ਚੰਡੀਗੜ੍ਹ, 17 ਨਵੰਬਰ (ਖ਼ਬਰ ਖਾਸ ਬਿਊਰੋ)
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਪੂਰੀ ਸ਼ਰਧਾ ਨਾਲ ਸਮਰਪਿਤ ਇੱਕ ਵਿਸ਼ਾਲ ਕੀਰਤਨ ਦਰਬਾਰ ਕੱਲ (ਮੰਗਲਵਾਰ) ਸ੍ਰੀਨਗਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਜਾਣਕਾਰੀ ਦਿੱਤੀ ਕਿ ਇਹ ਵਿਸ਼ਾਲ ਕੀਰਤਨ ਦਰਬਾਰ ਕੱਲ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਗੁਰਦੁਆਰਾ ਛੇਵੀਂ ਪਾਤਸ਼ਾਹੀ, ਸ੍ਰੀਨਗਰ ਵਿਖੇ ਹੋਵੇਗਾ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ।
ਬਾਲੀ ਨੇ ਦੱਸਿਆ ਕਿ ਭਾਈ ਹਰਜਿੰਦਰ ਸਿੰਘ ਜੀ (ਸ਼੍ਰੀਨਗਰ ਵਾਲੇ), ਭਾਈ ਮਹਿਤਾਬ ਸਿੰਘ ਜੀ (ਜਲੰਧਰ ਵਾਲੇ) ਅਤੇ ਭਾਈ ਬਲਵਿੰਦਰ ਸਿੰਘ ਜੀ (ਰੰਗੀਲਾ) ਵਿਸ਼ੇਸ਼ ਤੌਰ ‘ਤੇ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਸੰਤ ਸੇਵਾ ਸਿੰਘ ਜੀ (ਰਾਮਪੁਰ ਖੇੜਾ ਸਾਹਿਬ ਵਾਲੇ) ਵੀ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਸੰਗਤ ਨੂੰ ਆਪਣਾ ਅਸ਼ੀਰਵਾਦ ਦੇਣਗੇ।
ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਇਥੇ ਮੱਥਾ ਟੇਕਣ ਲਈ ਪਹੁੰਚਣਗੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਪੰਜਾਬ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਵੀ ਮੌਜੂਦ ਰਹਿਣਗੇ। ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਸ ਕੀਰਤਨ ਦਰਬਾਰ ਵਿੱਚ ਸ੍ਰੀਨਗਰ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਵੱਡੀ ਗਿਣਤੀ ਵਿੱਚ ਲੋਕ ਪੂਰੀ ਸ਼ਰਧਾ ਨਾਲ ਹਿੱਸਾ ਲੈਣਗੇ।