-ਅਸਲੀ ਬੰਦੀ ਸਿੰਘ ਉਹ ਜਿਹਨਾਂ 26 ਤੋਂ 29 ਸਾਲ ਜੇਲ੍ਹ ਵਿਚ ਬਿਤਾਏ
-ਨੌਜਵਾਨਾਂ ਨੂੰ ਕੇਂਦਰੀ ਏਜੰਸੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਣ ਦੇਣਗੇ
ਖਡੂਰ ਸਾਹਿਬ/ ਤਰਨ ਤਾਰਨ, 18 ਮਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਪਸ਼ਟ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਤਰੀਕੇ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ ਤੇ ਉਹਨਾਂ ਐਲਾਨ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਸੂਬੇ ਨੂੰ ਮੁੜ ਕਾਲੇ ਦੌਰ ਵਿਚ ਧੱਕਣ ਨਹੀਂ ਦੇਣਗੇ।
ਇਥੇ ਨੌਰੰਗਾਬਾਦ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਜਿਹਨਾਂ ਨੇ ਪੰਜਾਬ ਵਿਚ ਸ਼ੱਕੀ ਹਾਲਾਤ ਵਿਚ ਪਹੁੰਚਣ ਮਗਰੋਂ ਇਕ ਸਾਲ ਜੇਲ੍ਹ ਵਿਚ ਬਿਤਾਇਆ ਹੈ, ਨੂੰ ਕਿਸੇ ਵੀ ਤਰੀਕੇ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਅਸਲ ਬੰਦੀ ਸਿੰਘ ਉਹ ਹਨ ਜੋ ਭਾਵੁਕ ਹੋ ਕੇ ਹਾਲਾਤਾਂ ਦੇ ਵਹਿਣ ਵਿਚ ਵਹਿ ਗਏ ਤੇ ਉਮਰ ਕੈਦਾਂ ਪੂਰੀਆਂ ਹੋਣ ਦੇ ਬਾਵਜੂਦ 26 ਤੋਂ 29 ਸਾਲਾਂ ਤੋਂ ਜੇਲ੍ਹਾਂ ਵਿਚ ਹਨ।ਉਹਨਾਂ ਕਿਹਾ ਕਿ ਇਹਨਾਂ ਨੇ ਕਦੇ ਵੀ ਜੇਲ੍ਰ ਵਿਚੋਂ ਰਿਹਾਈ ਨਹੀਂ ਮੰਗੀ ਪਰ ਅਕਾਲੀ ਦਲ ਤੇ ਸਿੱਖ ਸੰਗਤ ਇਹਨਾਂ ਦੀ ਆਜ਼ਾਦੀ ਵਾਸਤੇ ਲੜ ਰਹੀ ਹੈ।
ਉਹਨਾਂ ਕਿਹਾ ਕਿ ਮੈਂ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਕੇਂਦਰੀ ਏਜੰਸੀਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਹੀਂ ਹੋਣ ਦਿਆਂਗਾ ਤੇ ਏਜੰਸੀਆਂ ਸਿੱਖ ਕੌਮ ਨੂੰ ਵੰਡਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੀ ਵਚਨਬੱਧਤਾ ’ਤੇ ਖੜ੍ਹਾ ਹੈ ਕਿ ਉਹ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਭਾਵਨਾਵਾਂ ਵਿਚ ਨਾ ਵਹੋ ਤੇ ਯਾਦ ਰੱਖੋ ਕਿ 103 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਪ੍ਰਤੀਨਿਧਤਾ ਕਰਦਾ ਹੈ ਨਾ ਕਿ ਕੋਈ ਅਜਿਹਾ ਜੋ ਸਿਰਫ ਇਕ ਸਾਲ ਤੋਂ ਜੇਲ੍ਹ ਵਿਚ ਬੰਦ ਹੈ।
ਅਕਾਲੀ ਦਲ ਦੇ ਪ੍ਰਧਾਨ, ਜੋ ਪਾਰਟੀ ਦੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਲਈ ਪ੍ਰਚਾਰ ਕਰ ਰਹੇ ਸਨ, ਨੇ ਕਿਹਾ ਕਿ ਤੁਸੀਂ ਇਸ ਵਿਅਕਤੀ ਨੂੰ ਯਾਦ ਕਰੋ ਜੋ ਦੋ ਸਾਲ ਪਹਿਲਾਂ ਕਲੀਨ ਸ਼ੇਵ ਹੋ ਕੇ ਪੰਜਾਬ ਪਹੁੰਚਿਆ ਸੀ। ਇਸ ਮਗਰੋਂ ਇਸਨੇ ’ਚੋਲਾ’ ਅਪਣਾ ਲਿਆ ਤੇ ਖਾਲਿਸਤਾਨ ਦੇ ਨਾਅਰੇ ਲਗਾਉਣ ਲੱਗ ਪਿਆ। ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਜਿਹਨਾਂ ਨੂੰ ਇਸਦੀਆਂ ਗਤੀਵਿਧੀਆਂ ਦਾ ਪਤਾ ਸੀ, ਉਹਨਾਂ ਨੇ ਇਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਸਨੂੰ ਸਿਆਸੀ ਤੌਰ ’ਤੇ ਉਭਰਣ ਦਿੱਤਾ। ਇਸ ਮਗਰੋਂ ਕਾਨੂੰਨ ਨੇ ਇਸਨੂੰ ਘੇਰ ਲਿਆ ਤੇ ਅੰਮ੍ਰਿਤਪਾਲ ਰੂਪ ਬਦਲ ਕੇ ਫਰਾਰ ਹੋ ਗਿਆ ਤੇ ਅਖੀਰ ਵਿਚ ਗੱਲਬਾਤ ਮਗਰੋਂ ਇਸਨੂੰ ’ਗ੍ਰਿਫਤਾਰ’ ਕਰ ਲਿਆ ਗਿਆ।
ਸਰਦਾਰ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਅੰਮ੍ਰਿਤਪਾਲ ਜੇਲ੍ਹ ਤੋਂ ਸਿਆਸਤ ਵਿਚ ਦਾਖਲ ਹੋਇਆ ਹੈ, ਉਹ ਵੀ ਸ਼ੱਕੀ ਹੈ। ਉਹਨਾਂ ਕਿਹਾ ਕਿ ਇਸਦਾ ਮੁੱਖ ਤਜਵੀਜ਼ਕਰਤਾ ਤੇ ਵਕੀਲ ਰਾਜਦੇਵ ਸਿੰਘ ਹੈ ਜੋ ਮਾਲਵਾ ਜ਼ੋਨ 1 ਤੋਂ ਆਰ ਐਸ ਐਸ ਦਾ ਆਗੂ ਹੈ। ਉਹਨਾਂ ਕਿਹਾ ਕਿ ਕੀ ਪੰਥਕ ਸ਼ਖਸੀਅਤ ਇਕ ਆਰ ਐਸ ਐਸ ਦੇ ਕਾਰਕੁੰਨ ਨੂੰ ਆਪਣਾ ਵਕੀਲ ਨਿਯੁਕਤ ਕਰ ਸਕਦੀ ਹੈ?
ਸਰਦਾਰ ਬਾਦਲ ਨੇ ਕਿਹਾ ਕਿ ਇਸਦਾ ਵਿਹਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹਜ਼ਾਰਾਂ ਅਕਾਲੀ ਵਰਕਰਾਂ ਜਿਹਨਾਂ ਨੇ ਆਪਣੀ ਮਰਜ਼ੀ ਨਾਲ ਗ੍ਰਿਫਤਾਰੀਆਂ ਦਿੱਤੀਆਂ ਤੇ ਜੇਲ੍ਹਾਂ ਵਿਚ ਰਹੇ, ਤੋਂ ਬਿਲਕੁਲ ਵੱਖਰਾ ਹੈ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਵਿਚ ਬਿਤਾਏ। ਤੁਹਾਡੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ 10 ਸਾਲ ਜੇਲ੍ਹ ਵਿਚ ਬਿਤਾਏ। ਉਹਨਾਂ ਨੂੰ ਇਕੱਲਾ ਰੱਖਿਆ ਗਿਆ ਤੇ ਸੰਗਲਾਂ ਨਾਲ ਬੰਨ ਕੇ ਰੱਖਿਆ ਗਿਆ ਪਰ ਉਹਨਾਂ ਕਦੇ ਰਿਹਾਈ ਨਹੀਂ ਮੰਗੀ। ਉਹਨਾਂ ਕਿਹਾ ਕਿ ਅਕਾਲੀਆਂ ਨੇ ਜਾਂ ਇਹਨਾਂ ਦੇ ਪਰਿਵਾਰਾਂ ਨੇ ਕਦੇ ਵੀ ਇਹਨਾਂ ਦੀ ਰਿਹਾਈ ਵਾਸਤੇ ਧਰਨੇ ਨਹੀਂ ਲਗਾਏ।
ਪੰਜਾਬੀਆਂ ਨੂੰ ਇਸ ਜਾਲ ਵਿਚ ਨਾ ਫਸਣ ਦੀ ਅਪੀਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਹਮਾਸ ਦੀ ਕਾਰਵਾਈ ਕਾਰਨ 35000 ਫਿਲਿਸਤੀਨੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਹਮਾਸ ਦੇ ਆਗੂ ਲੁੱਕ ਛੁਪ ਗਏ ਹਨ ਜਾਂ ਫਰਾਰ ਹੋ ਗਏ ਹਨ।
ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਚੇਤੇ ਰੱਖਣ ਕਿ ਵੋਟਾਂ 1 ਜੂਨ ਨੂੰ ਹਨ ਜਿਸ ਦਿਨ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ ਤੇ ਇਸ ਮਗਰੋਂ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ।
ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਕਿਵੇਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਵੇਲੇ ਇਹ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਸਿਰਫ ਇਕੱਲਿਆਂ ਅੰਮ੍ਰਿਤਪਾਲ ਦੀ ਰਿਹਾਈ ਵਾਸਤੇ ਮੁਹਿੰਮ ਸ਼ੁਰੂ ਕੀਤੀ ਜਾਵੇ ਜਦੋਂ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ, ਗੁਰਮੀਤ ਸਿੰਘ ਇੰਜੀਨੀਅਰ ਤੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ।
ਇਸ ਮੌਕੇ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ।