ਗੁਰਦਾਸਪੁਰ 26 ਅਗਸਤ (ਖ਼ਬਰ ਖਾਸ ਬਿਊਰੋ)
ਹੜ੍ਹ ਕਾਰਨ ਫਸੇ ਲੋਕਾਂ ਦੀ ਮੱਦਦ ਲਈ ਫੌਜ ਅੱਗੇ ਆਈ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਚੁਫ਼ੇਰੇ ਜ਼ਲ ਥਲ ਹੋ ਗਿਆ ਹੈ। ਭਾਰਤੀ ਸੈਨਾ ਨੇ ਹੈਲੀਕਾਪਟਰ ਰਾਹੀਂ ਕਰੀਬ ਦੋ ਦਰਜ਼ਨ ਲੋਕਾਂ ਨੂੰ ਬਚਾਇਆ ਗਿਆ ਹੈ। ਰਾਵੀ ਅਤੇ ਧੁੱਸੀ ਬੰਨ ਵਿਚ ਪਾੜ ਪੈਣ ਕਾਰਨ ਅੱਧਾ ਦਰਜ਼ਨ ਤੋ ਵੱਧ ਪਿੰਡ ਪਾਣੀ ਵਿਚ ਘਿਰ ਗਏ ਹਨ। ਪਿਛਲੇ ਤਿੰਨ ਦਿਨਾਂ ਤੋਂ ਉੱਜ ਅਤੇ ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕੱਜਲੇ, ਝੁੰਬਰ, ਲਸਿਆਣ ਪਿੰਡਾਂ ਦੇ ਲੋਕਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ।
ਪੁੱਜੀਆਂ ਰਿਪੋਰਟਾਂ ਅਨੁਸਾਰ ਪਿੰਡ ਕੱਜਲਾ ਵਿਖੇ ਦੋ ਦਰਜਨ ਦੇ ਕਰੀਬ ਲੋਕ ਪਿਛਲੇ 24 ਘੰਟਿਆਂ ਤੋਂ ਫਸੇ ਹੋਏ ਸਨ। ਚੁਫੇਰਿਓ ਪਾਣੀ ਵਿਚ ਘਿਰੇ ਹੋਏ ਹੋਣ ਕਾਰਨ ਲੋਕ ਜ਼ਿਲ੍ਹਾ ਪ੍ਰਸ਼ਾਸ਼ਨ ਤੋ ਮੱਦਦ ਮੰਗ ਰਹੇ ਸਨ। ਦੱਸਿਆ ਜਾਂਦਾ ਹੈ ਕਿ ਲੋਕਾਂ ਨੇ ਛੱਤਾਂ ਤੇ ਚੜ੍ਹ ਕੇ ਰਾਤ ਕੱਢੀ। ਕਰੀਬ 24 ਘੰਟਿਆਂ ਬਾਅਦ ਭਾਰਤੀ ਸੈਨਾ ਨੇ ਹੈਲੀਕਾਪਟਰ ਰਾਹੀਂ ਰੈਸਕਿਓ ਅਪਰੇਸ਼ਨ ਜਰੀਏ ਦੋ ਦਰਜਨ ਲੋਕਾਂ ਨੂੰ ਬਚਾਇਆ ਹੈ।
ਪਿੰਡ ਕੱਜਲਾ ਵਿਚ ਪੰਜ ਤੋ ਛੇ ਫੁੱਟ ਤੱਕ ਪਾਣੀ ਭਰ ਗਿਆ ਹੈ। ਲੋਕ ਆਪਣੀ ਜਾਨ ਬਚਾਉਣ ਲਈ ਛੱਤ ਉਤੇ ਚੜ ਗਏ। ਲੋਕਾਂ ਦਾ ਘਰ ਵਿੱਚ ਰੱਖਿਆ ਸਾਰਾ ਰਾਸ਼ਨ ਪਾਣੀ ਅਤੇ ਹੋਰ ਸਾਮਾਨ ਤਬਾਹ ਹੋ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਸਤਬੀਰ ਸਿੰਘ ਨੇ ਦੱਸਿਆ ਕਿ ਉਕਤ ਲੋਕ ਪਿਛਲੇ 24 ਘੰਟੇ ਤੋਂ ਭੁੱਖੇ ਪਿਆਸੇ ਆਪਣੀ ਜਾਨ ਬਚਾਉਣ ਲਈ ਛੱਤ ਤੇ ਖੜ੍ਹੇ ਹਨ। ਸਰਹੱਦੀ ਜ਼ਿਲੇ ਦੇ ਇਹ ਅੱਧਾ ਦਰਜ਼ਨ ਪਿੰਡ ਦੇਸ਼ ਨਾਲੋਂ ਕੱਟੇ ਗਏ ਹਨ ਅਤੇ ਕੋਈ ਵੀ ਪਿੰਡ ਵਿਚ ਪੁੱਜਨਹੀਂ ਸਕਦਾ। ਦਰਿਆ ਵਿਚ ਪਾਣੀ ਦਾ ਵਹਾਅ ਐਨਾਂ ਜ਼ਿਆਦਾ ਹੋ ਗਿਆ ਹੈ ਕਿ ਮੋਟਰ ਬੋਟ ਵੀ ਨਹੀਂ ਚਲਾਈ ਜਾ ਸਕਦੀ। ਲੋਕਾਂ ਦੇ ਫਸੇ ਹੋਣ ਕਾਰਨ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਸ਼ੇਸ਼ ਪ੍ਰਬੰਧ ਕਰਨ ਦਾ ਅਪੀਲ ਕੀਤੀ ਸੀ। ਪ੍ਰਸ਼ਾਸਨ ਨੇ ਕਿਸਾਨ ਆਗੂਆਂ ਦੇ ਦਬਾਅ ਬਾਅਦ ਪਾਣੀੈ ਵਿਚ ਘਿਰੇ ਲੋਕਾਂ ਨੂੰ ਰੈਸਕਿਊ ਕੀਤਾ।