ਫ਼ਿਰੋਜ਼ਪੁਰ, 15 ਅਪਰੈਲ
ਇਥੋਂ ਦੀ ਸੀਆਈਏ ਸਟਾਫ਼ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਪਾਸੋਂ ਸੱਤ ਕਿੱਲੋ ਹੈਰੋਇਨ, 36 ਲੱਖ ਰੁਪਏ ਡਰੱਗ ਮਨੀ,ਤਿੰਨ ਪਿਸਟਲ, ਰਾਈਫ਼ਲ ਅਤੇ 20 ਰੌਂਦ ਸਮੇਤ ਬਿਨਾਂ ਨੰਬਰੀ ਕਾਰ ਤੇ ਇੱਕ ਆਈ ਫ਼ੋਨ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਉਰਫ਼ ਮਨੀ (27) ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕਮਾਲੇ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਕੀਤੀ ਗਈ ਹੈ। ਪੁਲੀਸ ਨੇ ਇਸ ਮੁਕੱਦਮੇ ਵਿਚ ਮੁਲਜ਼ਮ ਦੇ ਦੋ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ,ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਹੈ। ਮੁਲਜ਼ਮ ਮਨਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਮੁਹਾਲੀ ਵਿਚ ਅਸਲਾ ਐਕਟ ਅਤੇ ਪਟਿਆਲਾ ਵਿਚ ਜੇਲ੍ਹ ਐਕਟ ਅਧੀਨ ਮੁਕੱਦਮੇ ਦਰਜ ਹਨ। ਐੱਸਐੱਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਨਜੀਤ ਸਿੰਘ ਆਪਣੇ ਸਾਥੀਆਂ ਭੁਵਨੇਸ਼ ਚੋਪੜਾ ਵਾਸੀ ਦਿੱਲੀ ਗੇਟ ਹਾਲ ਕੈਨੇਡਾ ਅਤੇ ਰੋਹਿਤ ਸੇਠੀ ਵਾਸੀ ਮੁਹੱਲਾ ਧਰਮਪੁਰਾ ਸਿਟੀ ਫ਼ਿਰੋਜ਼ਪੁਰ ਨਾਲ ਮਿਲ ਕੇ ਪਾਕਿਸਤਾਨ ਤੋਂ ਵੱਡੇ ਪੱਧਰ ’ਤੇ ਹੈਰੋਇਨ ਮੰਗਵਾਉਂਦੇ ਹਨ ਤੇ ਅੱਗੇ ਸਪਲਾਈ ਕਰਦੇ ਹਨ। ਪੁਲੀਸ ਨੇ ਮਨਜੀਤ ਸਿੰਘ ਨੂੰ ਬਿਨਾਂ ਨੰਬਰੀ ਕਾਰ ’ਤੇ ਆਉਂਦੇ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ ’ਤੇ ਸੱਤ ਕਿੱਲੋ ਹੈਰੋਇਨ, 36 ਲੱਖ ਰੁਪਏ ਡਰੱਗ ਮਨੀ, ਪਿਸਟਲ ਤੇ ਪੰਜ ਰੌਂਦ ਸਮੇਤ ਆਈ ਫ਼ੋਨ ਬਰਾਮਦ ਹੋਇਆ। ਬਾਅਦ ਵਿਚ ਮਨਜੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਦੋ ਪਿਸਟਲ, ਰਾਈਫ਼ਲ ਅਤੇ 15 ਰੌਂਦ ਹੋਰ ਬਰਾਮਦ ਕੀਤੇ ਹਨ। ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਸਦਰ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।