9 ਕਰੋੜ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

ਐਸਏਐਸ ਨਗਰ, 14 ਨਵੰਬਰ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਐਸਏਐਸ ਨਗਰ ਜ਼ਿਲ੍ਹਾ ਪੁਲਿਸ ਨੇ ਡੇਰਾਬੱਸੀ ਤੋਂ ਦੋ ਵਿਅਕਤੀਆਂ ਨੂੰ 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਗ੍ਰਿਫ਼ਤਾਰ ਕਰਕੇ ਅੰਤਰਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਚਿਨ ਵਾਸੀ ਭਾਰਤ ਨਗਰ, ਕੁਰੂਕਸ਼ੇਤਰ, ਹਰਿਆਣਾ ਅਤੇ ਗੁਰਦੀਪ ਵਾਸੀ ਗੁਰਦੇਵ ਨਗਰ, ਕੁਰੂਕਸ਼ੇਤਰ, ਹਰਿਆਣਾ ਵਜੋਂ ਹੋਈ ਹੈ।

ਇਸ ਬਰਾਮਦਗੀ ਵਿੱਚ 11,05,000 ਰੁਪਏ ਦੀ ਅਸਲੀ ਪੁਰਾਣੀ ਕਰੰਸੀ ਅਤੇ 9.88 ਕਰੋੜ ਰੁਪਏ ਦੀ ਨਕਲੀ ਕਰੰਸੀ ਸ਼ਾਮਲ ਹੈ। ਕਰੰਸੀ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਚਿੱਟੀ ਸਕਾਰਪੀਓ-ਐਨ (ਐਚਆਰ-41-ਐਮ-6974) ਜਿਸ ਵਿੱਚ ਉਹ ਸਵਾਰ ਸਨ, ਨੂੰ ਵੀ ਜ਼ਬਤ ਕੀਤਾ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਧੋਖਾਧੜੀ ਕਰਨ ਲਈ ਚਲਾਕੀ ਭਰੇ ਤਰੀਕੇ ਦੀ ਵਰਤੋਂ ਕਰਦੇ ਸਨ, ਜਿਸ ਵਿੱਚ ਨਕਲੀ ਨੋਟਾਂ ਦੇ ਬੰਡਲਾਂ ਉੱਪਰ ਅਸਲੀ ਨੋਟ ਰੱਖ ਕੇ ਅੰਦਰ ਨਕਲੀ ਨੋਟ ਛੁਪਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਧੋਖਾਧੜੀ ਅਤੇ ਜਾਅਲੀ ਕਰੰਸੀ ਨਾਲ ਸਬੰਧਤ ਮਾਮਲਿਆਂ ਵਿੱਚ ਸ਼ਾਮਲ ਹਨ।

ਡੀਜੀਪੀ ਨੇ ਦੱਸਿਆ ਕਿ ਇਸ ਮਾਡਿਊਲ ਵਿੱਚ ਸ਼ਾਮਲ ਪੂਰੇ ਨੈੱਟਵਰਕ ਅਤੇ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਲਈ ਤਕਨੀਕੀ ਜਾਂਚ ਅਤੇ ਹੋਰ ਪੁੱਛਗਿੱਛ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਐਸਏਐਸ ਨਗਰ ਹਰਮਨਦੀਪ ਹੰਸ ਨੇ ਦੱਸਿਆ ਕਿ ਪੁਲਿਸ ਨੂੰ ਅੰਤਰਰਾਜੀ ਜਾਅਲੀ ਕਰੰਸੀ ਮਾਡਿਊਲ ਨਾਲ ਜੁੜੇ ਦੋ ਵਿਅਕਤੀਆਂ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਤੁਰੰਤ ਕਾਰਵਾਈ ਕਰਦਿਆਂ ਐਸਐਚਓ ਡੇਰਾਬੱਸੀ ਸੁਮਿਤ ਮੌੜ ਅਤੇ ਇੰਚਾਰਜ ਐਂਟੀ-ਨਾਰਕੋਟਿਕਸ ਸੈੱਲ ਮਲਕੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਪੀਡਬਲਯੂਡੀ ਰੈਸਟ ਹਾਊਸ, ਘੱਗਰ ਪੁਲ, ਪੁਰਾਣਾ ਅੰਬਾਲਾ-ਕਾਲਕਾ ਹਾਈਵੇਅ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਜਾਅਲੀ ਅਤੇ ਪੁਰਾਣੀ ਕਰੰਸੀ ਬਰਾਮਦ ਕੀਤੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਐਸਐਸਪੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ। ਉਹ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮ ਹਨ ਅਤੇ ਉਹ ਪਹਿਲਾਂ ਧੋਖਾਧੜੀ ਤੇ ਜਾਅਲੀ ਕਰੰਸੀ ਦੇ ਮਾਮਲਿਆਂ ਸਮੇਤ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ, ਐਫਆਈਆਰ ਨੰਬਰ 327 ਮਿਤੀ 13-11-2025 ਨੂੰ ਥਾਣਾ ਡੇਰਾਬੱਸੀ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 318(4), 178, 179, 180 ਅਤੇ 182 ਤਹਿਤ ਦਰਜ ਕੀਤੀ ਗਈ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਬਾਕਸ: ਬਰਾਮਦ ਕੀਤੀ ਗਈ ਕਰੰਸੀ ਸਬੰਧੀ ਵੇਰਵਾ:
* ਬਰਾਮਦ ਕੀਤੀ ਅਸਲ ਕਰੰਸੀ *
1000 ਰੁਪਏ ਦੇ ਪੁਰਾਣੇ ਨੋਟ (7,42,000 ਰੁਪਏ)
2000 ਰੁਪਏ ਦੇ ਪੁਰਾਣੇ ਨੋਟ (3,50,000 ਰੁਪਏ)
500 ਰੁਪਏ ਦੇ ਨਵੇਂ ਨੋਟ (13,000 ਰੁਪਏ)
ਕੁੱਲ: 11,05,000 ਰੁਪਏ

* ਬਰਾਮਦ ਕੀਤੀ ਨਕਲੀ ਕਰੰਸੀ*
₹1000 ਰੁਪਏ ਦੇ ਪੁਰਾਣੇ ਨੋਟਾਂ ਦੇ 80 ਬੰਡਲ (ਲਗਭਗ ₹80 ਲੱਖ ਰੁਪਏ)
₹500 ਰੁਪਏ ਦੇ ਨਵੇਂ ਨੋਟਾਂ ਦੇ 60 ਬੰਡਲ (ਲਗਭਗ ₹30 ਲੱਖ ਰੁਪਏ)
2000 ਰੁਪਏ ਦੇ ਨੋਟਾਂ ਦੇ 439 ਬੰਡਲ (ਲਗਭਗ ₹8 ਕਰੋੜ 78 ਲੱਖ ਰੁਪਏ)
ਕੁੱਲ: 9.88 ਕਰੋੜ ਰੁਪਏ

Leave a Reply

Your email address will not be published. Required fields are marked *