ਜਗਰਾਓ, 20 ਮਈ (ਖ਼ਬਰ ਖਾਸ ਬਿਊਰੋ)
ਅਜੌਕੀ ਨੌਜਵਾਨ ਪੀੜ੍ਹੀ ਅਤੇ ਵੋਟ ਪਾਉਣ ਤੋਂ ਘੇਸਲ ਵੱਟਣ ਵਾਲੇ ਵੋਟਰਾਂ ਲਈ ਮਾਤਾ ਭਗਵਾਨ ਕੌਰ ਇਕ ਮਿਸਾਲ ਹੈ। ਜ਼ਿੰਦਗੀ ਦੇ ਸਫ਼ਰ ਦਾ 112 ਸਾਲ ਪੂਰਾ ਕਰ ਰਹੀ ਪਿੰਡ ਮੱਲ੍ਹਾ ਦੀ ਮਾਤਾ ਭਗਵਾਨ ਕੌਰ ਨੂੰ ਵੋਟਾਂ ਦਾ ਡਾਹਢਾ ਚਾਅ ਹੈ। ਲੰਮੇਰੀ ਉਮਰ ਦਾ ਵਾਸਤਾ ਪਾਉਂਦੇ ਹੋਏ ਭਾਵੇਂ ਚੋਣ ਅਮਲਾ ਅਤੇ ਪਰਿਵਾਰਕ ਮੈਂਬਰ ਪੋਸਟਲ ਬੈਲਟ ਰਾਹੀ ਘਰੋਂ ਵੋਟ ਪਾਉਣ ਦੀ ਦਲੀਲ ਦਿੰਦੇ ਹਨ ਪਰ ਮਾਤਾ ਦਾ ਕਹਿਣਾ ਹੈ ਕਿ ਉਹ ਪੋਲਿੰਗ ਬੂਥ ਉਤੇ ਜਾ ਕੇ ਹੀ ਵੋਟ ਪਾਵੇਗੀ।
ਜ਼ਿੰਦਗੀ ਦਾ ਪੈਂਡਾਂ ਤੈਅ ਕਰਦਿਆਂ ਮਾਤਾ ਭਗਵਾਨ ਕੌਰ ਕਈ ਸਰਕਾਰਾਂ ਬਣਦੀਆਂ ਦੇਖੀਆਂ ਹਨ ਅਤੇ ਵੋਟਾਂ ਵੀ ਪਾਈਆਂ ਹਨ ਅਤੇ ਹੁਣ ਵੀ 112 ਵੇਂ ਸਾਲ ’ਚ ਵੋਟ ਹਰ ਹਾਲ ਪਾਉਣ ਲਈ ਤਿਆਰ ਹੈ। ਮਾਤਾ ਭਗਵਾਨ ਕੌਰ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਹਨ। ਹੁਣ ਵੀ ਉਹ ਮੁਰੱਬਾ ਮੁੱਕਣ ਨਹੀਂ ਦਿੰਦੀ। ਦੁੱਧ, ਦਹੀ-ਲੱਸੀ ਉਸਦੀ ਰੋਜ਼ਾਨਾਂ ਦੀ ਖੁਰਾਕ ਦਾ ਹਿੱਸਾ ਹਨ। ਉਹ ਦੱਸਦੀ ਹੈ ਕਿ ਪੁਰਾਣੇ ਵੇਲ੍ਹੇ ਕਈ ਬਿਮਾਰੀਆਂ ਦਾ ਨਾਮ ਨਹੀਂ ਸੀ ਸੁਣਿਆ ਹੁਣ ਤਾਂ ਖਾਣ ਪੀਣ ਵੀ ਬਿਮਾਰੀ ਨੂੰ ਦੇਖਕੇ ਕੀਤਾ ਜਾਂਦਾ।
ਮਾਤਾ ਭਗਵਾਨ ਕੌਰ ਦਾ ਪੜਪੋਤਾ ਅੰਮ੍ਰਿਤਪਾਲ ਸਿੰਘ ਦੱਸਦਾ ਕਿ ਤੜਕੇ ਉਠਣਾ ਮਾਤਾ ਜੀ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹੈ। ਉਹ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ। ਸਵੇਰ ਦੇ ਨਾਸ਼ਤੇ ਵਿਚ ਉਹ ਦਹੀ ਪਰੌਂਠਾ ਖਾ ਲੈਂਦੇ ਹਨ। ਘਰ ਦੇ ਮੈਂਬਰਾਂ ਨੂੰ ਪੁਰਾਣਾ ਵੇਲ੍ਹਾ ਯਾਦ ਕਰਵਾਉਦੇ ਹੋਏ ਹਾਸਾ ਠੱਠਾ ਵੀ ਕਰਦੇ ਹਨ ਤੇ ਨਸੀਹਤਾ ਵੀ ਦਿੰਦੇ ਹਨ।
ਪੈਨਸ਼ਨ ਨਾ ਲੱਗਣ ਦਾ ਹਰਕ ਪਰ ਵੋਟ ਜਰੂਰ ਪਾਵੇਗੀ ਗੁਰਨਾਮ ਕੌਰ
ਜਗਰਾਓ ਦੇ ਨੇੜ੍ਹੇ ਪਿੰਡ ਦੇਹੜਕਾ ਦੀ 107 ਸਾਲਾਂ ਮਾਤਾ ਗੁਰਨਾਮ ਕੌਰ ਦੀ ਵੀ ਇਹੋ ਜਿਹੀ ਕਹਾਣੀ ਹੈ। ਗੁਰਨਾਮ ਕੌਰ ਪਿੰਡ ਵਿਚ ਸੱਭਤੋਂ ਵੱਡੀ ਉਮਰ ਦੀ ਵੋਟਰ ਹੈ। ਹਾਲਾਂਕਿ ਉਸਨੂੰ ਪੈਨਸ਼ਨ ਨਾ ਲੱਗਣ ਦਾ ਹਰਕ ਹੈ, ਪਰ ਉਹ ਵੋਟ ਜਰੂਰ ਪਾਵੇਗੀ। ਗੁਰਨਾਮ ਕੌਰ ਦੀ ਪੁੱਤਰ ਬਲਦੇਵ ਸਿੰਘ ਅਤੇ ਨੂੰਹ ਦਲਜੀਤ ਕੌਰ ਦੱਸਦੀ ਹੈ , ਵਾਹਿਗੂਰ ਦੀ ਆਪਾਰ ਕਿਰਪਾ ਹੈ ਜਿਸ ਕਰਕੇ ਉਨ੍ਹਾਂ ਕਦੇ ਪੈਨਸ਼ਨ ਲੈਣ ਬਾਰੇ ਸੋਚਿਆ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮਾਤਾ ਨੂੰ ਤੁਰਨ ਫਿਰਨ ਦੀ ਸਮੱਸਿਆ ਹੈ,ਪਰ ਉਹ ਵੋਟ ਪਾਉਣ ਬੂਥ ’ਤੇ ਜਰੂਰ ਲੈ ਕੇ ਜਾਣਗੇ।