ਚੰਡੀਗੜ੍ਹ 21 ਨਵੰਬਰ(ਖ਼ਬਰ ਖਾਸ ਬਿਊਰੋ)
ਇੰਟਰਨੈਸ਼ਨਲ ਡਿਪਲੋਮਾ ਇਨ ਕੇਅਰ-ਗਿਵਿੰਗ ਕੋਰਸ ਕਰਕੇ ਵਿਦੇਸ਼ਾਂ ਵਿੱਚ ਦੇਖਭਾਲ ਰੁਜ਼ਗਾਰ ਦੇ ਸੁਨਹਿਰੀ ਮੌਕੇ ਉਪਲਬਧ ਹਨ। ਇਹ ਡਿਪਲੋਮਾ ਕੋਰਸ ਹਸਪਤਾਲਾਂ, ਬ੍ਰਿਧ ਆਸ਼ਰਮ ਅਤੇ ਘਰੇਲੂ ਸੇਵਾਵਾਂ ਵਿੱਚ ਚਾਹਵਾਨ ਹੁਨਰਮੰਦ ਦੇਖਭਾਲ ਕਰਨ ਵਾਲਿਆਂ ਲਈ ਹੈ। ਇਸ ਡਿਪਲੋਮਾ ਕੋਰਸ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਕਿਊਏਆਈ ਨਾਲ ਹੋਏ ਸਮਝੌਤੇ ਤਹਿਤ ਕਰਵਾਇਆ ਜਾਂਦਾ ਹੈ।
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ 40 ਉੱਚ ਸਿੱਖਿਆ ਕ੍ਰੈਡਿਟ, 4 ਪੱਧਰੀ “ਇੰਟਰਨੈਸ਼ਨਲ ਡਿਪਲੋਮਾ ਇਨ ਕੇਅਰ-ਗਿਵਿੰਗ” ਸ਼ੁਰੂ ਕਰਨ ਲਈ ਅੰਤਰਰਾਸ਼ਟਰੀ ਯੋਗਤਾ ਅਤੇ ਮੁਲਾਂਕਣ ‘ਤੇ ਆਧਾਰਿਤ ਸੰਸਥਾ ਨਾਲ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਹਨ ਜੋ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਸਡੀਸੀ) ਦੁਆਰਾ ਪ੍ਰਵਾਨਿਤ ਸਿਖਲਾਈ ਸੰਸਥਾ ਹੈ। ਦੱਸਣਯੋਗ ਹੈ ਕਿ ਐਨਐਸਡੀਸੀ ਭਾਰਤ ਵਿੱਚ ਇੱਕ ਗੈਰ-ਮੁਨਾਫ਼ਾ, ਜਨਤਕ-ਨਿੱਜੀ ਭਾਈਵਾਲੀ ਕੰਪਨੀ ਹੈ, ਜਿਸਦਾ ਉਦੇਸ਼ ਕਿੱਤਾਮੁਖੀ ਸਿਖਲਾਈ ਪਹਿਲਕਦਮੀਆਂ ਰਾਹੀਂ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਮੇਤ ਸਮੁੱਚਾ ਵਿਸ਼ਵ ਹਸਪਤਾਲਾਂ, ਬ੍ਰਿਧ ਆਸ਼ਰਮ ਅਤੇ ਘਰੇਲੂ ਸੇਵਾਵਾਂ ਵਿੱਚ ਹੁਨਰਮੰਦ ਦੇਖਭਾਲ ਕਰਨ ਵਾਲਿਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਇੰਟਰਨੈਸਨਲ ਡਿਪਲੋਮਾ ਇਨ ਕੇਅਰ-ਗਿਵਿੰਗ 12ਵੀਂ ਪਾਸ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਯੋਗਤਾ ਅਤੇ ਮੁਲਾਂਕਣ ‘ਤੇ ਆਧਾਰਿਤ ਹੈ ਜੋ ਉੱਚ-ਮੰਗ ਵਾਲੇ ਖੇਤਰਾਂ ਵਿੱਚ ਪੇਸ਼ੇਵਰ ਕੈਰੀਅਰ ਲਈ ਸਿੱਧੀ ਮੰਗ ਪ੍ਰਦਾਨ ਕਰਦਾ ਹੈ। ਲੋੜੀਂਦੀ ਯੋਗਤਾ ਰੱਖਣ ਵਾਲੇ ਉਮੀਦਵਾਰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ “ਡਿਪਲੋਮਾ ਇਨ ਕੇਅਰ-ਗਿਵਿੰਗ” ਹਾਸਲ ਕਰ ਸਕਣਗੇ, ਜਿਨ੍ਹਾਂ ਨੂੰ ਭਾਰਤ ਵਿਚ ਸਿਹਤ ਸੰਭਾਲ ਅਤੇ ਬ੍ਰਿਧਾਂ ਦੀ ਦੇਖਭਾਲ ਖੇਤਰਾਂ ਤੋਂ ਇਲਾਵਾ ਯੂਕੇ, ਜਰਮਨੀ, ਕੈਨੇਡਾ, ਆਸਟ੍ਰੇਲੀਆ ਆਦਿ ਵਿਦੇਸ਼ਾਂ ਵਿਚ ਨੌਕਰੀਆਂ ਦੇ ਮੌਕੇ ਹਾਸਲ ਹੋਣਗੇ।
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੁਆਰਾ ਇਸ ਡਿਪਲੋਮਾ ਕੋਰਸ ਵਿੱਚ ਸਫਲ ਵਿਦਿਆਰਥੀਆਂ ਨੂੰ 40 ਅਕਾਦਮਿਕ ਕ੍ਰੈਡਿਟ ਪ੍ਰਦਾਨ ਕੀਤੇ ਜਾਣਗੇ। ਇਹਨਾਂ ਕ੍ਰੈਡਿਟਸ ਨੂੰ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ ਕੋਰਸਾਂ ਵਿੱਚ ਅਤੇ ਅਗਲੇਰੀ ਉੱਚ ਸਿੱਖਿਆ ਲਈ ਅੱਗੇ ਵਧਾਇਆ ਅਤੇ ਵਰਤਿਆ ਜਾ ਸਕਦਾ ਹੈ, ਜਿਸ ਨਾਲ ਸਿਖਿਆਰਥੀਆਂ ਨੂੰ ਕੈਰੀਅਰ ਅਤੇ ਅਕਾਦਮਿਕ ਤਰੱਕੀ ਦੋਵੇਂ ਮਿਲਣਗੇ।
ਦੱਸਣਯੋਗ ਹੈ ਕਿ ਭਾਰਤ ਸਰਕਾਰ ਅਤੇ ਐਨਐਸਡੀਸੀ ਦੇ ਸਕਿੱਲ ਇੰਡੀਆ ਮਿਸ਼ਨ ਦੇ ਨਾਲ ਸੰਬੰਧਿਤ ਇਹ ਡਿਪਲੋਮਾ ਕੋਰਸ ਕਲਾਸਰੂਮ ਸਿੱਖਿਆ ਅਤੇ ਵਿਹਾਰਕ ਸਿਖਲਾਈ ਨਾਲ ਜੁੜਿਆ ਹੋਣ ਕਰਕੇ ਇਹ ਯਕੀਨੀ ਬਣਾਉਂਦਾ ਹੈ ਕਿ ਡਿਪਲੋਮਾ ਪ੍ਰਾਪਤ ਕਰਤਾ ਪਹਿਲੇ ਦਿਨ ਤੋਂ ਹੀ ਨੌਕਰੀ ਲਈ ਸਮਰੱਥ ਹਨ। ਇਹ ਸਮਝੌਤਾ ਘਰੇਲੂ ਸਿਹਤ ਸੰਭਾਲ ਜ਼ਰੂਰਤਾਂ, ਵਿਸ਼ਵਵਿਆਪੀ ਦੇਖਭਾਲ ਦੀ ਮੰਗ ਅਤੇ ਉੱਚ ਸਿੱਖਿਆ ਵਿੱਚ ਤਰੱਕੀ ਨੂੰ ਪੂਰਾ ਕਰਨ ਵਾਲੇ ਭਾਰਤ ਦੇ ਨੌਜਵਾਨਾਂ ਨੂੰ ਕੈਰੀਅਰ ਲਈ ਤਿਆਰ ਕਰਨ ਵਿੱਚ ਇੱਕ ਵੱਡਾ ਕਦਮ ਦਰਸਾਉਂਦਾ ਹੈ।
ਕਾਬਲੇਗ਼ੌਰ ਹੈ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਵਾਨਿਤ ਸਿਖਲਾਈ ਭਾਈਵਾਲ ਕੁਆਲੀਫਿਕੇਸਨ ਐਂਡ ਅਸੈਸਮੈਂਟ ਇੰਟਰਨੈਸ਼ਨਲ ਨੇ ਜਰਮਨੀ ਵਿੱਚ ਸਫਲ ਕੈਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੀਆਂ ਭਾਰਤੀ ਨਰਸਾਂ ਲਈ ਜਰਮਨ ਭਾਸ਼ਾ ਵਿਚ ਮੁਫ਼ਤ ਸਿਖਲਾਈ ਅਤੇ ਨੌਕਰੀ ਹਾਸਲ ਕਰਨ ਲਈ ਪਹਿਲਕਦਮੀ ਦਾ ਐਲਾਨ ਕੀਤਾ ਸੀ ਜੋ ਮੌਜੂਦਾ ਸਮੇਂ ਦੁਨੀਆ ਦੀਆਂ ਸਭ ਤੋਂ ਉੱਨਤ ਸਿਹਤ ਸੰਭਾਲ ਇਕਾਈਆਂ ਵਿੱਚੋਂ ਇੱਕ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਜਰਮਨ ਇਸ ਵੇਲੇ ਯੋਗ ਸਿਹਤ ਸੰਭਾਲ ਪੇਸ਼ੇਵਰਾਂ ਦੀ ਇੱਕ ਗੰਭੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ ਜੋ ਭਾਰਤ ਤੋਂ ਨਰਸਾਂ ਲਈ ਰੁਜ਼ਗਾਰ ਦਾ ਇੱਕ ਸੁਨਹਿਰੀ ਮੌਕਾ ਹੈ। ਇਹ ਕਿੱਤਾ ਮੁਕ਼ਾਬਲਾਤਨ ਬਿਹਤਰ ਤਨਖਾਹਾਂ, ਵਿਸ਼ਵ ਪੱਧਰੀ ਕੰਮ ਕਰਨ ਦੀਆਂ ਸਹੂਲਤਾਂ, ਸੰਤੁਲਿਤ ਕੰਮ ਅਤੇ ਬਿਹਤਰ ਜੀਵਨ ਸ਼ੈਲੀ ‘ਤੇ ਜ਼ੋਰ ਦਿੰਦਾ ਹੋਣ ਕਰਕੇ ਹੁਨਰਮੰਦ ਸਿਹਤ ਸੰਭਾਲ ਕਰਮਚਾਰੀਆਂ ਲਈ ਜਰਮਨ ਇੱਕ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ।
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਬਾਰੇ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਪੰਜਾਬ ਸਰਕਾਰ ਦੁਆਰਾ ਜੁਲਾਈ, 1998 ਵਿੱਚ ਸਥਾਪਿਤ ਇੱਕ ਸੂਬਾਈ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦਾ ਮਿਸ਼ਨ ਵਿਸ਼ਵੀ ਪੱਧਰ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇੱਕ ਬੌਧਿਕ, ਅਕਾਦਮਿਕ ਅਤੇ ਭੌਤਿਕ ਵਾਤਾਵਰਣ ਬਣਾਉਣਾ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਸਿਹਤ ਵਿਗਿਆਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਸਿਹਤ ਪੇਸ਼ੇਵਰਾਂ, ਸਿਹਤ ਯੋਜਨਾਕਾਰਾਂ, ਸਿਹਤ ਪ੍ਰਬੰਧਕਾਂ, ਸਮਾਜਿਕ ਵਿਗਿਆਨੀਆਂ ਅਤੇ ਸਿੱਖਿਅਕਾਂ ਲਈ ਵਿਸ਼ਵੀ ਪੱਧਰ ਤੇ ਰੁਜ਼ਗਾਰ ਦੇ ਵਸੀਲੇ ਪੈਦਾ ਹੋ ਸਕਣ।
ਕੁਆਲੀਫਿਕੇਸ਼ਨ ਐਂਡ ਅਸੈਸਮੈਂਟ ਇੰਟਰਨੈਸ਼ਨਲ ਬਾਰੇ
ਕੁਆਲੀਫਿਕੇਸ਼ਨ ਐਂਡ ਅਸੈਸਮੈਂਟ ਇੰਟਰਨੈਸ਼ਨਲ ਯੂਕੇ ਸਹਾਇਕ ਕੰਪਨੀ ਦੇ ਸਹਿਯੋਗ ਨਾਲ 2010 ਨੂੰ ਭਾਰਤ ਵਿੱਚ ਇੱਕ ਸੰਸਥਾ ਵਜੋਂ ਸਥਾਪਿਤ ਕੀਤੀ ਗਈ ਸੀ ਜੋ ਭਾਸ਼ਾਵਾਂ, ਹੁਨਰ ਕੋਰਸਾਂ, ਅਧਿਆਪਕ ਸਿਖਲਾਈ ਪ੍ਰੋਗਰਾਮਾਂ ਸਮੇਤ ਅੰਤਰਰਾਸ਼ਟਰੀ ਪੱਧਰ ‘ਤੇ ਬੈਂਚਮਾਰਕ ਕੀਤੀਆਂ ਯੋਗਤਾਵਾਂ ਦੇ ਕੋਰਸ ਅਤੇ ਮੁਲਾਂਕਣ ਉਪਰ ਆਧਾਰਿਤ ਹੋਣ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਦੀ ਹੈ। ਇਸਦੇ ਪੇਸ਼ੇਵਰ ਕੋਰਸ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਨਿਯਮਤ ਯੋਗਤਾ ਫਰੇਮਵਰਕ ਨਾਲ ਮਿਲਾਨ ਕੀਤੇ ਕੀਤੇ ਗਏ ਹਨ। ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮਾਂ ਨੂੰ ਕਾਮਨ ਯੂਰਪੀਅਨ ਫਰੇਮਵਰਕ ਆਫ਼ ਰੈਫ਼ਰੈਂਸ ਨਾਲ ਜੋੜਿਆ ਗਿਆ ਹੈ ਅਤੇ ਇਸਦੇ ਹੁਨਰ ਪ੍ਰੋਗਰਾਮਾਂ ਨੂੰ ਕਾਮਨ ਇੰਟਰਨੈਸਨਲ ਫਰੇਮਵਰਕ ਆਫ਼ ਰੈਫ਼ਰੈਂਸ ਨਾਲ ਜੋੜਿਆ ਗਿਆ ਹੈ। ਪ੍ਰੋਗਰਾਮਾਂ ਨੂੰ ਭਾਰਤ ਦੇ ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨ ਫਰੇਮਵਰਕ ਨਾਲ ਵੀ ਜੋੜਿਆ ਗਿਆ ਹੈ।