ਨਵੀਂ ਦਿੱਲੀ, 15 ਅਪਰੈਲ
ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ 2024 ਦੇ ਮੌਨਸੂਨ ਸੀਜ਼ਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਲਾ ਨੀਨਾ ਦੇ ਅਗਸਤ-ਸਤੰਬਰ ਤੱਕ ਸਰਗਰਮ ਹੋਣ ਦੀ ਸੰਭਾਵਨਾ ਹੈ। ਜਲਵਾਯੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੀ ਗਿਣਤੀ ਘਟ ਰਹੀ ਹੈ ਜਦੋਂ ਕਿ ਭਾਰੀ ਵਰਖਾ ਦੀਆਂ ਘਟਨਾਵਾਂ (ਥੋੜ੍ਹੇ ਸਮੇਂ ਵਿੱਚ ਵਧੇਰੇ ਮੀਂਹ) ਵਧ ਰਹੀਆਂ ਹਨ, ਜਿਸ ਨਾਲ ਅਕਸਰ ਸੋਕੇ ਅਤੇ ਹੜ੍ਹ ਦੇ ਹਾਲਾਤ ਪੈਦਾ ਹੋ ਜਾਂਦੇ ਹਨ। 1951-2023 ਦਰਮਿਆਨ ਅੰਕੜਿਆਂ ਦੇ ਆਧਾਰ ‘ਤੇ ਭਾਰਤ ’ਚ ਮੌਨਸੂਨ ਸੀਜ਼ਨ ‘ਚ ਨੌਂ ਵਾਰ ਆਮ ਨਾਲੋਂ ਜ਼ਿਆਦਾ ਮੀਂਹ ਪਿਆ। ਇਸ ਵਾਰ ਭਾਰਤ ਵਿੱਚ ਚਾਰ ਮਹੀਨਿਆਂ ਦੇ ਮੌਨਸੂਨ ਸੀਜ਼ਨ (ਜੂਨ ਤੋਂ ਸਤੰਬਰ) ਵਿੱਚ ਆਮ ਨਾਲੋਂ ਵੱਧ ਬਾਰਸ਼ ਹੋਣ ਦੀ ਸੰਭਾਵਨਾ ਹੈ।