ਚੰਡੀਗੜ੍ਹ, 22 ਮਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਝੂਠੇ ਕੇਸ ਦਰਜ ਕਰ ਕੇ ਮੀਡੀਆ ਨੂੰ ਧਮਕਾਉਣ ਤੋਂ ਗੁਰੇਜ਼ ਕਰੇ ਜਿਵੇਂ ਕਿ ਇਸਨੇ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਕੇਸ ਦਰਜ ਕਰ ਕੇ ਕੀਤਾ ਹੈ।.
ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਖਬਾਰ ਸਮੂਹ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦਾ ਇਕਲੌਤਾ ਅਖ਼ਬਾਰ ਸਮੂਹ ਨੂੰ ਸਬਕ ਸਿਖਾਉਣਾ ਹੈ ਕਿਉਂਕਿ ਅਖ਼ਬਾਰ ਸਮੂਹ ਨਿਰਪੱਖ ਤੇ ਆਜ਼ਾਦਾਨਾ ਨੀਤੀ ’ਤੇ ਕੰਮ ਕਰ ਰਿਹਾ ਹੈ ਜੋ ਆਮ ਆਦਮੀ ਪਾਰਟੀ (ਆਪ) ਨੂੰ ਪਸੰਦ ਨਹੀਂ ਆ ਰਹੀ। ਉਹਨਾਂ ਕਿਹਾ ਕਿ ਇਹ ਐਫ ਆਈ ਆਰ ਦਰਜ ਕਰਨਾ ਨਿਰਪੱਖ ਤੇ ਆਜ਼ਾਦ ਚੋਣਾਂ ਵਿਚ ਸਿੱਧਾ ਦਖਲ ਤੇ ਪ੍ਰੈਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਚੋਣ ਪ੍ਰਕਿਰਿਆ ਦੇ ਚਲਦਿਆਂ ਤੇ ਪੰਜਾਬ ਵਿਚ ਵੋਟਾਂ ਪੈਣ ਤੋਂ ਕੁਝ ਦਿਨ ਪਹਿਲਾਂ ਕਾਹਲੀ ਵਿਚ ਇਹ ਕੇਸ ਕਿਉਂ ਦਰਜ ਕੀਤਾ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਨਿਰਪੱਖ ਤੇ ਆਜ਼ਾਦ ਚੋਣਾਂ ਦੇ ਵਿਚ ਵਿਘਨ ਨਾ ਪਵੇ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਉਹਨਾਂ ਮੰਗ ਕੀਤੀ ਕਿ ਐਫ ਆਈ ਆਰ ਰੱਦ ਕੀਤੀ ਜਾਵੇ ਤੇ ਡਾ. ਹਮਦਰਦ ਦੇ ਖਿਲਾਫ ਲਗਾਏ ਦੋਸ਼ਾਂ ਦੀ ਜਾਂਚ ਨਿਰਪੱਖ ਏਜੰਸੀ ਨੂੰ ਸੌਂਪੀ ਜਾਵੇ ਤਾਂ ਜੋ ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਨਾ ਹੋਣ। ਉਹਨਾਂ ਨੇ ਇਹ ਵੀ ਦੱਸਿਆ ਕਿ ਡਾ. ਹਮਦਰਦ ਦੇ ਖਿਲਾਫ ਦਰਜ ਐਫ ਆਈ ਆਰ ਦੇ ਅੰਸ਼ ਵੀ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ ਜਿਸ ਤੋਂ ਲੱਗਦਾ ਹੈ ਕਿ ਆਪ ਸਰਕਾਰ ਜਾਣ ਬੁੱਝ ਕੇ ਅਜੀਤ ਅਖ਼ਬਾਰ ਸਮੂਹ ਦੇ ਪਿੱਛੇ ਪਈ ਹੈ ਤੇ ਉਸਨੂੰ ਡਰਾਉਣਾ ਚਾਹੁੰਦੀ ਹੈ।
ਸਰਦਾਰ ਬਾਦਲ ਨੇ ਚੋਣ ਕਮਿਸ਼ਨ ਨੂੰ ਚੇਤੇ ਕਰਵਾਇਆ ਕਿ ਆਪ ਸਰਕਾਰ ਅਜੀਤ ਅਖ਼ਬਾਰ ਸਮੂਹ ਦੇ ਖਿਲਾਫ ਨਿਰੰਤਰ ਵੈਰ ਭਾਵਨਾ ਨਾਲ ਕੰਮ ਕਰ ਰਹੀ ਹੈ ਕਿਉਂਕਿ ਅਖ਼ਬਾਰ ਸਮੂਹ ਨੇ ਨਿਊਜ਼ ਕਵਰੇਜ ਦੇ ਮਾਮਲੇ ਵਿਚ ਆਜ਼ਾਦਾਨਾ ਨੀਤੀ ਅਪਣਾਈ ਹੋਈ ਹੈ। ਉਹਨਾਂ ਕਿਹਾ ਕਿ ਇਸ ਕਾਰਣ ਸਰਕਾਰ ਨੇ ਅਖ਼ਬਾਰ ਲਈ ਸਾਰੇ ਇਸ਼ਤਿਹਾਰ ਬੰਦ ਕੀਤੇ ਹੋਏ ਹਨ ਤੇ ਸੰਗਠਨ ਨਾਲ ਜੁੜੇ ਪੱਤਰਕਾਰਾਂ ਨੂੰ ਨਿੱਜੀ ਤੌਰ ’ਤੇ ਖਜੱਲ ਖਰਾਬ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਰੋਜ਼ਾਨਾ ਅਜੀਤ ਪੰਜਾਬੀ ਪੰਜਾਬ ਦੇ ਸਭ ਤੋਂ ਵੱਡੇ ਅਖ਼ਬਾਰਾਂ ਵਿਚ ਸ਼ਾਮਲ ਹੈ ਤੇ ਇਸਨੂੰ ਸੂਬੇ ਵਿਚ ਵੱਡੀ ਗਿਣਤੀ ਵਿਚ ਲੋਕ ਪੜ੍ਹਦੇ ਹਨ।