ਚੰਡੀਗੜ੍ਹ 17 ਸਤੰਬਰ( ਖ਼ਬਰ ਖਾਸ ਬਿਊਰੋ)
ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਪੰਜਾਬ ਦੇ ਸੈਂਕੜੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਮਨਜ਼ੂਰ ਸ਼ੁਦਾ 2000 ਪੋਸਟਾਂ ਵਿੱਚੋ ਲਗਭਗ 1000 ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ।ਸਿੱਖਿਆ ਵਿਭਾਗ ਵੱਲੋਂ ਮੌਜੂਦਾਂ ਸਮੇਂ ਇੱਕ ਪ੍ਰਿੰਸੀਪਲ ਨੂੰ ਕਈ -ਕਈ ਸਕੂਲਾਂ ਦਾ ਚਾਰਜ ਦੇ ਕੇ ਡੰਗ ਸਾਰੂ ਨੀਤੀ ਤਹਿਤ ਹੀ ਕੰਮ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪ੍ਰਿੰਸੀਪਲਾਂ ਤੋਂ ਵਿਰਵੇ ਸਕੂਲਾਂ ਚ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਪੰਜਾਬ ਸਰਕਾਰ ਦੀ ਇਸ ਵਿਦਿਆਰਥੀ ਵਿਰੋਧੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਐੱਸ.ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਅਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਸੋਧੇ ਗਏ ਨਿਯਮਾਂ ਤਹਿਤ ਪ੍ਰਿੰਸੀਪਲ ਦੀਆਂ 75% ਪ੍ਰਮੋਸ਼ਨ ਕੋਟੇ ਦੀਆਂ ਤਰੱਕੀਆਂ ਕਰਕੇ ਪ੍ਰਿੰਸੀਪਲ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਸਿੱਧੀ ਭਰਤੀ ਦੇ 25% ਕੋਟੇ ਦੀ ਭਰਤੀ ਸਬੰਧੀ ਪੀ. ਪੀ. ਐਸ.ਸੀ. ਵੱਲੋਂ ਇਸ਼ਤਿਹਾਰ ਵੀ ਤੁਰੰਤ ਜਾਰੀ ਕੀਤਾ ਜਾਵੇ ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 50% ਤੋਂ ਵੱਧ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਸਫਲ ਸਿੱਖਿਆ ਕ੍ਰਾਂਤੀ ਦੇ ਨਾਅਰੇ ਮਾਰ ਰਹੀ ਹੈ।ਸਾਲ 2022 ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਨੂੰ ਭਾਰਤ ‘ਚ ਪਹਿਲੇ ਨੰਬਰ ਤੇ ਲਿਆਉਣ ਅਤੇ ਇਹਨਾਂ ਵਿਭਾਗਾਂ ਦੀ ਕਾਇਆ-ਕਲਪ ਕਰਨ ਦੇ ਬਿਆਨ ਦੇ ਕੇ ਸੱਤਾ ਵਿੱਚ ਆਈ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪ੍ਰਿੰਸੀਪਲਾਂ, ਹੈਡਮਾਸਟਰਾਂ ਅਤੇ ਬੀ. ਪੀ. ਈ. ਓਜ਼. ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ।
ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਲਤਾਲਾ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ,ਵੀਰ ਸਿੰਘ ਮੋਗਾ, ਪਰਵਿੰਦਰ ਭਾਰਤੀ, ਲੈਕ. ਸੁਨੀਲ ਕੁਮਾਰ,ਮੀਤ ਪ੍ਰਧਾਨ ਹਰਪਾਲ ਸਿੰਘ ਤਰਤਾਰਨ,ਵਿਜੇ ਮਾਨਸਾ, ਵਿਤ ਸਕੱਤਰ ,ਪ੍ਰੈਸ ਸਕੱਤਰ ਅਮਿੰਦਰਪਾਲ ਸਿੰਘ ਮੁਕਤਸਰ ਤੇ ਦੇਸ ਰਾਜ ਜਲੰਧਰ ਨੇ ਕਿਹਾ ਕਿ ਯੂਨੀਅਨ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਸੰਘਰਸ਼ ਕਰਕੇ ਪ੍ਰਿੰਸੀਪਲਾਂ ਦਾ ਪ੍ਰੋਮੋਸ਼ਨ ਕੋਟਾ 75% ਕੀਤਾ ਗਿਆ ਹੈ ਜਿਸ ਵਿੱਚੋ 70% ਲੈਕਚਰਾਰਾਂ ਲਈ, 20% ਹੈਡਮਾਸਟਰਾਂ ਲਈ ਅਤੇ 10% ਵੋਕੇਸ਼ਨਲ ਮਾਸਟਰਾਂ ਲਈ ਕੋਟਾ ਨਿਰਧਾਰਿਤ ਕੀਤਾ ਗਿਆ।ਆਗੂਆਂ ਨੇ ਜ਼ੋਰ ਨਾਲ ਮੰਗ ਕਰਦਿਆਂ ਕਿਹਾ ਕਿ ਕੋਰਟ ਦੇ ਆਦੇਸ਼ਾਂ ਅਨੁਸਾਰ ਲੈਕਚਰਾਰ ਦੀ ਨਵੀਂ ਬਣਾਈ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦੇ ਕੇ ਲੈਕਚਰਾਰ ਤੋਂ ਪਿੰਸੀਪਲ ਦੀਆਂ ਪ੍ਰੋਮੋਸ਼ਨ ਜ਼ਲਦੀ ਕੀਤੀਆਂ ਜਾਣ l
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਚ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਕਰਨ ਲਈ ਇਹਨਾਂ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।ਪ੍ਰਾਇਮਰੀ ਵਿਭਾਗ ਵਿੱਚੋਂ ਈ ਟੀ ਟੀ, ਐੱਚ ਟੀ ਤੇ ਸੀ ਐੱਚ ਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਵੀ ਵਿਭਾਗ ਵੱਲੋਂ ਬਣਾਏ ਨਵੇਂ ਸੇਵਾ ਨਿਯਮਾਂ ਅਨੁਸਾਰ ਕੀਤੀਆਂ ਜਾਣ ਤਾਂ ਜੋ ਤਰੱਕੀਆਂ ਦੀ ਖੜ੍ਹੋਤ ਨੂੰ ਤੋੜ੍ਹਿਆ ਜਾ ਸਕੇ।ਇਸ ਸਮੇਂ ਪਰਮਿੰਦਰ ਗੁਰਦਾਸਪੁਰ, ਹਰਜਿੰਦਰ ਪੁਰਾਣੇਵਾਲਾ, ਹਰਦੀਪ ਤੂਰ, ਸੁਖਦੇਵ ਕਾਜ਼ਲ,ਕੁਲਵਿੰਦਰ ਬਿੱਟੂ, ਸੁਖਪਾਲ ਬਕਰਾਹਾ,ਬੇਅੰਤ ਭਾਂਬਰੀ,ਸੁਪਿੰਦਰ ਖਮਾਣੋਂ,ਕੁਲਬੀਰ ਫਾਜ਼ਿਲਕਾ,ਦਰਸ਼ਨ ਡਾਂਗੋ, ਦੇਵਰਾਜ ਜਲੰਧਰ, ਦੀਪਕ ਜਲੰਧਰ, ਸੁਖਰਾਜ ਮਾਹਲ, ਗੁਰਜੰਟ ਭੁਰਥਲਾ,ਕੰਵਲਜੀਤ ਭਵਾਨੀਗੜ੍ਹ, ਕੁਲਵੰਤ ਪੰਜਗਰਾਈਂ ਹਾਜ਼ਰ ਸਨ l