂ ਦੀ ਆਮਦਨ 2 ਕਰੋੜ 47 ਲੱਖ ਰੁਪਏ ਤੀਜੇ ਨੰਬਰ ‘ਤੇ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਗੁਰਬਰਨ ਸਿੰਘ ਹਨ ਜਿਨ੍ਹਾਂ ਦੀ 2023-24 ਦੀ ਆਮਦਨ 1 ਕਰੋੜ 18 ਲੱਖ ਰੁਪਏ ਹੈ।

ਹੋਰ ਪੜ੍ਹੋ 👉  ਸੜਕ 'ਤੇ ਦਿਖਾਏ ਕਰਤਬ ਤਾਂ ਹੋ ਸਕਦਾ ਇਰਾਦਾ ਕਤਲ ਦਾ ਪਰਚਾ

ਸਿਖਿਆ ਪ੍ਰਾਪਤੀ ਦੇ ਹਿਸਾਬ ਨਾਲ ਦੇਖੀਏ ਤਾਂ 23 ਉਮੀਦਵਾਰ ਬਿਲਕੁਲ ਅਨਪੜ੍ਹ, 189 ਸਕੂਲੀ ਸਿਖਿਆ ਤੱਕ ਅਤੇ 115 ਕਾਲਜ ਸਿਖਿਆ ਪ੍ਰਾਪਤ ਹਨ ਜਦਕਿ ਇੱਕ ਉਮੀਦਵਾਰ ਨੇ ਇਹ ਵੇਰਵਾ ਸਾਂਝਾ ਨਹੀਂ ਕੀਤਾ।

ਔਰਤਾਂ ਨੂੰ ਟਿਕਟਾਂ ਦੇਣ ਵਿੱਚ ਬਹੁਤੀਆਂ ਪਾਰਟੀਆਂ ਕਿਰਸ ਕਰਦੀਆਂ ਹੀ ਨਜ਼ਰ ਆਈਆਂ। ਬੀਜੇਪੀ ਵੱਲੋਂ 3 (23%) ਕਾਂਗਰਸ ਵੱਲੋਂ 2 (15%) ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 1(8%) ਮਹਿਲਾ ਉਮੀਦਵਾਰ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਇੱਕ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਗਈ।

Leave a Reply

Your email address will not be published. Required fields are marked *