ਡੀ ਰਾਜਾ ਮੁੜ ਬਣੇ CPI ਦੇ ਕੌਮੀ ਜਰਨਲ ਸਕੱਤਰ, ਸਜ਼ਾ ਪੂਰੀਆਂ ਕਰ ਚੁੱਕੇ ਕੈਦੀ ਛੱਡਣ ਤੇ ਵਾਹਗਾ ਬਾਰਡਰ ਖੋਲਣ ਦਾ ਮਤਾ ਪਾਸ

ਚੰਡੀਗੜ੍ਹ 25 ਸਤੰਬਰ (ਖ਼ਬਰ ਖਾਸ ਬਿਊਰੋ)

ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ 25ਵੇਂ ਮਹਾਸੰਮੇਲਨ ਦੇ ਆਖਰੀ ਦਿਨ ਮੌਜੂਦਾ ਜਨਰਲ ਸਕੱਤਰ ਡੀ. ਰਾਜਾ ਨੂੰ ਦੁਬਾਰਾ ਪਾਰਟੀ ਦਾ ਕੌਮੀ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਅਤੇ ਨਾਲ ਹੀ ਨਵੇਂ ਕੌਮੀ ਸਕੱਤਰੇਤ ਦੀ ਘੋਸ਼ਣਾ ਵੀ ਕੀਤੀ ਗਈ ਹੈ। ਇਸ ਵਿੱਚ ਅਮਰਜੀਤ ਕੌਰ, ਡਾ. ਬੀ.ਸੀ. ਕਾਂਗੋ, ਪ੍ਰਕਾਸ਼ ਬਾਬੂ, ਪਲੱਬ ਵੈਕਟਾਂਰੈਡੀ, ਗਿਰੀਸ਼ ਸ਼ਰਮਾ, ਰਾਮ ਕਿਸ਼ਨ ਪਾਂਡਾ ਸਮੇਤ 11 ਮੈਂਬਰੀ ਕੌਮੀ ਸਕੱਤਰੇਤ ਤੇ 31 ਮੈਂਬਰੀ ਐਗਜ਼ਿਊਕਿਟਵ ਕਮੇਟੀ ਦੀ ਚੋਣ ਕੀਤੀ ਗਈ ਹੈ। ਪੰਜਾਬ ਦੇ ਸੀਨੀਅਰ ਆਗੂ ਹਰਦੇਵ ਅਰਸ਼ੀ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਚੁਣੇ ਗਏ।

ਅੱਜ ਦੀ ਕਾਰਵਾਈਆਂ ਵਿੱਚ ਪਾਰਟੀ ਕਾਂਗਰਸ ਨੇ ਕਈ ਮਹੱਤਵਪੁਰਨ ਮਤੇ ਪਾਸ ਕੀਤੇ। ਪੰਜਾਬ ਦੇ ਆਗੂ ਹਰਦੇਸ਼ ਅਰਸ਼ੀ ਨੇ ਵਾਹਗਾ ਸਮੇਤ ਪੰਜਾਬ ਦੇ ਹੋਰ ਸਰਹੱਦੀ ਰਸਤਿਆਂ ਥਾਈਂ ਪਾਕਿਸਤਾਨ ਨਾਲ ਵਪਾਰ ਬਹਾਲ ਕਰਨ ਦੀ ਮੰਗ ਕੀਤੀ। ਪਾਰਟੀ ਨੇ ਕਿਹਾ ਕਿ ਭਾਵੇਂ ਦੇਸ਼ ਵੰਡ ਨੇ ਵਾਹਗੇ ਵਾਲੀ ਲਕੀਰ ਖਿੱਚ ਦਿੱਤੀ ਸੀ, ਪਰ ਸਰਹੱਦ ਦੇ ਦੋਵੇਂ ਪਾਸਿਆਂ ਦੇ ਲੋਕਾਂ ਦਾ ਸੱਭਿਆਚਾਰ, ਬੋਲੀ ਅਤੇ ਵਸੇਬੇ ਵਿੱਚ ਸਦੀਆਂ ਤੋਂ ਸਾਂਝਾ ਹਨ। ਅਤੇ ਆਪਸੀ ਵਪਾਰ ਨਾਲ ਪੰਜਬ ਦੇ ਕਿਸਾਨਾਂ, ਵਪਾਰੀਆਂ, ਸਨਅਤਾਂ ਅਤੇ ਖਾਸ ਕਰਕੇ ਸੈਰ ਸਪਾਟੇ ਨਾਲ ਜੁੜੀ ਸਨਅਤ ਨੂੰ ਵੱਡਾ ਲਾਭ ਪਹੁੰਚੇਗਾ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਇਸੇ ਤਰ੍ਹਾਂ ਇਕ ਹੋਰ ਮਤਾ ਪੰਜਾਬ ਸੀਪੀਆਈ ਦੇ ਸੂਬਾ ਸਕੱਤਰ ਬੰਤ ਬਰਾਡ਼ ਨੇ ਪੇਸ਼ ਕੀਤਾ, ਜਿਸ ਵਿੱਚ ਮੌਜੂਦਾ ਨਿਆਂ ਪ੍ਰਬੰਧਾਂ ਵਿੱਚ ਆਏ ਵਿਗਾਡ਼ਾ ਦੀ ਅਲੋਚਨਾ ਕੀਤੀ ਗਈ। ਪਾਰਟੀ ਨੇ ਮੰਗ ਕੀਤੀ ਕਿ ਉਹ ਸਾਰੇ ਕੈਦੀ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀ ਕਰ ਲਈਆਂ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਪਾਰਟੀ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਘੱਟ ਗਿਣਤੀ ਫਿਰਕਿਆਂ ਖਾਸ ਕਰਕੇ ਸਿੱਖ ਅਤੇ ਮੁਸਲਮਾਨ ਘੱਟ ਗਿਣਤੀ ਨਾਲ ਸਬੰਧਤ ਕੈਦੀਆਂ ਨਾਲ ਅਨਿਆਂ ਪੂਰਵਕ ਵਰਤਾਰਾ ਕੀਤਾ ਜਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਵਿੱਚ ਅਣਗਿਣਤ ਕੈਦੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ ਵਧੇਰੇ ਕੈਦੀਆਂ ਵਿਰੁੱਧ ਕੋਈ ਦੋਸ਼ ਪੱਤਰ (ਚਾਰਜਸ਼ੀਟ) ਦਾਖਲ ਨਹੀਂ ਕੀਤੀ ਗਈ ਜਾਂ ਦੋਸ਼ ਪੱਤਰ ਦਾਖਲ ਹੋਣ ਤੋਂ ਬਾਅਦ ਮੁਕੱਦਮੇ ਬਹੁਤ ਧੀਮੀ ਗਤੀ ਨਾਲ ਚੱਲ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਯੂ.ਏ.ਪੀ.ਏ. ਤੇ ਹੋਰ ਅਜਿਹੇ ਲੋਕ ਵਿਰੋਧੀ ਕਾਨੂੰਨ ਵਰਤ ਕੇ ਸਰਕਾਰਾਂ ਦੇਸ਼ ਦੇ ਬੁੱਧੀਜੀਵੀ, ਵਿਦਿਆਰਥੀ ਆਗੂਆਂ ਅਤੇ ਸਮਾਜਿਕ ਕਾਰਕੂਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀਆਂ ਹਨ। ਪਾਰਟੀ ਨੇ ਦਾਇਰ ਕੀਤੇ ਗਏ ਅਜਿਹੇ ਝੂਟੇ ਕੇਸਾਂ ਨੂੰ ਵਾਪਸ ਲੈਣ ਅਤੇ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਆਪਣੇ ਸਿਆਸੀ ਮਤੇ ਵਿੱਚ ਸੀਪੀਆਈ ਨੇ ਕਿਹਾ ਕਿ ਉਹ ਭਾਜਪਾ-ਆਰਐੱਸਐੱਸ ਵਿਰੁੱਧ ਸਿਧਾਂਤਕ ਤੇ ਵਿਚਾਰਧਾਰਕ ਲੜਾਈ  ਤਿੱਖੀ ਕਰੇਗੀ। ਪਾਰਟੀ ਨੇ ਕਿਹਾ ਕਿ ਉਹ ਬਿਹਾਰ, ਤਮਿਲਨਾਡੂ ਤੇ ਪੱਛਮ ਬੰਗਾਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੱਬੀਆਂ, ਜਮਹੂਰੀ ਤੇ ਧਰਮ-ਨਿਰਪੱਖ ਤਾਰਕਤਾਂ ਨੂੰ ਜਿਤਾਉਣ ਅਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਪੱਖੀ ਫਰੰਟ ਨੂੰ ਜਿਤਾਉਣ ਲਈ ਹਰ ਸੰਭਵ ਯਤਨ ਕਰੇਗੀ। ਪਾਰਟੀ ਨੇ ਮਨੁੱਖਤਾ ਤੇ ਸਮਾਜਵਾਦ ਪ੍ਰਤੀ ਵਿਸ਼ਾਵਾਸ਼ ਪ੍ਰਗਟ ਕਰਦਿਆਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਲੋਕ ਸੰਘਰਸ਼ਾਂ ਦੇ ਰਸਤੇ ’ਤੇ ਚੱਲਣ ਦਾ ਅਹਿਦ ਕੀਤਾ।

ਇਕ ਹੋਰ ਮਤੇ ਵਿੱਚ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਭਾਰਤੀ ਕਮਿਊਨਿਸਟ ਪਾਰਟੀ ਹੀ ਇਕ ਆਜ਼ਾਦ ਵਿਦੇਸ਼ ਨੀਤੀ ਅਪਣਾਉਣ ਦੀ ਹਿਮਾਇਤ ਕਰਦੀ ਹੈ। ਇਸੇ ਤਰ੍ਹਾਂ ਜਾਤੀਵਾਦ ਦੇ ਵਿਰੁੱਧ ਤੇ ਸਮਾਜਿਕ ਨਿਆਂ ਲਈ ਪਾਰਟੀ ਦਲਿਤਾਂ, ਆਦਿਵਾਸੀਆਂ, ਪਛਡ਼ੀਆਂ ਜਾਤੀਆਂ ਤੇ ਹਾਸ਼ੀਏ ’ਤੇ ਬੈਠੇ ਹੋਰ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗੀ। ਪਾਰਟੀ ਨੇ ਵੱਧ ਰਹੀ ਬੇਰੁਜ਼ਗਾਰੀ ਅਤੇ ਸਿੱਖਿਆ ਸੈਕਟਰ ਵਿੱਚ ਹੋ ਰਹੇ ਪਤਨ ਸਬੰਧੀ ਚਿੰਤਾ ਪ੍ਰਗਟ ਕੀਤੀ। ਮਤੇ ਵਿੱਚ ਦੇਸ਼ ਨੂੰ ਵੱਖ-ਵੱਖ ਕੌਮੀ ਤੇ ਕੌਮਾਂਤਰੀ ਮਾਮਲਿਆਂ ਤੇ ਦਰਪੇਸ਼ ਚੁਣੌਤੀਆਂ ਬਾਰੇ ਪਾਰਟੀ ਦੀ ਪ੍ਰਗਤੀਸ਼ੀਲ ਪਹੁੰਚ ਨੂੰ ਸਪਸ਼ਟ ਕੀਤਾ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਇਨ੍ਹਾਂ ਮਤਿਆਂ ਦੇ ਨਾਲ-ਨਾਲ ਪਾਰਟੀ ਨੇ ਦੇਸ਼ ਦੇ ਮੌਜੂਦਾ ਕਿਸਾਨਾਂ, ਕਿਰਤੀਆਂ, ਮੁਲਾਜ਼ਮਾਂ ਅਤੇ ਹੋਰ ਮਹਿਨਤਕਸ਼ ਲੋਕਾਂ ਦੇ ਹੱਕ ਵਿੱਚ ਲਾਮਬੰਦੀ ਕਰਨ ਦਾ ਅਹਿਦ ਕੀਤਾ। ਪਾਰਟੀ ਨੇ ਦੇਸ਼ ਵਿੱਚ ਵੱਧ ਰਹੇ ਕੇਂਦਰਵਾਦੀ ਅਤੇ ਤਾਨਾਸ਼ਾਹੀ ਰੁਝਾਨਾਂ ਵਿਰੁੱਧ ਖੱਬੀਆਂ ਅਤੇ ਜਮਹੂਰੀ ਤਾਕਤਾਂ ਦਾ ਏਕਾ ਕਰਨ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਭਾਜਪਾ ਸਰਕਾਰ ਦੀ ਕਾਰਪੋਰੇਟ ਪੱਖੀ ਅਤੇ ਫਿਰਕਾਪ੍ਰਸਤ ਨੀਤੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਦੇਸ਼ ਦੇ ਲੋਕਾਂ ਨੂੰ ਅਜਿਹੀ ਤਾਕਤਾਂ ਵਿਰੁੱਧ ਇਕੱਠੇ ਹੋਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪਾਰਟੀ ਨੇ ਦੇਸ਼ ਵਿੱਚ ਅਗਾਮੀ ਚੋਣਾਂ ਵਿੱਚ ਇੰਡੀਆ ਬਲਾਕ ਦੀਆਂ ਪਾਰਟੀਆਂ ਵਿੱਚ ਏਕਤਾ ਦੇ ਪੂਰੇ ਯਤਨ ਕਰੇਗੀ ਤਾਂ ਜੋ ਦੇਸ਼ ਵਿੱਚੋਂ ਫਿਰਕਾਪ੍ਰਸਤ, ਕਾਰਪੋਰੇਟ ਪੱਖੀ ਅਤੇ ਧਰਮ ਦੇ ਨਾਮ ’ਤੇ ਸਿਆਸਤ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।

Leave a Reply

Your email address will not be published. Required fields are marked *