ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਕਠਪੁਤਲੀਆਂ ਵਜੋਂ ਕੰਮ ਕਰਨ ਸਾਰੇ ਅਫਸਰਾਂ ਨੂੰ ਅਦਾਲਤਾਂ ਵਿਚ ਘੜੀਸਾਂਗੇ:  ਬਾਦਲ

ਤਰਨ ਤਾਰਨ 17 ਨਵੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਠਪੁਤਲੀਆਂ ਵਜੋਂ ਕੰਮ ਕਰਨ ਵਾਲੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਅਕਾਲੀ ਵਰਕਰਾਂ ਨੂੰ ਗੈਰ ਕਾਨੂੰਨੀ ਤਰੀਕੇ ਗ੍ਰਿਫਤਾਰ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਉਹਨਾਂ ਨੂੰ ਅਦਾਲਤਾਂ ਵਿਚ ਘੜੀਸਿਆ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਜ਼ਾ ਦੁਆਈ ਜਾਵੇਗੀ।

ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿਚ ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਗ੍ਰਿਫਤਾਰ ਅਕਾਲੀ ਵਰਕਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਕਾਰਵਾਈਆਂ ਵਿਚ ਆਪ ਸਰਕਾਰ ਦੀ ਨਮੋਸ਼ੀ ਸਪਸ਼ਟ ਝਲਕ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।

ਉਹਨਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਦੇਰ ਰਾਤ ਤੇ ਵੱਡੇ ਤੜਕੇ ਹੀ ਅਕਾਲੀ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕਰ ਰਹੀ ਹੈ ਕਿਉਂਕਿ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਇਹਨਾਂ ਪਿੰਡਾਂ ਵਿਚੋਂ ਉਨੀਆਂ ਵੋਟਾਂ ਨਹੀਂ ਮਿਲਦੀਆਂ ਜਿਸਦੀ ਉਸਨ ਆਸ ਲਗਾਈ ਸੀ।

ਹੋਰ ਪੜ੍ਹੋ 👉  ਪੰਜਾਬ ਵਿੱਚ 21 ਸਰਕਾਰੀ ਕਾਲਜਾਂ ਨੂੰ ਨਵੇਂ ਪ੍ਰਿੰਸੀਪਲ ਮਿਲੇ

ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ, ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਕਿਸੇ ਵਰਕਰ ਜਾਂ ਆਗੂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਸਿਰਫ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਬੀਤੇ ਸਮੇਂ ਵਿਚ ਸਿਆਸੀ ਵਿਰੋਧੀਆਂ ਖਿਲਾਫ ਇਸ ਤਰੀਕੇ ਦੀ ਪੁਲਿਸ ਕਾਰਵਾਈ ਨਹੀਂ ਵੇਖੀ ਅਤੇ ਡੀ ਜੀ ਪੀ ਤੇ ਮੁੱਖ ਮੰਤਰੀ ਨੇ ਪੰਜਾਬ ਨੂੰ ਇਕ ’ਪੁਲਿਸ ਰਾਜ’ ਵਿਚ ਬਦਲ ਦਿੱਤਾ ਹੈ। ਉਹਨਾਂ ਨਾਲ ਹੀ ਕਿਹਾ ਕਿ ਅਦਾਲਤਾਂ ਵੀ ਇਹਨਾਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਲਈ ਪੁਲਿਸ ਅਫਸਰਾਂ ਨੂੰ ਝਾੜ ਪਾ ਰਹੀਆਂ ਹਨ।

ਸਰਦਾਰ ਬਾਦਲ ਨੇ ਆਪ ਸਰਕਾਰ ਦੀਆਂ ਕਠਪੁਤਲੀਆਂ ਵਜੋਂ ਕੰਮ ਕਰਨ ਵਾਲੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ ਕਿਉਂਕਿ ਮੌਜੂਦਾ ਸਰਕਾਰ ਦਾ ਸਿਰਫ ਇਕ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਕਿਸੇ ਸਰਕਾਰ ਵਿਚ ਇਸ ਤਰੀਕੇ ਦੀ ਨਮੋਸ਼ੀ ਨਹੀਂ ਵੇਖੀ। ਉਹਨਾਂ ਕਿਹਾ ਕਿ ਬੂਥਾਂ ’ਤੇ ਕਬਜ਼ੇ ਕਰਨ ਤੇ ਸੀਟ ਜਿੱਤਣ ਦੇ ਬਾਵਜੂਦ ਆਪਣੀ ਹਊਮੈ ਨੂੰ ਠਾਰਨ ਵਾਸਤੇ ਇਸ ਤਰੀਕੇ ਦੀ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਮੀਡੀਆ ਦੀ ਚੁਣੌਤੀਆਂ ਅਤੇ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫ਼ੈਸਲਾ

ਅਕਾਲੀ ਦਲ ਦੇ ਪ੍ਰਧਾਨ ਨੇ ਗ੍ਰਿਫਤਾਰ ਕੀਤੇ ਅਕਾਲੀ ਵਰਕਰਾਂ ਦੇ ਪਰਿਵਾਰਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨੀ ਤਰੀਕੇ ਗ੍ਰਿਫਤਾਰ ਕੀਤੇ ਹਰ ਅਕਾਲੀ ਵਰਕਰ ਦੇ ਕਾਨੂੰਨੀ ਕੇਸ ਪਾਰਟੀ ਲੜੇਗੀ ਉਹਨਾਂ ਨੇ ਤਰਨ ਤਾਰਨ ਜ਼ਿਮਨੀ ਚੋਣ ਦੇ ਕੇਸ ਨਜਿੱਠਣ ਵਾਸਤੇ ਪਾਰਟੀ ਦੀ ਕਾਨੂੰਨੀ ਟੀਮ ਦਾ ਗਠਨ ਵੀ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਕਈ ਮਾਮਲਿਆਂ ਵਿਚ ਤਾਂ ਪੁਲਿਸ ਅਕਾਲੀ ਵਰਕਰਾਂ ਦੇ ਘਰਾਂ ਤੋਂ ਡੀ ਵੀ ਆਰ ਤੇ ਸੀ ਸੀ ਟੀ ਵੀ ਫੁਟੇਜ ਵੀ ਲੈ ਗਈ ਹੈ ਕਿਉਂਕਿ ਉਹਨਾਂ ਦੇ ਗੈਰ ਕਾਨੂੰਨੀ ਕੰਮ ਰਿਕਾਰਡ ਹੋ ਗਏ ਹਨ।

ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਦੱਸਿਆ ਕਿ ਜਿਹੜੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹਨਾਂ ਦੀਆਂ ਲਿਸਟਾਂ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਖੁਦ ਤਿਆਰ ਕੀਤੀਆਂ ਹਨਜੋ ਹਾਲ ਹੀ ਵਿਚ ਅਕਾਲੀ ਦਲ ਤੋਂ ਆਪ ਵਿਚ ਸ਼ਾਮਲ ਹੋਇਆ। ਉਹਨਾਂ ਕਿਹਾ ਕਿ ਜਿਹੜੇ ਆਗੂਆਂ ਨੇ ਸੰਧੂ ਨਾਲ ਰਲ ਕੇ ਮਾਂ ਪਾਰਟੀ ਛੱਡ ਆਪ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਗੱਦਾਰ ਹੈ ਜਿਸਨੇ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ। ਉਹਨਾਂ ਕਿਹਾ ਕਿ ਇਹ ਚੋਣ ਉਸਦੀ ਆਖ਼ਰੀ ਚੋਣ ਸੀ ਕਿਉਂਕਿ ਅੱਗੇ ਤੋਂ ਲੋਕਾਂ ਨੇ ਉਸਨੂੰ ਵੋਟਾਂ ਨਹੀਂ ਪਾਉਣੀਆਂ।

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

ਸੁਖਬੀਰ ਸਿੰਘ ਬਾਦਲ ਦੇ ਨਾਲ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਰਵਿੰਦਰ ਸਿੰਘ ਬ੍ਰਹਮਪੁਰਾ, ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ, ਤੇਜਿੰਦਰ ਸਿੰਘ ਮਿੱਡੂਖੇੜਾ, ਅਲਵਿੰਦਰ ਸਿੰਘ ਪੱਖੋਕੇ, ਗੌਰਵ ਵਲਟੋਹਾ ਤੇ ਹੋਰ ਸੀਨੀਅਰ ਆਗੂ ਵੀ ਸਨ।

ਉਹਨਾਂ ਨੇ ਐਮਾਂ ਖੁਰਦ, ਐਮਾਂ ਕਲਾਂ, ਦੋਦੇ, ਛਾਪਾ, ਸਰਾਏ ਅਮਾਨਤ ਖਾਂ, ਭੂਚਰ ਕਲਾਂ, ਸ਼ੇਖ ਅਤੇ ਫੈਲੋਕੇ ਸਮੇਤ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਪੰਜਾਬ ਪੁਲਿਸ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਵਰਕਰਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ।

ਇਸ ਤੋਂ ਪਹਿਲਾਂ ਉਹਨਾਂ ਝਬਾਲ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਪ ਸਰਕਾਰ ਦੇ ਭਾਰੀ ਦਬਾਅ ਦੇ ਬਾਵਜੂਦ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *