ਚੰਡੀਗੜ੍ਹ 8 ਸਤੰਬਰ (ਖ਼ਬਰ ਖਾਸ ਬਿਊਰੋ)
ਦੇਸ਼ ਭਰ ਦੀਆਂ ਮੁਸਲਿਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬੀ ਭਾਈਚਾਰੇ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਹਰ ਕਿਸਮ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ ਹੈ।
ਇੱਥੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਆਲ ਇੰਡੀਆ ਪੀਸ ਮਿਸ਼ਨ ਦੀ ਮੇਜ਼ੁਬਾਨੀ ਵਿੱਚ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੌਮੀ ਪੱਧਰ ਦੀਆਂ ਮੁਸਲਿਮ ਤਨਜ਼ੀਮਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਸਿਰਫ ਦੁਨਿਆਵੀ ਸਾਂਝ ਨਹੀਂ ਇਹ ਰੂਹਾਨੀ, ਤਾਰੀਖੀ ਅਤੇ ਹਕੀਕੀ ਸਾਂਝ ਹੈ ਇਸ ਲਈ ਪੰਜਾਬ ਦੇ ਬਹੁਗਿਣਤੀ ਸਿੱਖ ਭਾਈਚਾਰੇ ਉਪਰ ਆਈ ਇਸ ਆਫਤ ਦੇ ਸਮੇਂ ਉਹ ਤਨ ਮਨ ਅਤੇ ਧਨ ਦੇ ਨਾਲ ਪੰਜਾਬ ਦੀ ਪਿੱਠ ਤੇ ਖੜ੍ਹੇ ਹਨ।
ਆਲ ਇੰਡੀਆਂ ਪੀਸ ਮਿਸ਼ਨ ਦੇ ਮੁੱਖੀ ਭਾਈ ਦਇਆ ਸਿੰਘ ਨੇ ਕਿਹਾ ਕਿ ਇਸ ਮਿਲਣੀ ਦਾ ਮੁੱਖ ਮੰਤਵ ਦੇਸ਼ ਭਰ ਦਾ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਸਹਾਇਤਾ ਕਰਨਾ ਸੀ। ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਆਗੂਆਂ ਲਈ ਸੁਆਗਤੀ ਸ਼ਬਦ ਬੋਲੇ। ਇਸ ਸਮਾਗਮ ਦੀ ਪ੍ਰਧਾਂਨਗੀ ਸੇਵਾ ਮੁੱਕਤ ਜਸਟਿਸ ਰਣਜੀਤ ਸਿੰਘ ਨੇ ਕੀਤੀ। ਆਈ.ਐਮ.ਸੀ.ਆਰ ਦੇ ਬਾਨੀ ਮੈਂਬਰ ਮੁਹੰਮਦ ਅਦੀਬ ਸਾਹਿਬ ਚੇਅਰਮੈਨ (ਸਾਬਕਾ ਐਮਪੀ) ਨੇ ਕਿਹਾ ਕਿ ਮੁਸਲਿਮ ਭਾਈਚਾਰਾ ਇਸ ਆਫਤ ਮੌਕੇ ਪੰਜਾਬ ਵਾਸੀਆਂ ਦੇ ਨਾਲ ਦਿਲੋਂ ਏਕਤਾ ਦਾ ਪ੍ਰਗਟਾਵਾ ਕਰਦਾ ਹੈ।
ਮਸੂਦ ਹੁਸੈਨ ਜਨਰਲ ਸਕੱਤਰ (ਸਾਬਕਾ ਕੇਂਦਰੀ ਜਲ ਕਮਿਸ਼ਨ) ਨੇ ਭਰੋਸਾ ਦਿਤਾ ਕਿ ਮੁਸਲਿਮ ਸਮਾਜ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮੌਲਵੀ ਫਜ਼ਲੁਰ ਰਹਿਮਾਨ ਮੁਜੱਦੀਦੀ ਜਨਰਲ ਸਕੱਤਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਕਿਹਾ ਕਿ ਇਸ ਸਬੰਧ ਵਿੱਚ, ਮੁਸਲਿਮ ਭਾਈਚਾਰਾ ਸਾਰੇ ਦੇਸ਼ ਵਿਚੋਂ ਕੇਵਲ ਪੰਜਾਬ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ। ਡਾ. ਆਜ਼ਮ ਬੇਗ ਸਕੱਤਰ ਜਨਰਲ ਸੰਗਠਨ ਨੇ ਕਿਹਾ ਇਸ ਕੁਦਰਤੀ ਕਰੋਪੀ ਮੌਕੇ ਦੇਸ਼ ਦੀ ਸਰਕਾਰ ਵੱਲੋਂ ਪੰਜਾਬ ਨੂੰ ਲਵਾਰਸ ਛੱਡਣਾ ਬਹੁਤ ਦੁੱਖਦਾਈ ਹੈ। ਡਾ.ਪਿਆਰਾ ਲਾਲ ਗਰਗ ਨੇ ਮੰਗ ਕੀਤੀ ਕੇ ਭਾਖੜਾ ਬੋਰਡ ਦਾ ਮੁੱਖੀ ਇਸ ਹਾਦਸੇ ਦਾ ਦੋਸ਼ੀ ਉਸ ਉਪਰ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ। ਬ੍ਰਿਗੀਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਜ਼ਿਲਾ ਗੁਰਦਾਸਪੁਰ ਦੇ ਹੜ੍ਹ ਪੀੜਤਾ ਦੇ ਹਾਲ ਬਿਆਨ ਕੀਤੇ।
ਡਾ. ਮੁਹੰਮਦ ਇਲਿਆਸ ਨੇ ਕੇਂਦਰ ਸਰਕਾਰ ਤੋਂ ਹੜ੍ਹ ਪੀੜਤਾ ਲਈ ਕੌਮੀ ਨੀਤੀ ਬਣਾਉਣ ਦੀ ਮੰਗ ਕੀਤੀ। ਕੈਪ.ਗੁਰਦੀਪ ਸਿੰਘ ਘੁੰਮਣ ਨੇ ਜ਼ੀਰਾ ਖੇਤਰ ਵਿਖੇ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਦਿਤੀ। ਕਰਨਲ ਰਿਟਾਇਰਡ ਡੀ ਐਸ.ਜੇ.ਐਮ ਜਾਫਰੀ ਨੇ ਕੁਦਰਤੀ ਆਫਤਾਂ ਮੌਕੇ ਪੰਜਾਬੀਆਂ ਦੇ ਬੁਲੰਦ ਹੌਸਲੇ ਦੀ ਤਰੀਫ ਕੀਤੀ। ਅਡਵੋਕੇਟ ਪੂਨਮ ਆਰੀਆਂ ਨੇ ਜਾਟ ਭਾਈਚਾਰੇ ਵਲੋਂ ਕੀਤੇ ਜਾ ਰਹੇ ਸਹਿਯੋਗੀ ਕਾਰਜਾਂ ਬਾਰੇ ਦਸਿਆ। ਰਾਜਵਿੰਦਰ ਸਿੰਘ ਰਾਹੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਪ੍ਰੋਫੈਸਰ ਬਾਵਾ ਸਿੰਘ ਸਾਬਕਾ ਮੈਂਬਰ ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੇ ਘੱਟ ਗਿਣਤੀ ਵਰਗ ਨਾਲ ਹੋ ਰਹੇ ਵਿਤਕਰਿਆ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਅਮਰ ਸ਼ਹੀਦ ਭਾਈ ਮਤੀ ਦਾਸ ਦੇ ਵਾਰਸ ਭਾਈ ਚਰਨਜੀਤ ਸਿੰਘ ਬਿਲਾਸਪੁਰ ਵੀ ਸ਼ਾਮਲ ਹੋਏ। ਇਸ ਮੌਕੇ ਮੇਜਰ ਜਨਰਲ ਜਾਵੇਦ ਮੁਹੰਮਦ , ਐਮ ਖਲੀ ਖਾਨ, ਅੰਜ਼ਾਰ ਉਲ ਬਾਰੀ ਦਫਤਰ ਸਕੱਤਰ, ਜਸਪਾਲ ਸਿੰਘ ਸਿਧੂ, ਇੰਜੀਨੀਅਰ ਸਲੀਮ ਸਾਹਿਬ,ਮੇਜਰ ਹਰਮੋਹਿੰਦਰ ਸਿੰਘ, ਕਰਨਪ੍ਰੀਤ ਸਿੰਘ ਸਾਬਕਾ ਪੁਲਸ ਅਧਿਕਾਰੀ, ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਡਾ ਖੁਸ਼ਹਾਲ ਸਿੰਘ ਨੇ ਦਾ ਧੰਨਵਾਦੀ ਭਾਸ਼ਨ ਦਿੱਤਾ।