ਚੰਡੀਗੜ੍ਹ,15 ਨਵੰਬਰ (ਖ਼ਬਰ ਖਾਸ ਬਿਊਰੋ)
-ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਵੱਲੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਨਰੋਏ ਸਮਾਜ ਦੀ ਸਿਰਜਣਾ ਲਈ ਗੁਰੂ ਦੀਆਂ ਸਿਖਿਆਵਾਂ ਤੇ ਅਮਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਨੇ ਆਪਣੀ ਸ਼ਹਾਦਤ ਮਨੁੱਖਤਾ ਨੂੰ ਬਚਾਉਣ ਲਈ ਦਿਤੀ ਸੀ।
ਅੱਜ ਇਥੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਸੈਕਟਰ 44 ਸੀ ਵਿੱਚ ਸੈਮੀਨਾਰ ਦੇ ਮੁੱਖ ਮਹਿਮਾਨ ਤੇ ਰਾਜ ਸਭਾ ਮੈਂਬਰ ਸ੍ਰੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਮਨੁੱਖਤਾ ਨੂੰ ਜਿਹੜੀਆਂ ਸਮੱਸਿਆਵਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਉਸ ਵਿੱਚ ਗੁਰੂ ਤੇਗ ਬਹਾਦਰ ਵਲੋਂ ਦਿਖਾਏ ਗਏ ਰਸਤੇ ਤੇ ਚਲ ਕੇ ਉਨ੍ਹਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਸੈਮੀਨਾਰ ਕਰਵਾਕੇ ਸੰਵਾਦ ਰਚਾਉਣ ਦਾ ਉਪਰਾਲਾ ਕੀਤਾ ਗਿਆ ਹੈ, ਸ਼ਲਾਘਾਯੋਗ ਹੈ ਤੇ ਸੰਸਥਾ ਵਲੋਂ ਵਿਚਾਰ, ਵਟਾਂਦਰੇ ਲਈ ਵੱਡੇ ਯਤਨ ਕਰਨ ਦੀ ਲੋੜ੍ਹ ਹੈ।
ਉਘੇ ਚਿੰਤਕ ਡਾ ਪਿਆਰਾ ਲਾਲ ਗਰਗ ਨੇ ਸਿੱਖ ਫਲਸਫੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮਿਆਂ ਵਿੱਚ ਦੇਸ਼ ਦੀ ਜੋ ਹਾਲਤ ਬਣੀ ਹੋਈ ਹੈ ,ਉਸ ਵਿੱਚ ਗੁਰੂਆਂ ਦੀਆਂ ਸਿਖਿਆਵਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਗੁਰੂ ਤੇਗ ਬਹਾਦਰ ਦੀ ਲਾਸਾਨੀ ਕੁਰਬਾਨੀ ਸਮਾਜ ਵਿਚ ਪੈਦਾ ਹੋ ਮਾੜੇ ਰੁਝਾਨਾਂ ਖਿਲਾਫ ਲੜਣ ਲਈ ਪ੍ਰੇਰਿਤ ਕਰਦੀ ਹੈ।
ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਸਕੱਤਰ ਪ੍ਰੋ ਕੰਵਲਜੀਤ ਕੌਰ ਢਿੱਲੋਂ,ਪ੍ਰੋ ਜਗਦੀਸ਼ ਸਿੰਘ ਮੁਕੇਰੀਆਂ ਵੇਲੇ ਦੇ ਹਾਕਮਾਂ ਵਿਰੁੱਧ ਜੋਂ ਦ੍ਰਿੜਤਾਪੂਰਵਕ ਲੜਾਈ ਲੜੀ,ਉਹ ਵੀ ਲਾਮਿਸਾਲ ਹੈ। ਉਨ੍ਹਾਂ ਨੇ ਸਮਾਜ ਅੰਦਰ ਵੰਡ ਪਾਊ ਤੇ ਨਫ਼ਰਤੀ ਵਿਚਾਰਾਂ ਦਾ ਤਿੱਖਾ ਵਿਰੋਧ ਕਰਦਿਆਂ ਗੁਰੂ ਤੇਗ ਬਹਾਦਰ ਦੀਆਂ ਸਿਖਿਆਵਾਂ ਤੇ ਚਲਣ ਦਾ ਸੱਦਾ ਦਿੱਤਾ।
ਸੈਮੀਨਾਰ ਨੂੰ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਚੇਅਰਮੈਨ ਸ਼ਲਿੰਦਰ ਕੌਰ, ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਤੇ ਸਟੇਜ ਸੰਚਾਲਨ ਪ੍ਰੋ ਗੁਰਮੇਜ ਸਿੰਘ ਨੇ ਕੀਤਾ। ਇਸ ਮੌਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਵਲੋਂ ਸਮਾਗਮ ਦੇ ਮੁੱਖ ਮਹਿਮਾਨ ਤੇ ਰਾਜ ਸਭਾ ਮੈਂਬਰ ਸ੍ਰੀ ਸਤਨਾਮ ਸਿੰਘ ਸੰਧੂ,ਪ੍ਰੋ ਕੰਵਲਜੀਤ ਕੌਰ ਢਿੱਲੋਂ ,ਪ੍ਰੋ ਜਗਦੀਸ਼ ਸਿੰਘ ਮੁਕੇਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸੈਮੀਨਾਰ ਮੌਕੇ ਕੰਬੋਜ ਹਸਪਤਾਲ ਵਲੋਂ ਸ਼ੂਗਰ ਚੈੱਕ ਅੱਪ ਦਾ ਮੁਫ਼ਤ ਕੈਂਪ ਲਾਇਆ ਗਿਆ।