ਚੰਡੀਗੜ੍ਹ, 17 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੀ ਵਚਨਬੱਧਤਾ ਤਹਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ), ਐਸਏਐਸ ਨਗਰ ਨੇ ਆਪਣੇ ਸਾਬਕਾ ਕੈਡਿਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਿਆਂ ਹਾਲ ਹੀ ਵਿੱਚ ਕਮਿਸ਼ਨਡ ਅਫ਼ਸਰ ਬਣੇ ਅੱਠ ਕੈਡਿਟਾਂ ਨੂੰ ਵੱਕਾਰੀ ਅਚੀਵਰ ਐਵਾਰਡ ਨਾਲ ਸਨਮਾਨਿਤ ਕੀਤਾ ।
ਅਚੀਵਰ ਅਵਾਰਡ ਸਮਾਰੋਹ ਦੌਰਾਨ ਇਸ ਵੱਕਾਰੀ ਸੰਸਥਾ ਵੱਲੋਂ 2025 ਵਿੱਚ ਰੱਖਿਆ ਸੇਵਾਵਾਂ ‘ਚ ਕਮਿਸ਼ਨ ਹਾਸਲ ਕਰਨ ਵਾਲੇ ਆਪਣੇ ਅੱਠ ਕੈਡਿਟਾਂ ਨੂੰ ਮਾਨਤਾ ਦਿੱਤੀ ਗਈ, ਜਿਨ੍ਹਾਂ ਵਿੱਚੋਂ ਸੱਤ ਕੈਡਿਟਾਂ ਨੇ ਨਵੰਬਰ/ਦਸੰਬਰ 2025 ਵਿੱਚ ਅਤੇ ਇੱਕ ਕੈਡਿਟ ਨੇ ਮਾਰਚ 2025 ਵਿੱਚ ਕਮਿਸ਼ਨ ਹਾਸਲ ਕੀਤਾ ਸੀ। ਇਨ੍ਹਾਂ ਨੌਜਵਾਨ ਅਫਸਰਾਂ ਨੇ ਸਿਖਲਾਈ ਅਧੀਨ ਕੈਡਿਟਾਂ ਨਾਲ ਗੱਲਬਾਤ ਕਰਦਿਆਂ ਪ੍ਰੀ-ਕਮਿਸ਼ਨਿੰਗ ਅਕੈਡਮੀਆਂ ਤੋਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੈਡਿਟਾਂ ਨੂੰ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅਚੀਵਰ ਐਵਾਰਡ ਹਾਸਲ ਕਰਨ ਵਾਲੇ ਅੱਠ ਨੌਜਵਾਨ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਸੇਵਾ ਨਿਭਾਉਣ ਅਤੇ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਚਮਕਾਉਣ ਲਈ ਪ੍ਰੇਰਿਤ ਕਰੇਗੀ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ, ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਨੌਜਵਾਨ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਮਿਸ਼ਨ ਅਫ਼ਸਰ ਲੱਗਣ ‘ਤੇ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਐਮ.ਆਰ.ਐਸ.ਏਐਫਪੀਆਈ ਵਿਖੇ ਪ੍ਰਾਪਤ ਕੀਤੀ ਸਿਖਲਾਈ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਉੱਤਮਤਾ ਹਾਸਲ ਕਰਨ ਲਈ ਇੱਕ ਲਾਂਚ ਪੈਡ ਵਜੋਂ ਕੰਮ ਕਰਦੀ ਰਹੇਗੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਵੱਕਰੀ ਸੰਸਥਾ, ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਢੁਕਵੇਂ ਮੌਕੇ ਪ੍ਰਦਾਨ ਕਰ ਰਹੀ ਹੈ, ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2011 ਵਿੱਚ ਸ਼ੁਰੂ ਹੋਈ ਇਹ ਸੰਸਥਾ ਰੱਖਿਆ ਬਲਾਂ ਲਈ ਪ੍ਰਮੁੱਖ ਫੀਡਰ ਦੀ ਭੂਮਿਕਾ ਨਿਭਾ ਰਹੀ ਹੈ। ਹੁਣ ਤੱਕ ਇਸ ਸੰਸਥਾ ਦੇ 278 ਕੈਡਿਟ ਐਨਡੀਏ ਅਤੇ ਹੋਰ ਅਕੈਡਮੀਆਂ ਲਈ ਚੁਣੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 186 ਨੇ ਕਮਿਸ਼ਨ ਵੀ ਹਾਸਲ ਕਰ ਲਿਆ ਹੈ। ਇਥੇ ਹੀ ਵੀ ਦੱਸਿਆ ਗਿਆ ਕਿ ਇਸ ਸੰਸਥਾ ਦੇ 10 ਹੋਰ ਕੈਡਿਟਾਂ ਨੂੰ ਐਨਡੀਏ/ਹੋਰ ਅਕੈਡਮੀਆਂ ਦੇ ਜੁਆਇਨਿੰਗ ਲੈਟਰ ਪ੍ਰਾਪਤ ਹੋ ਚੁੱਕੇ ਹਨ ਅਤੇ 47 ਕੈਡਿਟ ਆਪਣੇ ਸਰਵਿਸ ਸਿਲੈਕਸ਼ਨ ਬੋਰਡ (ਐਸਐਸਬੀ) ਇੰਟਰਵਿਊ ਲਈ ਤਿਆਰੀ ਕਰ ਰਹੇ ਹਨ।