ਚੰਡੀਗੜ 23 ਮਈ, (ਖ਼ਬਰ ਖਾਸ ਬਿਊਰੋ)
ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਅਜੀਤ ਦੇ ਮੁਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਕੇਸ ਦਰਜ ਕਰਨ ਨੂੰ ਲੈ ਕੇ ਰਿਪੋਰਟ ਮੰਗ ਲਈ ਹੈ।
ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਤੋ ਵੀਰਵਾਰ ਨੂੰ ਆਪਣੀ ਮੁਕੰਮਲ ਰਿਪੋਰਟ ਦੇਣ ਲਈ ਕਿਹਾ ਹੈ। ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਵਿਚ ਗੜਬੜੀ ਹੋਣ ਅਤੇ ਸਰਕਾਰੀ ਖ਼ਜਾਨੇ ਨੂੰ ਚੂਨਾ ਲਗਾਉਣ ਦੇ ਦੋਸ਼ ਤਹਿਤ ਅਜੀਤ ਅਖ਼ਬਾਰ ਸਮੂਹ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ, IAS ਅਧਿਕਾਰੀ ਵਿਨੈ ਬੁਬਲਾਨੀ ਸਮੇਤ 26 ਵਿਅਕਤੀਆਂ ਖਿਲਾਫ਼ ਕੇਸ ਦਰਜ਼ ਕੀਤਾ ਸੀ। ਵਿਜੀਲੈਂਸ ਨੇ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ ਖਿਲਾਫ਼ ਕੇਸ ਦਰਜ਼ ਕਰਨ ਤੇ ਆਮ ਆਦਮੀ ਪਾਰਟੀ ਨੂੰ ਛੱਡਕੇ ਸਮੁੱਚੀਆ ਰਾਜਨੀਤਿਕ ਧਿਰਾਂ ਦੇ ਆਗੂਆਂ ਨੇ ਇਸਨੁੰ ਬਦਲਾਖੋਰੀ ਦੀ ਭਾਵਨਾ ਦੱਸਦੇ ਹੋਏ ਪ੍ਰੈ੍ਸ ਦੀ ਅਜ਼ਾਦੀ ਉਤੇ ਹਮਲਾ ਦੱਸਿਆ ਸੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਸੂਬਾ ਸਰਕਾਰ ਤੋ ਰਿਪੋਰਟ ਲੈਣ ਲਈ ਚਿੱਠੀ ਲਿਖੀ ਸੀ। ਚੋਣ ਕਮਿਸ਼ਨ ਦੇ ਬੁਲਾਰੇ ਨੇ ਪ੍ਰੈ੍ਸ ਬਿਆਨ ਵਿਚ ਦੱਸਿਆ ਕਿ ਚੋਣ ਕਮਿਸ਼ਨ ਵਲੋ ਪੰਜਾਬ ਲਈ ਨਿਯੁਕਤ ਵਿਸ਼ੇਸ਼ ਆਬਜ਼ਰਵਰ ਨੇ ਇਕਸਮੀਖਿਆ ਮੀਟਿੰਗ ਦੌਰਾਨ ਜੰਗ-ਏ-ਅਜ਼ਾਦੀ ਕੇਸ ਬਾਬਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮੁੱਖ ਸਕੱਤਰ, ਪੰਜਾਬ ਤੋਂ ਰਿਪੋਰਟ ਮੰਗਣ ਲਈ ਕਿਹਾ ਹੈ। ਇਹ ਰਿਪੋਰਟ ਵਿਜੀਲੈਂਸ ਬਿਊਰੋ ਵੱਲੋਂ ਕਰਤਾਰਪੁਰ (ਜਲੰਧਰ) ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਸਬੰਧੀ ਕੇਸ ਦਰਜ ਕਰਨ ‘ਤੇ 23 ਮਈ ਨੂੰ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਸਬੰਧ ਵਿੱਚ ਮੰਗੀ ਗਈ ਹੈ।
ਮੁੱਖ ਸਕੱਤਰ ਪੰਜਾਬ ਨੂੰ 23-05-2024 ਸ਼ਾਮ ਤੱਕ ਤੱਥ ਆਧਾਰਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕਮਿਸ਼ਨ ਨੂੰ ਇਸ ਮਾਮਲੇ ਸਬੰਧੀ ਜਾਣੂ ਕਰਵਾਇਆ ਜਾ ਸਕੇ।