ਚੰਡੀਗੜ੍ਹ, 25 ਸਤੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਨੇ 17 ਅਕਤੂਬਰ 2024 ਨੂੰ ਦੂਜੀ ਵਾਰ ਮੁੱਖ ਮੰਤਰੀ ਦੀ ਸੌਂਹ ਚੁੱਕੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਚੋਣੀ ਐਜੰਡੇ ਵਿੱਚ ਦਰਜ ਕੀਤੇ ਵਾਅਦੇ ਪੂਰੇ ਕਰਨ ਦੀ ਲੜੀ ਸ਼ੁਰੂ ਕੀਤੀ। ਸਿਰਫ਼ ਇਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਮਹਿਲਾਵਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਨਾ ਸਿਰਫ਼ ਕੀਤਾ ਗਿਆ, ਸਗੋਂ ਉਸਨੂੰ ਵਾਸਤਵ ਵਿੱਚ ਲਾਗੂ ਕਰ ਦਿੱਤਾ ਗਿਆ।
ਇਸ ਨਾਲ ਹਰਿਆਣਾ ਦੀਆਂ ਲੱਖਾਂ ਮਹਿਲਾਵਾਂ ਨੂੰ ਸਿੱਧਾ ਲਾਭ ਮਿਲਿਆ ਹੈ ਅਤੇ ਪਰਿਵਾਰਕ ਆਮਦਨੀ ਵਿੱਚ ਸੁਧਾਰ ਆਇਆ ਹੈ
ਮਾਨ ਨੇ ਮਹਿਲਾਵਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ
ਇਸਦੇ ਉਲਟ, ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ।
ਲੋਕਾਂ ਨੇ ਇਸਨੂੰ ਵੱਡਾ ਚੋਣੀ ਮੁੱਦਾ ਬਣਾਇਆ ਅਤੇ ‘ਆਪ’ ਨੂੰ ਬੇਮਿਸਾਲ ਬਹੁਮਤ ਨਾਲ ਸੱਤਾ ਵਿੱਚ ਲਿਆਂਦਾ। ਪਰ ਅੱਜ ਸਾਢੇ ਤਿੰਨ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਕ ਰੁਪਇਆ ਵੀ ਮਹਿਲਾਵਾਂ ਦੇ ਹੱਥ ਵਿੱਚ ਨਹੀਂ ਪਹੁੰਚਿਆ।
ਸ਼ਰਮਾ ਦੇ ਅਨੁਸਾਰ, ਇਹ ਸਾਫ਼ ਦਰਸਾਉਂਦਾ ਹੈ ਕਿ ਮਾਨ ਸਰਕਾਰ ਸਿਰਫ਼ ਖੋਖਲੇ ਐਲਾਨਾਂ ਤੇ ਟਿਕੀ ਹੈ।
‘ਆਪ’ ਦੇ ਝੂਠ ਬੇਨਕਾਬ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਮਹਿਲਾਵਾਂ ਆਪ ਸਰਕਾਰ ਦੇ ਵਾਅਦਿਆਂ ਨੂੰ ਲੈ ਕੇ ਗੰਭੀਰ ਨਿਰਾਸ਼ਾ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਗਰੀਬ, ਕਿਸਾਨ, ਮਹਿਲਾਵਾਂ ਅਤੇ ਨੌਜਵਾਨਾਂ ਸਭ ਨਾਲ ਵਾਅਦੇ ਕੀਤੇ, ਪਰ ਜ਼ਿਆਦਾਤਰ ਅਜੇ ਵੀ ਕਾਗ਼ਜ਼ਾਂ ਤੋਂ ਅੱਗੇ ਨਹੀਂ ਵਧੇ।ਉਨ੍ਹਾਂ ਨੇ ਕਿਹਾ ਕਿ ਭਾਜਪਾ ਹੀ ਇਕੋ ਐਸੀ ਪਾਰਟੀ ਹੈ ਜੋ ਚੋਣਾਂ ਤੋਂ ਬਾਅਦ ਵੀ ਆਪਣੇ ਐਜੰਡੇ ਨੂੰ ਜ਼ਮੀਨ ’ਤੇ ਲਿਆਉਂਦੀ ਹੈ।