ਚੰਡੀਗੜ੍ਹ 19 ਨਵੰਬਰ (ਖ਼ਬਰ ਖਾਸ ਬਿਊਰੋ)
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਬਾਦਲ ਪਰਿਵਾਰ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਦੋਸ਼ ਲਾਉਣ ਦਾ ਕੋਈ ਵੀ ਮੌਕਾ ਨਹੀਂ ਖਝਾਉਣਾ ਚਾਹੁੰਦੇ। ਉਹ ਲਗਾਤਾਰ ਸੁਖਬੀਰ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ। ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ‘ਤੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ।
“ਯੇ ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ
ਗਿਆਨੀ ਹਰਪ੍ਰੀਤ ਸਿੰਘ ਲ਼ਿਖਦੇ ਹਨ ਕਿ ਪੰਜਾਬ ਦੇ ਸੋਮਿਆਂ ਤੇ ਵਿਰਾਸਤ ’ਤੇ ਜਿਹੜੇ ਡਾਕੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਰਲ ਕੇ ਆਪਣੇ ਰਾਜ ’ਚ ਮਰਵਾਏ—ਉਨ੍ਹਾਂ ਦੀ ਸਜ਼ਾ ਅੱਜ ਵੀ ਪੰਜਾਬ ਭੁਗਤ ਰਿਹਾ ਹੈ। ਚਾਹੇ 1977-80 ਵਾਲੇ ਕਾਰਜਕਾਲ ਵਿੱਚ ਪਹਿਲਾਂ SYL ਲਈ ਹਾਮੀ ਭਰਨ ਦੀ ਗੱਲ ਹੋਵੇ (ਸਿਰਫ਼ ਬਾਕੀ ਪਾਰਟੀ ਆਗੂਆਂ ਦੇ ਦਬਾਅ ਬਾਅਦ ਉਸਤੋਂ ਟਲੇ) ਜਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਲਈ ਲਿਖਤੀ ਮਨਜ਼ੂਰੀ—ਇਹ ਸਾਰਾ ਬਾਦਲ ਪਰਿਵਾਰ ਦੀ ਕੇਂਦਰੀਕਰਨ ਦੇ ਹੱਥ ਮਜ਼ਬੂਤ ਕਰਨ ਵਾਲੀ ਮੌਕਾਪ੍ਰਸਤੀ ਦਾ ਹੀ ਨਤੀਜ਼ਾ ਸੀ।
ਅੱਜ ਲੋਕਾਂ ਵੱਲੋਂ ਪੂਰੀ ਤਰ੍ਹਾਂ ਰੱਦ ਹੋਣ ਤੋਂ ਬਾਅਦ ਇਹ ਭਾਵੇਂ ਕੇਂਦਰ ਖਿਲਾਫ਼ ਡਰਾਮੇ ਕਰਦੇ ਫਿਰਦੇ ਹਨ, ਪਰ ਸੱਚ ਇਹ ਹੈ ਕਿ ‘ਇੱਕ ਦੇਸ਼-ਇੱਕ ਚੋਣ’ ਤੋਂ ਲੈ ਕੇ ਜੰਮੂ-ਕਸ਼ਮੀਰ ਦੀ ਧਾਰਾ 370 ਤੋੜਨ ਤੱਕ—ਹਰ ਕੇਂਦਰੀਕਰਨ ਵਾਲੇ ਕਦਮ ’ਤੇ ਇਹ ਦਲ ਖੁੱਲ੍ਹ ਕੇ ਕੇਂਦਰ ਦੇ ਪੱਖ ’ਚ ਅੱਜ ਵੀ ਖੜ੍ਹਾ ਹੈ।
ਇਹਨਾਂ ਦੇ ਦੋਗਲੇਪਣ ਨੇ ਭਾਵੇਂ ਪੰਜਾਬ ਦੀ ਸੰਵਿਧਾਨਕ ਲੜਾਈ ਨੂੰ ਕਮਜ਼ੋਰ ਕੀਤਾ ਹੋਵੇ, ਪਰ ਪੰਜਾਬੀ—ਆਪਣੇ ਸੂਬੇ ਦੇ ਹੱਕਾਂ, ਪਾਣੀਆਂ, ਪੰਜਾਬ ਯੂਨੀਵਰਸਿਟੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ—ਅੱਜ ਵੀ ਪੂਰੀ ਦ੍ਰਿੜਤਾ ਅਤੇ ਹਿੰਮਤ ਨਾਲ ਖੜ੍ਹੇ ਹਨ। ਸੁਖਬੀਰ ਬਾਦਲ ਯੂਨੀਵਰਸਿਟੀ ਜਾ ਕੇ ਦਮਗਜੇ ਮਾਰਦਾ ਤੇ ਜਦੋਂ ਇਨਾਂ ਦੀ ਸਰਕਾਰ ਸੀ ਤਾਂ ਅਜਿਹੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ।