ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਨੇ ਬ੍ਰੈਸਟ ਕੈਂਸਰ ਜਾਗਰੂਕਤਾ ਪ੍ਰੋਗਰਾਮ-ਯੂਨਾਈਟ ਫਾਰ ਪਿੰਕਟੂਬਰ ਕਰਵਾਇਆ

ਲੁਧਿਆਣਾ, 31 ਅਕਤੂਬਰ(ਖ਼ਬਰ ਖਾਸ ਬਿਊਰੋ)

ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਅਤੇ ਮੁਫ਼ਤ ਡਾਕਟਰੀ ਜਾਂਚ ਪ੍ਰਦਾਨ ਕਰਨ ਦੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਕ੍ਰਿਸ਼ਨਾ ਪ੍ਰਾਣ ਬਰੈਸਟ ਕੈਂਸਰ ਚੈਰੀਟੇਬਲ ਟਰੱਸਟ ਨੇ ਅੱਜ ਇੱਥੇ ਗੁਰੂ ਨਾਨਕ ਭਵਨ ਵਿਖੇ ਛਾਤੀ ਦੇ ਕੈਂਸਰ ਸਬੰਧੀ ਸਾਲਾਨਾ ਜਾਗਰੂਕਤਾ ਸਮਾਗਮ ਯੂਨਾਈਟ ਫਾਰ ਪਿੰਕਟੂਬਰ ਕਰਵਾਇਆ।

ਇਸ ਸਮਾਗਮ ਵਿੱਚ ਛਾਤੀ ਦੇ ਕੈਂਸਰ ਨੂੰ ਮਾਤ ਦੇਣ ਵਾਲੀਆਂ ਭਾਰਤ ਦੀ ਟੀ.ਵੀ. ਤੇ ਫਿਲਮੀ ਅਦਾਕਾਰਾ ਹਿਨਾ ਖਾਨ ਅਤੇ ਪੰਜਾਬ ਵਿਕਾਸ ਕਮਿਸ਼ਨ ਦੀ ਉਪ-ਚੇਅਰਪਰਸਨ ਸੀਮਾ ਬਾਂਸਲ ਨੇ ਸ਼ਿਰਕਤ ਕੀਤੀ ਅਤੇ ਆਪਣੇ ਸੰਘਰਸ਼ਮਈ ਨਿੱਜੀ ਜੀਵਨ ਦੇ ਸਫ਼ਰ ਨੂੰ ਸਾਂਝਾ ਕੀਤਾ। ਇਸ ਸੈਸ਼ਨ ਦਾ ਸੰਚਾਲਨ ਨੋਮਿਤਾ ਖੰਨਾ ਅਤੇ ਸ਼ਵੇਤਾ ਜਿੰਦਲ ਦੁਆਰਾ ਕੀਤਾ ਗਿਆ।

ਇਸ ਗੱਲਬਾਤ ਦੌਰਾਨ ਹਿਨਾ ਖਾਨ, ਜਿਹਨਾਂ ਨੂੰ 2024 ਵਿੱਚ ਤੀਜੀ ਸਟੇਜ ‘ਤੇ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਸੀ, ਨੇ ਮੰਤਰੀ ਸੰਜੀਵ ਅਰੋੜਾ ਦਾ ਕੈਂਸਰ, ਖਾਸ ਕਰਕੇ ਛਾਤੀ ਦੇ ਕੈਂਸਰ, ਬਾਰੇ ਜਾਗਰੂਕਤਾ ਫੈਲਾਉਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਨੇ ਕਿਵੇਂ ਇਸ ਨਾਮੁਰਾਦ ਬਿਮਾਰੀ ਦਾ ਡਟ ਕੇ ਸਾਹਮਣਾ ਕਰਦਿਆਂ ਮਜ਼ਬੂਤੀ ਨਾਲ ਇਸ ‘ਤੇ ਜਿੱਤ ਹਾਸਲ ਕੀਤੀ।

ਹਿਨਾ ਖਾਨ ਨੇ ਹਾਜ਼ਰੀਨਾਂ ਨੂੰ ਚੌਕਸ ਰਹਿਣ ਅਤੇ ਆਪਣੇ ਸਰੀਰਕ ਲੱਛਣਾਂ ਬਾਰੇ ਜਾਗਰੂਕ ਰਹਿਣ ਦੀ ਸਲਾਹ ਦਿੱਤੀ। ਉਹਨਾਂ ਨੇ ਇਸ ਬੀਮਾਰੀ ਦੀ ਸਵੈ-ਪੜਚੋਲ ਦੀ ਜ਼ੋਰਦਾਰ ਵਕਾਲਤ ਕਰਦਿਆਂ ਕੈਂਸਰ ਬਾਰੇ ਬਿਨਾਂ ਕਿਸੇ ਡਰ ਦੇ ਗੱਲਬਾਤ ਕਰਨ ਅਤੇ ਇਸਦਾ ਸਾਹਮਣਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਸਲਾਹ ਦਿੱਤੀ ਕਿ ਹਰ ਪੰਦਰਾਂ ਦਿਨਾਂ ਬਾਅਦ ਇਸ ਦੀ ਸਵੈ-ਜਾਂਚ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਸਰੀਰ ਵਿੱਚ ਕੋਈ ਵੀ ਅਸਾਧਾਰਨ ਤਬਦੀਲੀਆਂ ਜਿਵੇਂ ਗੰਢਾਂ, ਸਕਿਨ ਡਿੰਪਲਿੰਗ ਜਾਂ ਡਿਸਚਾਰਜ ਹੋਣ ‘ਤੇ ਤੁਰੰਤ ਡਾਕਟਰੀ ਸਲਾਹ ਲਈ ਪ੍ਰੇਰਿਤ ਕੀਤਾ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਹਿਨਾ ਖਾਨ ਨੇ ਆਪਣੇ ਜੀਵਨ ਦਾਰਸ਼ਨਿਕਤਾ ਨੂੰ ਵੀ ਸਾਂਝਾ ਕਰਦਿਆਂ ਕਿਹਾ ਕਿ ਵਰਤਮਾਨ ਵਿੱਚ ਜੀਓ ਅਤੇ ਬੀਤੇ ਸਮੇਂ ਬਾਰੇ ਨਾ ਸੋਚੋ ਅਤੇ ਨਾ ਹੀ ਭਵਿੱਖ ਤੋਂ ਡਰੋ ਅਤੇ ਇੱਛਾ ਸ਼ਕਤੀ ਤੇ ਸਕਾਰਾਤਮਕਤਾ ਨਾਲ ਚੁਣੌਤੀਆਂ ਦਾ ਸਾਹਮਣਾ ਕਰੋ।

ਸੀਮਾ ਬਾਂਸਲ ਨੇ ਕਿਹਾ ਕਿ ਇਸ ਬੀਮਾਰੀ ਦਾ ਸਮੇਂ ਸਿਰ ਪਤਾ ਲੱਗਣਾ ਹੀ ਇਸ ਦਾ ਇਲਾਜ ਹੈ। ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੈਮੋਗ੍ਰਾਮ ਵਰਗੇ ਸਧਾਰਨ ਤੇ ਪਹੁੰਚਯੋਗ ਟੈਸਟ ਸ਼ੁਰੂਆਤ ਵਿੱਚ ਕੈਂਸਰ ਦਾ ਪਤਾ ਲਗਾ ਸਕਦੇ, ਜਿਸ ਨਾਲ ਬਚਾਅ ਦਰ ਵਿੱਚ ਕਾਫ਼ੀ ਸੁਧਾਰ ਹੋ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਛਾਤੀ ਦੇ ਕੈਂਸਰ ਦਾ ਜਲਦ ਪਤਾ ਲੱਗਣ ‘ਤੇ ਇਸਦਾ ਇਲਾਜ ਸੰਭਵ ਹੈ ਅਤੇ ਇਸ ਲਈ ਇਸ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਹੋਣੀ ਚਾਹੀਦੀ ਹੈ।

ਆਪਣੇ ਭਾਵੁਕ ਸੰਬੋਧਨ ਵਿੱਚ ਮੰਤਰੀ ਸੰਜੀਵ ਅਰੋੜਾ ਨੇ ਪਿੰਕ ਮੰਥ ਵਜੋਂ ਅਕਤੂਬਰ ਦੇ ਆਲਮੀ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਮਹੀਨਾ 1985 ਤੋਂ ਦੁਨੀਆ ਭਰ ਵਿੱਚ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਇਸ ਮਹੱਤਵਪੂਰਨ ਕਾਰਜ ਲਈ ਆਪਣੀ ਆਵਾਜ਼ ਦੇਣ ਵਾਸਤੇ ਹਿਨਾ ਖਾਨ ਅਤੇ ਸੀਮਾ ਬਾਂਸਲ ਦਾ ਦਿਲੋਂ ਧੰਨਵਾਦ ਕੀਤਾ।

ਸ੍ਰੀ ਅਰੋੜਾ ਨੇ ਕਿਹਾ ਕਿ  ਛਾਤੀ ਦੇ ਕੈਂਸਰ ਦੀ ਮੌਤ ਦਰ ਨੂੰ ਘਟਾਉਣ ਲਈ ਸਵੈ-ਪੜਚੋਲ ਕਰਨਾ ਸਾਡੇ ਕੋਲ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ, ਜੋ ਸਬੰਧਤ ਵਿਅਕਤੀ ਨੂੰ ਸਸ਼ਕਤ ਬਣਾ ਕੇ ਉਸ ਦੀ ਜਾਨ ਬਚਾਉਣ ਵਿੱਚ ਕਾਰਗਰ ਭੂਮਿਕਾ ਨਿਭਾਉਂਦਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਬੀਮਾਰੀ ਨੂੰ ਕਦੇ ਵੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਾਂ ਘੱਟ ਨਾ ਸਮਝੋ, ਸਗੋਂ ਇਸਦਾ ਤੁਰੰਤ ਇਲਾਜ ਕਰਾਓ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਇਸ ਮੌਕੇ ਭਾਵੁਕ ਹੁੰਦਿਆਂ ਸ੍ਰੀ ਅਰੋੜਾ ਨੇ ਆਪਣੇ ਸਵਰਗਵਾਸੀ ਮਾਤਾ ਸ੍ਰੀਮਤੀ ਕ੍ਰਿਸ਼ਨਾ ਅਤੇ ਪਿਤਾ ਸ੍ਰੀ ਪ੍ਰਾਣ ਅਰੋੜਾ, ਜਿਨ੍ਹਾਂ ਦੇ ਨਾਮ ‘ਤੇ ਟਰੱਸਟ ਦਾ ਨਾਂ ਰੱਖਿਆ ਗਿਆ ਹੈ, ਨੂੰ ਸ਼ਰਧਾਂਜਲੀ ਭੇਟ ਕੀਤੀ। ਭਰੀਆਂ ਅੱਖਾਂ ਨਾਲ ਉਹਨਾਂ ਕਿਹਾ ਕਿ ਜੇ ਮੇਰੀ ਮਾਂ ਦੀ ਇਸ ਬੀਮਾਰੀ ਦਾ ਪਹਿਲਾਂ ਪਤਾ ਲੱਗ ਜਾਂਦਾ, ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਇਹੀ ਦਰਦ ਮੈਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ ਕਿ ਦੇਰੀ ਨਾਲ ਬੀਮਾਰੀ ਦਾ ਪਤਾ ਲੱਗਣ ਨਾਲ ਕਿਸੇ ਪਰਿਵਾਰ ਨੂੰ ਅਜਿਹਾ ਨੁਕਸਾਨ ਨਾ ਹੋਵੇ। ਉਹਨਾਂ ਨੇ ਮਾਣ ਨਾਲ ਐਲਾਨ ਕੀਤਾ ਕਿ ਕ੍ਰਿਸ਼ਨਾ ਪ੍ਰਾਣ ਚੈਰੀਟੇਬਲ ਟਰੱਸਟ ਵਿੱਚ 350 ਤੋਂ ਵੱਧ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਟਰੱਸਟ ਵੱਲੋਂ ਬਾਕਾਇਦਾ ਜਾਗਰੂਕਤਾ ਮੁਹਿੰਮਾਂ ਅਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਉਹਨਾਂ ਅੱਗੇ ਕਿਹਾ ਕਿ ਸਾਡਾ ਮਿਸ਼ਨ ਸਿਰਫ਼ ਇਲਾਜ ਹੀ ਨਹੀਂ, ਸਗੋਂ ਜਾਗਰੂਕਤਾ ਅਤੇ ਸ਼ੁਰੂਆਤੀ ਦਖਲ ਨਾਲ ਇਸਦੀ ਰੋਕਥਾਮ ਕਰਨਾ ਹੈ।

ਸ੍ਰੀ ਅਰੋੜਾ ਨੇ ਛਾਤੀ ਦੇ ਕੈਂਸਰ ਦੀ ਘਾਤਕ ਬੀਮਾਰੀ ਦੇ ਜੜ੍ਹੋਂ ਖਾਤਮੇ ਲਈ ਸਿਰਫ਼ ਅਕਤੂਬਰ ਮਹੀਨੇ ਵਿੱਚ ਹੀ ਨਹੀਂ, ਸਗੋਂ ਰੋਜ਼ਾਨਾ ਪੱਧਰ ‘ਤੇ ਇੱਕਜੁੱਟ ਹੋ ਕੇ ਸਮੂਹਿਕ ਯਤਨ ਕਰਨ ਅਤੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਛਾਤੀ ਦੇ ਕੈਂਸਰ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਕੈਂਸਰ ਦੇ ਮਰੀਜ਼ਾਂ ਦੀ ਵਿੱਤੀ ਮਦਦ ਕਰਨ ਲਈ ਕੀਤੇ ਜਾ ਰਹੇ ਨੇਕ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟਰੱਸਟ ਸਾਰਿਆਂ ਨੂੰ ਘੱਟ ਖਰਚੇ ਵਿੱਚ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਸ਼ਾਨਦਾਰ ਕੰਮ ਕਰ ਰਿਹਾ ਹੈ।

ਇਸ ਮੌਕੇ ਡਾ. ਗੁਰਪ੍ਰੀਤ ਵਾਂਦਰ, ਡਾ. ਸੰਧਿਆ, ਡਾ. ਬਿਸ਼ਵ ਮੋਹਨ ਅਤੇ ਹੋਰਨਾਂ ਵੱਲੋਂ ਛਾਤੀ ਦੇ ਕੈਂਸਰ ਅਤੇ ਕੈਂਸਰ ਦੀਆਂ ਹੋਰ ਕਿਸਮਾਂ ਦੀ ਰੋਕਥਾਮ ਲਈ ਆਪਣੀ ਡਾਕਟਰੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਰਫ਼ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਛਾਤੀ ਦੇ ਕੈਂਸਰ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਕੈਂਸਰ ਅੱਜਕੱਲ੍ਹ ਇਲਾਜਯੋਗ ਹੈ ਅਤੇ ਸਮੇਂ ਨਾਲ ਨਵੇਂ ਇਲਾਜ ਆ ਰਹੇ ਹਨ, ਇਸ ਲਈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡਚਲਵਾਲ, ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ ਡਾ: ਪ੍ਰਗਤੀ ਰਾਣੀ, ਪਾਇਲ ਗੋਇਲ, ਐੱਸਡੀਐੱਮ ਜਸਲੀਨ ਕੌਰ ਭੁੱਲਰ, ਸਿਵਲ ਸਰਜਨ ਡਾ: ਰਮਨਦੀਪ ਕੌਰ, ਪ੍ਰਸਿੱਧ ਉਦਯੋਗਪਤੀ ਪਦਮ ਸ੍ਰੀ ਸਨਮਾਨਿਤ ਸ੍ਰੀਮਤੀ ਰਜਨੀ ਬੈਕਟਰ, ਗਗਨ ਖੰਨਾ, ਅਮਿਤ ਥਾਪਰ, ਰੀਨਾ ਗੁਪਤਾ, ਰਜਨੀ ਗੁਪਤਾ, ਮਧੂ ਗੁਪਤਾ, ਸੰਜਨਾ, ਇਸ਼ਿਤਾ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *