ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਸਮਾਗਮ ਮੌਕੇ ਸਿਹਤ ਵਿਭਾਗ ਵੱਲੋਂ 24×7 ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ – ਡਾ. ਬਲਬੀਰ ਸਿੰਘ

ਰੂਪਨਗਰ, 17 ਅਕਤੂਬਰ: (ਖ਼ਬਰ ਖਾਸ ਬਿਊਰੋ)
ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਸਮਾਗਮ ਲਈ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 24 ਘੰਟੇ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ 350 ਸਾਲਾਂ ਸਮਾਗਮਾਂ ਨੂੰ ਲੈ ਕੇ ਹੋਰ ਵੀ ਸਾਰੇ ਪੁੱਖਤਾ ਪ੍ਰਬੰਧ ਕਰ ਰਹੀ ਹੈ, ਉੱਥੇ ਹੀ ਸਿਹਤ ਸੇਵਾਵਾਂ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਤਾਂ ਜੋ ਦੂਰ ਦੁਰਾਡਿਓ ਆਉਣ ਵਾਲੀ ਸੰਗਤ ਨੂੰ ਸਿਹਤ ਪ੍ਰਬੰਧਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸੰਬਧੀ ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਲਈ ਸ੍ਰੀ ਅਨੰਦਪੁਰ ਸਾਹਿਬ ਤੇ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਕ੍ਰਿਟੀਕਲ ਕੇਅਰ ਯੂਨਿਟ ਸਥਾਪਿਤ ਕੀਤਾ ਜਾਵੇਗਾ। 51 ਮੈਡੀਕਲ ਅਫਸਰਾਂ ਦੀ ਤੈਨਾਤੀ ਸੰਗਤਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਕੀਤੀ ਜਾਵੇਗੀ। ਇਸ ਤੋਂ ਸੰਗਤਾਂ ਦੀ ਸਹੂਲਤ ਦੇ ਲਈ 17 ਆਰਜ਼ੀ ਆਮ ਆਦਮੀ ਕਲੀਨਿਕ ਬਣਾਏ ਜਾਣਗੇ ਜੋ ਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ, ਬੱਸ ਸਟੈਂਡ ਕੀਰਤਪੁਰ ਸਾਹਿਬ, ਸੀਐੱਚਸੀ ਕੀਰਤਪੁਰ ਸਾਹਿਬ, ਪੁਲੀਸ ਚੌਕੀ ਕੀਰਤਪੁਰ ਸਾਹਿਬ ਵਿਖੇ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਝਿੰਜੜੀ ਪਾਰਕਿੰਗ (ਨਿੱਕੂਵਾਲ), ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਨੇੜੇ ਪੰਜ ਪਿਆਰਾ ਪਾਰਕ), ਰੇਲਵੇ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ, ਵੇਰਕਾ ਚੌਂਕ, ਪੰਜ ਪਿਆਰਾ ਪਾਰਕ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸਿੱਖ ਮਿਊਜੀਅਮ ਚੌਂਕ, ਵਿਰਾਸਤ ਏ ਖਾਲਸਾ (ਦਿਨ ਸਮੇਂ), ਅਗੰਮਪੁਰ ਸਬ ਸੈਂਟਰ ਅਤੇ ਚੰਡੇਸਰ ਚੌਂਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਜਾਣਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਹਸਪਤਾਲ ਵਿਖੇ ਮੈਡੀਕਲ ਕਾਲਜ ਦੀਆਂ ਟੀਮਾਂ 24 ਘੰਟੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੀਆਂ। ਇਸ ਦੇ ਨਾਲ ਹੀ ਕੀਰਤਪੁਰ ਸਾਹਿਬ ਦੇ ਹਸਪਤਾਲ ਦੀ ਇਮਾਰਤ ਦਾ ਕਾਰਜ ਵੀ ਬਹੁਤ ਜਲਦ ਪੂਰਾ ਹੋ ਰਿਹਾ ਹੈ, ਉਸ ਹਸਪਤਾਲ ਨੂੰ ਵੀ ਅਪਗਰੇਡ ਕਰਕੇ 24 ਘੰਟੇ ਖੁੱਲ੍ਹਿਆ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਾਲੇ ਰੂਟ ਉੱਤੇ ਜਿੰਨੇ ਵੀ ਸੇਵਾ ਕੇਂਦਰ ਹਨ, ਉਨ੍ਹਾਂ ਨੂੰ ਵੀ ਸੰਗਤਾਂ ਦੀ ਸਹੂਲਤ ਦੇ ਲਈ 24 ਘੰਟੇ ਖੁੱਲ੍ਹਾ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ 22 ਐਂਬੂਲੈਂਸਾ ਨੂੰ ਵੀ ਉਨ੍ਹਾਂ ਸਹੂਲਤਾਂ ਨਾਲ ਤਿਆਰ ਬਰ ਤਿਆਰ ਰੱਖਿਆ ਜਾਵੇਗਾ ਕਿ ਉਹ ਇੱਕ ਹਪਸਤਾਲ ਦਾ ਕੰਮ ਦੇ ਸਕਣ। ਇਸ ਦੇ ਨਾਲ ਹੀ ਜਿਹੜੀਆਂ ਸੰਗਤਾਂ ਟਰਾਲੀਆਂ ਜਾਂ ਹੋਰ ਆਸੇ ਪਾਸੇ ਮੌਜ਼ੂਦ ਰਹਿਣਗੀਆਂ ਉਨ੍ਹਾਂ ਲਈ ਵੀ ਮੱਲਮ ਪੱਟੀ ਤੋਂ ਲੈ ਕੇ ਐਡਵਾਂਸ ਲਾਈਫ਼ ਸਪੋਰਟ ਤੱਕ 24 ਘੰਟੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦੇ 350 ਸਾਲਾਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦਿਆ ਜਾ ਰਿਹਾ ਹੈ।
ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ, ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *