ਮਾਨਸਾ 21 ਨਵੰਬਰ (ਖ਼ਬਰ ਖਾਸ ਬਿਊਰੋ)
ਜ਼ਿਲ੍ਹੇ ਵਿਚ ਕਿਸਾਨਾਂ ਵਲੋ ਮਰੀ ਹੋਈ ਮੱਝ ਦਾ ਬੀਮਾ ਕਲੇਮ ਲੈਣ ਵੱਖਰੀ ਕਿਸਮ ਦਾ ਪ੍ਰਦਰਸ਼ਨ ਕੀਤਾ ਹੈ। ਘਟਨਾ ਪਿੰਡ ਭੈਣੀ ਬਾਘਾ ਨਾਲ ਸਬੰਧਤ ਹੈ। ਕਰਜ਼ੇ ‘ਤੇ ਖਰੀਦੀ ਗਈ ਇੱਕ ਮਰੀ ਹੋਈ ਮੱਝ ਦਾ ਬੀਮਾ ਲੈਣ ਦੀ ਮੰਗ ਲਈ ਕਿਸਾਨਾਂ ਦਾ ਨਿੱਜੀ ਬੈਂਕ ਅਧਿਕਾਰੀ ਵਿਚਕਾਰ ਝਗੜਾ ਹੋ ਗਿਆ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਕਿਸਾਨਾਂ ਨੇ ਮਰੀ ਹੋਈ ਮੱਝ ਨੂੰ ਟਰਾਲੀ ਵਿਚ ਲੱਦਿਆ ਅਤੇ ਬੈਂਕ ਦੇ ਸਾਹਮਣੇ ਧਰਨਾ ਦੇ ਦਿੱਤਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਸੇ ਵੀ ਬੈਂਕ ਅਧਿਕਾਰੀ ਜਾਂ ਕਰਮਚਾਰੀ ਨੂੰ ਬੈਂਕ ਤੋਂ ਬਾਹਰ ਜਾਣ ਨਹੀਂ ਦਿੱਤਾ। ਇਸੀ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਇੱਕ ਮਹਿਲਾ ਬੈਂਕ ਕਰਮਚਾਰੀ ਦੇ ਪਤੀ ਨਾਲ ਝੜਪ ਹੋ ਗਈ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਭੈਣੀ ਬਾਘਾ ਦੇ ਇੱਕ ਕਿਸਾਨ ਗਗਨਦੀਪ ਸ਼ਰਮਾ ਨੇ 2023 ਵਿੱਚ ਸ਼ਹਿਰ ਦੇ ਵਾਟਰ ਵਰਕਸ ਰੋਡ ‘ਤੇ ਸਥਿਤ ਇੱਕ ਨਿੱਜੀ ਬੈਂਕ ਤੋਂ ਆਪਣੀ ਮੱਝ ‘ਤੇ ₹360,000 ਦਾ ਕਰਜ਼ਾ ਲਿਆ ਸੀ। ਮੱਝ ਦੇ ਸੂਣ ਬਾਅਦ ਮੌਤ ਹੋ ਗਈ। ਕਿਸਾਨ ਆਗੂਆਂ ਜਗਦੇਵ ਸਿੰਘ ਭੈਣੀ ਬਾਘਾ ਅਤੇ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਕਰਜ਼ੇ ਹੇਠ ਖਰੀਦੀ ਗਈ ਮੱਝ ਦਾ ਬੀਮਾ ਕਰਵਾਇਆ ਗਿਆ ਸੀ, ਅਤੇ ਮੱਝ ਦੇ ਮਰਨ ਤੋਂ ਬਾਅਦ, ਉਨ੍ਹਾਂ ਨੇ ਵਾਰ-ਵਾਰ ਬੈਂਕ ਅਧਿਕਾਰੀਆਂ ਨੂੰ ਜਾਂਚ ਕਰਨ ਦੀ ਬੇਨਤੀ ਕੀਤੀ, ਪਰ ਕੋਈ ਬੈਂਕ ਅਧਿਕਾਰੀ ਪਿੰਡ ਨਹੀਂ ਆਇਆ।
ਬੈਂਕ ਅਧਿਕਾਰੀਆਂ ਦੇ ਰਵਈਏ ਤੋਂ ਨਿਰਾਸ਼ ਹੋ ਕੇ, ਉਨ੍ਹਾਂ ਨੇ ਮਰੀ ਹੋਈ ਮੱਝ ਨੂੰ ਟਰਾਲੀ ‘ਤੇ ਲੱਦਿਆ ਅਤੇ ਬੈਂਕ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ, ਅਮਨਜੋਤ ਕਟੋਡੀਆ ਨਾਮ ਦਾ ਇੱਕ ਨੌਜਵਾਨ ਆਪਣੀ ਪਤਨੀ ਨੂੰ ਲੈਣ ਲਈ ਬੈਂਕ ਆਇਆ ਅਤੇ ਕਿਸਾਨਾਂ ਨਾਲ ਝਗੜਾ ਹੋ ਗਿਆ, ਜਿਸ ਕਾਰਨ ਉਸਨੂੰ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਘਟਨਾਂ ਬਾਅਦ ਮਾਨਸਾ ਦੇ ਸਿਟੀ-1 ਥਾਣੇ ਦੇ ਇੰਚਾਰਜ ਜਸਪ੍ਰੀਤ ਸਿੰਘ ਵੀ ਮੌਕੇ ‘ਤੇ ਪਹੁੰਚੇ। ਕਿਸਾਨ ਆਗੂ ਜਗਦੇਵ ਸਿੰਘ ਭੈਣੀ ਬਾਘਾ ਅਤੇ ਭਾਜਪਾ ਆਗੂ ਅਮਰਜੀਤ ਕਟੋਡੀਆ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਮਾਮਲੇ ਨੂੰ ਹੱਲ ਕਰਨ ਲਈ ਸੋਮਵਾਰ ਨੂੰ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਦਾ ਸਮਾਂ ਦਿੱਤਾ। ਬਾਅਦ ਵਿੱਚ ਵਿਰੋਧ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ।