ਮੋਹਾਲੀ, 16 ਸਤੰਬਰ (ਖ਼ਬਰ ਖਾਸ ਬਿਊਰੋ)
ਸੁਚੇਤਕ ਸਕੂਲ ਆਫ਼ ਐਕਟਿੰਗ ਸਟੂਡਿਓ, ਸੈਕਟਰ 70 ਵਿੱਚ ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦਾ ਜਨਮ ਦਿਨ ਮਨਾਇਆ ਜਾਣਾ ਨਵੇਂ ਕਲਾਕਾਰਾਂ ਲਈ ਲੋਕ ਕਲਾ ਪ੍ਰਤੀ ਸਮਰਪਣ ਦਾ ਗਿਆਨ ਸੀ, ਜਦੋਂ ਉਹ ਦਸਤਾਵੇਜ਼ੀ ਫ਼ਿਲਮ ‘ਕ੍ਰਾਂਤੀ ਦਾ ਕਲਾਕਾਰ : ਗੁਰਸ਼ਰਨ ਸਿੰਘ ਵੇਖ ਰਹੇ ਸਨ। ਸੁਚੇਤਕ ਰੰਗਮੰਚ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਤਿਆਰ ਪਹਿਲਾ ਦਸਤਾਵੇਜ਼ ਹੈ, ਜਿਸਨੇ ਗੁਰਸ਼ਰਨ ਸਿੰਘ ਨਾਟ-ਜਗਤ ਨਾਲ ਜੁੜਨ ਤੇ ਜੀਵਨ ਦੇ ਆਖਰੀ ਸਾਹ ਤੱਕ ਸਮਰਪਣ ਦੀ ਭਾਵਨਾ ਨੂੰ ਜ਼ਾਹਰ ਕੀਤਾ ਹੈ। ਉਹ ਕਲਾਕਾਰੀ ਦਾ ਕੋਈ ਓਹਲਾ ਰੱਖੇ ਬਿਨਾ ਕਮਿਊਨਿਸਟ ਰੰਗਕਰਮੀ ਸਨ ਤੇ ਸਮਕਾਲੀ ਸਮਾਜ ਦੇ ਸਵਾਲਾਂ ਨੂੰ ਖੁੱਲ੍ਹ ਕੇ ਮੁਖ਼ਾਤਿਬ ਹੁੰਦੇ ਸਨ ਅਤੇ ਦੇਸ਼ ਦੇ ਸਿਆਸੀ-ਸਮਾਜੀ ਹਾਲਾਤ ’ਤੇ ਤਿੱਖੀਆਂ ਟਿੱਪਣੀਆਂ ਕਰਦੇ ਸਨ। ਉਹ ਇਹ ਗਿਲਾ ਵੀ ਖੁੱਲ੍ਹ ਜ਼ਾਹਰ ਕਰਦੇ ਸਨ ਕਿ ਵਿਚਾਰਧਾਰਕ ਸਾਂਝ ਵਾਲ਼ੇ ਲੋਕ ਉਨ੍ਹਾਂ ਨੂੰ ਨਾਟਕਕਾਰ ਤੱਕ ਸੀਮਤ ਕਰਕੇ ਵੇਖਦੇ ਹਨ। ਇਹ ਵੇਖਣ ਬਾਅਦ ਨਵੇਂ ਕਲਾਕਾਰਾਂ ਨੇ ਕਈ ਸਵਾਲ ਪੁੱਛੇ। ਉਨ੍ਹਾਂ ਨੂੰ ਗੁਰਸ਼ਰਨ ਸਿੰਘ ਵੱਖਰੀ ਦੁਨੀਆਂ ਦੇ ਬਾਸ਼ਿਦੇ ਵਾਂਗ ਮਿਲੇ ਸਨ।
ਇਸਨੂੰ ਵੇਖਣ ਤੋਂ ਬਾਅਦ ਗੁਰਸ਼ਰਨ ਸਿੰਘ ਹੁਰਾਂ ਦੇ ਸ਼ਾਗਿਰਦ ਤੇ ਸਿਨੇਮਾ ਜਗਤ ਦੇ ਜਾਣੇ-ਪਛਾਣੇ ਅਦਾਕਾਰ ਹਰੀਸ਼ ਵਰਮਾ ਤੇ ਜਸਵਿੰਦਰ ਸਿੰਘ ਨੇ ਆਪਣੇ ਅਨੁਭਵ ਸਾਂਝੇ ਕੀਤੇ। ਸੁਚੇਤਕ ਸਕੂਲ ਆਫ਼ ਐਕਟਿੰਗ ਦੀਆਂ ਦੋ ਕਲਾਕਾਰ ਅਵਨੂਰ ਤੇ ਮੰਨਤ ਸ਼ਰਮਾ, ਜਿਨ੍ਹਾਂ ਦਾ ਫ਼ਿਲਮ ਜਗਤ ਵਿੱਚ ਦਾਖ਼ਲਾ ਹੋਇਆ ਹੈ, ਨੇ ਵੀ ਦਸਤਾਵੇਜ਼ੀ ਫ਼ਿਲਮ ਬਾਰੇ ਗੱਲਬਾਤ ਕੀਤੀ।
ਇਸ ਦਸਤਾਵੇਜ਼ੀ ਫ਼ਿਲਮ ਦੀ ਸਕ੍ਰਿਪਟ ਲਿਖਣ ਵਾਲ਼ੇ ਸ਼ਬਦੀਸ਼ ਨੇ ਦੱਸਿਆ ਕਿ ਇਸਦਾ ਫਿਲਮਾਂਕਣ ਕਰਨ ਵੇਲ਼ੇ ਸਾਡਾ ਇਸ ਖੇਤਰ ਦਾ ਗਿਆਨ ਬਹੁਤ ਸੀਮਤ ਸੀ, ਪਰ ਇੱਕ ਗੱਲ ਤੈਅ ਕਰ ਲਈ ਸੀ ਕਿ ਇਸ ਵਿੱਚ ਸਵਾਲ ਕਰਨ ਵਾਲ਼ੇ ਨਜ਼ਰ ਨਹੀਂ ਆਉਣਗੇ, ਤਾਂਕਿ ਅਸੀਂ ਆਪਣੇ ਨਾਇਕ ਦਾ ਪੱਖ ਉਨ੍ਹਾਂ ਦੀ ਜ਼ੁਬਾਨੀ ਹੀ ਸਾਹਮਣੇ ਰੱਖ ਸਕੀਏ। ਇਹ 2007 ਵਿੱਚ ਮੁਕੰਮਲ ਹੋਈ ਸੀ ਤੇ ਉਨ੍ਹਾਂ ਦੇ ਵਿਦਾ ਹੋਣ ਵੇਲ਼ੇ ਇਕਲੌਤੀ ਵੀਡੀਓ ਸੀ, ਜੋ ਵਿਖਾਈ ਜਾ ਸਕਦੀ ਸੀ। ਇਸ ਤੋਂ ਬਾਅਦ ਹੋਰ ਲੋਕਾਂ ਵੀ ਯਤਨ ਕੀਤੇ ਹਨ ਤੇ ਬਹੁਤ ਘੱਟ ਵੀਡੀਓ ਮਿਲੇ ਹਨ, ਜੋ ਰਿਕਾਰਡ ਹੋ ਸਕੇ ਹਨ। ਇਹ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਵਿਖਾਈ ਗਈ ਤੇ ਸਾਡੇ ਕੋਲੋਂ ਆਗਿਆ ਲੈ ਕੇ ਦੂਰਦਰਸ਼ਨ ਨੇ ਵੀ ਇਸਤੇਮਾਲ ਕੀਤੀ।
ਇਸਦੇ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਅਸੀਂ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਗਾਜ਼ 2004 ਵਿੱਚ ਕੀਤਾ ਸੀ। ਅਸੀਂ ਲੋਕਾਂ ਨਾਲ ਵਾਅਦਾ ਕੀਤਾ ਕਿ ਬਹੁਤ ਛੇਤੀ ਦਸਤਾਵੇਜ਼ੀ ਫ਼ਿਲਮ ਤਿਆਰ ਕਰਾਂਗੇ, ਪਰ ਇਸਦੇ ਜਾਣਕਾਰਾਂ ਦਾ ਦੱਸਿਆ ਬਜ਼ਟ ਵਿਤੋਂ ਬਾਹਰਾ ਸੀ। ਇਸੇ ਲਈ ਪਹਿਲਾ ਯਤਨ ਸਿਰਫ਼ ਤਸਵੀਰਾਂ ਦਾ ਦਸਤਾਵੇਜ਼ੀਕਰਨ ਸੀ, ਜਿਸਦੀ ਪੇਸ਼ਕਾਰੀ ਲਈ ਨਾਟਕਕਾਰ ਪਾਲੀ ਭੂਪਿੰਦਰ ਸਿੰਘ ਖ਼ਾਸ ਯੋਗਦਾਨ ਸੀ। ਜਦੋਂ ‘ਕ੍ਰਾਂਤੀ ਦਾ ਕਲਾਕਾਰ..’ ਬਣਾਈ ਤਾਂ ਵਾਈਸ ਓਵਰ ਲਈ ਆਵਾਜ਼ ਗੁਰਪ੍ਰੀਤ ਸਿੰਘ ਵੜੈਚ ਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਾਅ ਜੀ ਦੇ ਜੀਵਨ ਸੰਘਰਸ਼ ਨੂੰ ਪੇਸ਼ ਕਰਨ ਲਈ ਇੱਕ ਹੀ ਦਸਤਾਵੇਜ਼ੀ ਫ਼ਿਲਮ ਕਾਫੀ ਨਹੀਂ ਹੈ। ਇਸਦੇ ਕੁਝ ਦੋਸਤਾਂ ਨੇ ਯਤਨ ਕੀਤੇ ਹਨ ਤੇ ਹੋਰਨਾਂ ਨੂੰ ਵੀ ਕਰਨੇ ਚਾਹੀਦੇ ਸਨ।