ਹੰਸ ਰਾਜ ਹੰਸ ਖਿਲਾਫ਼ ਹੋਵੇ ਕਾਨੂੰਨੀ ਕਾਰਵਾਈ-ਮਜੀਠੀਆ

ਚੰਡੀਗੜ੍ਹ, 18 ਮਈ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਕਿਸਾਨ ਸੰਗਠਨਾਂ ਨੂੰ ਦਿੱਤੀਆਂ ਧਮਕੀਆਂ ਦਾ ਨੋਟਿਸ ਲਵੇ ਅਤੇ ਸੂਬਾ ਪੁਲਿਸ ਨੂੰ ਉਸਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਚੋਣ ਕਮਿਸ਼ਨ ਨੂੰ ਲਿਖੇ ਇਕ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੰਸ ਰਾਜ ਹੰਸ ਨੇ ਕਿਸਾਨ ਸੰਗਠਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਹਨ ਅਤੇ ਐਲਾਨ ਕੀਤਾ ਹੈ ਕਿ ਚੋਣਾਂ ਮਗਰੋਂ ਕਿਸਾਨਾਂ ’ਤੇ ਸਰਕਾਰੀ ਜ਼ਬਰ ਢਾਹਿਆ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਉਮੀਦਵਾਰ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਉਹ ਖੁਦ ਯਕੀਨੀ ਬਣਾਉਣਗੇ ਕਿ ਕਿਸਾਨ ਆਗੂਆਂ ਤੇ ਇਹਨਾਂ ਦੇ ਪ੍ਰਤੀਨਿਧ ਜੋ ਭਾਜਪਾ ਤੋਂ ਸਵਾਲ ਜਵਾਬ ਕਰਦੇ ਹਨ, ਦੀ ਕੁੱਟਮਾਰ ਕੀਤੀ ਜਾਵੇ ਕਿਉਂਕਿ ਉਹ ਉਹਨਾਂ ਨਾਲ ਵਿਤਕਰਾ ਕਰਦੇ ਹਨ। ਉਹਨਾਂ ਕਿਹਾ ਕਿ ਇਹ ਭੜਕਾਊ ਭਾਸ਼ਣ ਹੈ ਤੇ ਇਸ ਮਾਮਲੇ ਵਿਚ ਹੰਸ ਰਾਜ ਹੰਸ ਦੇ ਖਿਲਾਫ ਤੁਰੰਤ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।
ਇਕ ਵੱਖਰੇ ਬਿਆਨ ਵਿਚ ਸਰਦਾਰ ਮਜੀਠੀਆ ਨੇ ਹੰਸ ਰਾਜ ਹੰਸ ਦੇ ਬੋਲਾਂ ਨੂੰ ਹੈਰਾਨੀਜਨਕ ਤੇ ਲੋਕਤੰਤਰੀ ਸਮਾਜ ਲਈ ਬਰਦਾਸ਼ਤ ਨਾ ਕਰਨ ਯੋਗ ਕਰਾਰ ਦਿੱਤਾ। ਉਹਨਾਂ ਨੇ ਮੰਗ ਕੀਤੀ ਕਿ ਭਾਜਪਾ ਵੀ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਕਰੇ ਅਤੇ ਫਰੀਦਕੋਟ ਤੋਂ ਉਹਨਾਂ ਦੀ ਉਮੀਦਵਾਰੀ ਵਾਪਸ ਲਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬੀ ਇਹ ਸਮਝ ਜਾਣਗੇ ਕਿ ਹੰਸ ਰਾਜ ਹੰਸ ਭਾਜਪਾ ਦੀ ਸੋਚ ਦਾ ਮੁਹਾਜ਼ਰਾ ਕਰ ਰਹੇ ਹਨ ਤੇ ਕਿਸਾਨ ਸੰਗਠਨਾਂ ਖਿਲਾਫ ਭਾਜਪਾ ਦੀ ਯੋਜਨਾ ਲਾਗੂ ਕਰਨ ਦੀ ਗੱਲ ਕਰ ਰਹੇ ਹਨ।
ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਤਰੀਕੇ ਅੰਨਦਾਤਾ ਬਾਰੇ ਗੱਲ ਕਰਨ ਦਾ ਹੱਕ ਨਹੀਂ ਹੈ। ਉਹਨਾਂ ਨੇ ਭਾਜਪਾ ਵੱਲੋ਼ ਕਿਸਾਨਾਂ ਦੀਆਂ ਮੰਗਾਂ ਦਾ ਸਤਿਕਾਰ ਨਾ ਕਰਨ ਅਤੇ ਉਹਨਾਂ ਖਿਲਾਫ ਦਮਨਕਾਰੀ ਕਾਰਵਾਈ ਸ਼ੁਰੂ ਕਰਨ ਦਾ ਆਧਾਰ ਤੈਅ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਵੀ ਕਈ ਜ਼ਾਲਮਾਂ ਦਾ ਸਾਹਮਣਾ ਕੀਤਾ ਹੈ ਤੇ ਜ਼ਾਲਮਾਂ ਨੂੰ ਮੂੰਹ ਦੀ ਖਾਣੀ ਪਈ ਹੈ। ਹੰਸ ਰਾਜ ਹੰਸ ਇਹ ਨਾ ਸਮਝਣ ਕਿ ਉਹ ਧਮਕੀਆਂ ਦੇ ਕੇ ਪੰਜਾਬੀਆਂ ਨੂੰ ਡਰਾ ਲੈਣਗੇ, ਉਲਟਾ 1 ਜੂਨ ਨੂੰ ਪੰਜਾਬੀ ਉਹਨਾਂ ਨੂੰ ਸਬਕ ਸਿਖਾਉਣਗੇ।
ਸਰਦਾਰ ਮਜੀਠੀਆ ਨੇ ਸੂਬੇ ਦੇ ਕਿਸਾਨਾਂ ਨਾਲ ਵੀ ਇਕਜੁੱਟਤਾ ਪ੍ਰਗਟ ਕੀਤੀ ਤੇ ਕਿਹਾ ਕਿ ਅਕਾਲੀ ਦਲ ਨੇ ਕਾਲੇ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰਦਿਆਂ ਹੀ ਐਨ ਡੀ ਏ ਦੀ ਸਰਕਾਰ ਛੱਡੀ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਲਗਾਤਾਰ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਸਮੇਤ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਵਕਾਲਤ ਕਰਦਾ ਰਿਹਾ ਹੈ ਤੇ ਆਪ-ਭਾਜਪਾ ਦੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਤੇ ਉਹਨਾਂ ਖਿਲਾਫ ਤਾਕਤ ਤੇ ਗੋਲੀਆਂ ਦੀ ਵਰਤੋਂ ਕਰਨ ਖਿਲਾਫ ਆਵਾਜ਼ ਬੁਲੰਦ ਕਰਦਾ ਰਿਹਾ ਹੈ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

Leave a Reply

Your email address will not be published. Required fields are marked *