ਕਾਹਨੂੰਵਾਨ, 15 ਅਪਰੈਲ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਡਾ ਭੈਣੀ ਮੀਆਂ ਖਾਂ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਭਾਜਪਾ ਖ਼ਿਲਾਫ਼ ਪੋਸਟਰ ਲਗਾ ਕੇ ਬਾਈਕਾਟ ਕਰਨ ਦਾ ਸੱਦਾ ਦਿੱਤਾ। ਇਸ ਇਕੱਠ ਦੌਰਾਨ ਕਿਸਾਨ ਆਗੂਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਾਰੀ ਕੀਤਾ ਬੈਨਰ ਕਸਬਾ ਭੈਣੀ ਮੀਆਂ ਖਾਂ ਦੇ ਮੁੱਖ ਚੌਕ ਵਿੱਚ ਲਗਾਏ ਗਏ, ਜਿਸ ਵਿੱਚ ਇੱਕ ਪਾਸੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਤਸਵੀਰ ਹੈ ਤੇ ਦੂਸਰੇ ਪਾਸੇ ਕਿਸਾਨ ਆਗੂਆਂ ਵੱਲੋਂ ਭਾਜਪਾ ਉਮੀਦਵਾਰਾਂ ਕੋਲੋਂ 12 ਸਵਾਲ ਪੁੱਛੇ ਗਏ ਹਨ। ਜੇ ਭਾਜਪਾ ਆਗੂ ਸਵਾਲਾਂ ਦਾ ਸਾਹਮਣਾ ਕਰਨ ਤੋਂ ਭੱਜਦੇ ਹਨ ਤਾਂ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ। ਭਾਜਪਾ ਆਗੂਆਂ ਖ਼ਿਲਾਫ਼ ਪ੍ਰਦਰਸ਼ਨ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਸਾਨ ਆਗੂ ਕੈਪਟਨ ਸ਼ਮਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਗੁਰਪ੍ਰੀਤ ਨਾਨੋਵਾਲ ਨੇ ਕਿਹਾ ਕਿ ਦੇਸ਼ ਵਿੱਚ 75 ਸਾਲਾਂ ਦੌਰਾਨ ਲਾਗੂ ਹੋਏ ਲੋਕਤੰਤਰੀ ਢਾਂਚੇ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਨਕਾਰਾ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਦੁਕਾਨਾਂ ਦੀਆਂ ਕੰਧਾਂ ਉੱਪਰ ਭਾਜਪਾ ਬਾਈਕਾਟ ਦੇ ਪੋਸਟਰ ਲਗਾਏ ਅਤੇ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਹਰਜੀਤ ਕੌਰ, ਗੁਰਪ੍ਰੀਤ ਕੌਰ, ਬਲਵਿੰਦਰ ਕੌਰ, ਕੰਵਲਜੀਤ ਕੌਰ, ਗੁਰਮੀਤ ਕੌਰ, ਜਸਬੀਰ ਸਿੰਘ ਗੁਰਾਇਆ, ਮਨੋਹਰ ਸਿੰਘ ਜੀਦੜ, ਹਰਦੀਪ ਸਿੰਘ ਜੀਂਦੜ, ਅਵਤਾਰ ਸਿੰਘ, ਜਰਨੈਲ ਸਿੰਘ ਲਾਧੂਪੁਰ, ਦਲਵਿੰਦਰ ਸਿੰਘ, ਕਾਬਲ ਸਿੰਘ, ਕੁਲਦੀਪ ਸਿੰਘ ਤੇ ਬਲਵਿੰਦਰ ਸਿੰਘ ਸਣੇ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ।