ਪਟਿਆਲਾ, 23 ਮਈ ( ਖ਼ਬਰ ਖਾਸ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪਹਿਲੇ ਪੰਜਾਬ ਚੋਣ ਦੌਰੇ ਦੌਰਾਨ ਸਿੱਖਾਂ ਨੂੰ ਜੋੜਨ ਲਈ ਕੋਈ ਕਸਰ ਨਹੀਂ ਛੱਡੀ। ਪ੍ਰਧਾਨ ਮੰਤਰੀ ਕੇਸਰੀ ਪੱਗ ਬੰਨਕੇ ਮੰਚ ਉਤੇ ਆਏ ਅਤੇ ਆਉਂਦੇ ਹੀ ਬੋਲੋ ਸੋ ਨਿਹਾਲ ਦਾ ਜੈਕਾਰਾ ਲਾਇਆ। ਆਪਣੇ ਭਾਸ਼ਣ ਵਿਚ ਉਨਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ 1971 ਵਿਚ ਹੁੰਦੇ ਤਾਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਹਰ ਹਾਲਤ ਵਿਚ ਭਾਰਤ ਵਿਚ ਲੈ ਕੇ ਆਉਂਦੇ।
ਮੋਦੀ ਨੇ ਪਟਿਆਲਾ ਵਿਖੇ ਪਰਨੀਤ ਕੌਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਕਿਹਾ ਕਿ 1947 ਵਿੱਚ ਦੇਸ਼ ਦੀ ਵੰਡ ਹੋਈ ਸੀ। ਸਾਡਾ ਇਹ ਪਵਿੱਤਰ ਗੁਰਧਾਮ ਪਾਕਿਸਤਾਨ ਵਿੱਚ ਰਹਿ ਗਿਆ ਅਤੇ 1971 ਦੀ ਭਾਰਤ-ਪਾਕਿ ਜੰਗ ਵਿੱਚ ਭਾਰਤ ਨੇ 90 ਹਜ਼ਾਰ ਪਾਕਿਸਤਾਨੀ ਫੌਜੀ ਆਤਮ ਸਮਰਪਣ ਕਰ ਦਿੱਤੇ ਪਰ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਇਨ੍ਹਾਂ 90 ਹਜ਼ਾਰ ਫੌਜੀਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੈਣ ਬਾਅਦ ਛੱਡਦਾ।
ਉਨਾਂ ਕਿਹਾ ਕਿ ਸ੍ਰੀ ਫਤਿਹਗੜ ਸਾਹਿਬ ਵਿਖੇ ਸਾਹਿਬਜਾਦਿਆਂ ਦੀ ਕੁਰਬਾਨੀ ਬਾਰੇ ਕੇਰਲਾ, ਤਾਮਿਲਨਾਡੂ ਦੇ ਲੋਕਾਂ ਨੂੰ ਕੁੱਝ ਪਤਾ ਨਹੀ ਸੀ , ਇਸ ਲਈ ਉਨਾਂ ਦੁਨੀਆਂ ਭਰ ਵਿਚ ਸਾਹਿਬਜਾਦਿਆਂ ਦੀ ਕੁਰਬਾਨੀ ਬਾਰੇ ਦੱਸਣ ਲਈ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ, ਪਰ ਅੱਜ ਜਦੋਂ ਮੈਂ ਪੰਜਾਬ ਵਿੱਚ ਵੀ ਇਸ ਦੀ ਅਸੰਗਤਤਾ ਵੇਖਦਾ ਹਾਂ ਤਾਂ ਮੈਨੂੰ ਚਿੰਤਾ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੰਡ ਵੇਲੇ ਹਿੰਦੂ ਸਿੱਖ ਵੱਡੀ ਗਿਣਤੀ ਵਿੱਚ ਉਧਰ ਅਤੇ ਇੱਧਰ ਰਹਿ ਗਏ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਧਰ ਆਏ ਪਰ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੱਤੀ। ਕੀ ਉਨ੍ਹਾਂ ਨੂੰ CAA ਵਿੱਚ ਲਿਆਉਣਾ ਗਲਤ ਹੈ?
ਉਨ੍ਹਾਂ ਕਿਹਾ, ਗੁਰੂ ਗੋਬਿੰਦ ਸਿੰਘ ਜੀ ਦੇ ਸੁਸ਼ੋਭਿਤ ਪੰਜ ਪਿਆਰਿਆਂ ਵਿੱਚੋਂ ਇੱਕ ਮੋਹਕਮ ਚੰਦ ਮੇਰੇ ਰਾਜ ਗੁਜਰਾਤ ਦੇ ਦਵਾਰਕਾ ਸ਼ਹਿਰ ਦਾ ਸੀ। ਦਵਾਰਕਾ ਜਾਮਨਗਰ ਜ਼ਿਲ੍ਹੇ ਦਾ ਇੱਕ ਹਿੱਸਾ ਹੈ ਜਿੱਥੇ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਇੱਕ ਵੱਡਾ ਹਸਪਤਾਲ ਹੈ। ਉਨ੍ਹਾਂ ਕਿਹਾ ਕਿ ਭੂਜ ਵਿਚ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਭੂਚਾਲ ਵਿਚ ਢਹਿ ਗਿਆ ਸੀ ਅਤੇ ਉਨਾਂ ਮੁੱਖ ਮੰਤਰੀ ਹੁੰਦਿਆਂ ਗੁਰਦੁਆਰਾ ਸਾਹਿਬ ਬਣਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੰਗਰ ‘ਤੇ ਜੀਐਸਟੀ ਹਟਾਉਣ ਵਰਗੇ ਕਈ ਕੰਮਾਂ ਦਾ ਜ਼ਿਕਰ ਕੀਤਾ ।
ਭਾਵੇਂ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਧਾਨ ਮੰਤਰੀ ਦੀ ਆਮਦ ਦਾ ਸਖ਼ਤ ਵਿਰੋਧ ਕੀਤਾ ਅਤੇ ਕਈ ਥਾਵਾਂ ’ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਰ ਕਿਸਾਨ ਦੇ ਖਾਤੇ ਵਿੱਚ ਤੀਹ ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਨਾਲ ਹੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਣਕ ਅਤੇ ਝੋਨੇ ਦੀ ਫ਼ਸਲ ਦਾ ਵਾਧਾ ਕੀਤਾ। MSP 2.5 ਗੁਣਾ ਵਧਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਕੁਦਰਤੀ ਖੇਤੀ ਵੱਲ ਵਧ ਰਹੇ ਹਾਂ।
ਇੰਡੀ ਕੋਲ ਕੋਈ ਨੇਤਾ ਤੇ ਨੀਅਤੀ ਨਹੀਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨਡੀਏ ਸਰਕਾਰ ਕੋਲ ਮਜ਼ਬੂਤ ਲੀਡਰਸ਼ਿਪ ਹੈ ਅਤੇ ਦੂਜੇ ਪਾਸੇ ਇੰਡੀਆ (ਇੰਡੀ) ਗਠਜੋੜ ਹੈ ਜਿਸ ਕੋਲ ਕੋਈ ਨੇਤਾ ਅਤੇ ਨੀਅਤੀ ਨਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਕੱਟੜ ਭ੍ਰਿਸ਼ਟ ਲੋਕ ਹਨ ਅਤੇ ਦੂਜੇ ਪਾਸੇ 1984 ਦੇ ਸਿੱਖ ਦੰਗਿਆਂ ਦੇ ਦੋਸ਼ੀ ਹਨ। ਇੱਥੇ ਉਹ ਇੱਕ ਦੂਜੇ ਨਾਲ ਲੜਨ ਦਾ ਦਿਖਾਵਾ ਕਰ ਰਹੇ ਹਨ ਪਰ ਦਿੱਲੀ ਵਿੱਚ ਇਕ੍ਠੇ ਹਨ। ਮੋਦੀ ਨੇ ਲੋਕਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕੇਜਰੀਵਾਲ ਦਾ ਨਾਮ ਲਏ ਬਗੈਰ ਕਿਹਾ ਕਿ ਇੱਕ ਨੇ ਆਪਣੇ ਗੁਰੂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ ਹੈ। ਇਸ ਨਾਲ ਨਾ ਤਾਂ ਪੰਜਾਬ ਦੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਕੋਈ ਫਾਇਦਾ ਹੋਵੇਗਾ ਅਤੇ ਨਾ ਹੀ ਪੰਜਾਬ ਦਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਰਾਮ ਮੰਦਰ ਬਣਵਾਇਆ ਤਾਂ ਉਨ੍ਹਾਂ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਅਤੇ ਜਦੋਂ ਮੰਦਰ ਬਣਿਆ ਤਾਂ ਗਾਲ੍ਹਾਂ ਕੱਢ ਰਹੇ ਸਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੋਦੀ ਹਨ ਜੋ ਭਾਰਤ ਵਿਚ ਲੜਾਕੂ ਜਹਾਜ਼ ਬਣਾ ਰਹੇ ਹਨ. ਦੂਜੇ ਪਾਸੇ ਉਹ ਹਨ ਜਿਨਾ ਕੋਲ ਕੋਈ ਵਿਜਨ ਨਹੀਂ ਹੈ।