ਚੰਡੀਗੜ੍ਹ, 8 ਅਗਸਤ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਸਮਾਜਿਕ ਵਰਗਾਂ ਤੋਂ ਬੋਰਡਾਂ/ਕਾਰਪੋਰੇਸ਼ਨਾਂ ਲਈ ਚੇਅਰਪਰਸਨ ਅਤੇ ਮੈਂਬਰ ਨਿਯੁਕਤ ਕੀਤੇ ਹਨ। ਇਨ੍ਹਾਂ ਨਿਯੁਕਤੀਆਂ ਵਿੱਚ ਸਮਾਜ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਜਾਤੀਆਂ ਸ਼ਾਮਲ ਹਨ।
ਨਿਯੁਕਤੀਆਂ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਮਾਜ ਦੀ ਭਲਾਈ ਅਤੇ ਪੰਜਾਬ ਦੀ ਤਰੱਕੀ ਲਈ, ਸਾਰੇ ਸਾਥੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਗੇ।
ਸਰਕਾਰ ਨੇ ਰਾਜ ਦੇ ਬ੍ਰਾਹਮਣ ਵੈਲਫੇਅਰ ਬੋਰਡ ਲਈ ਪੰਕਜ ਸ਼ਾਰਦਾ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ। ਵਿਜੇ ਦਾਨਵ ਨੂੰ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ।ਰਾਜਪੂਤ ਕਲਿਆਣ ਬੋਰਡ ਲਈ ਸਵਰਨ ਸਲਾਰੀਆ, ਸੈਣੀ ਵੈਲਫੇਅਰ ਬੋਰਡ ਲਈ ਰਾਮ ਕੁਮਾਰ ਮੁਕਾਰੀ, ਮੁਸਲਿਮ ਵੈਲਫੇਅਰ ਬੋਰਡ ਲਈ ਬਰੀ ਸਲਮਾਨੀ, ਕਨੌਜੀਆ ਵੈਲਫੇਅਰ ਬੋਰਡ ਲਈ ਰਾਜੂ ਕਨੌਜੀਆ, ਮਸੀਹ ਵੈਲਫੇਅਰ ਬੋਰਡ ਲਈ ਡੇਨੀਅਲ ਮਸੀਹ, ਵਿਮੁਕਤ ਜਾਤੀ ਵੈਲਫੇਅਰ ਬੋਰਡ ਲਈ ਬਰਖਾ ਰਾਮ, ਪ੍ਰਜਾਪਤ ਸਮਾਜ ਕਲਿਆਣ ਬੋਰਡ ਲਈ ਬਾਲਕ੍ਰਿਸ਼ਨ ਫੌਜੀ, ਅਗਰਵਾਲ ਵੈਲਫੇਅਰ ਬੋਰਡ ਲਈ ਅਸ਼ਵਨੀ ਅਗਰਵਾਲ, ਗੁੱਜਰ ਵੈਲਫੇਅਰ ਬੋਰਡ ਲਈ ਰਿਟਾਇਰਡ ਬ੍ਰਿਗੇਡੀਅਰ ਰਾਜਕੁਮਾਰ, ਸਵਰਨਕਾਰ ਵੈਲਫੇਅਰ ਬੋਰਡ ਲਈ ਕੇਸ਼ਵ ਵਰਮਾ, ਸੈਨ ਸਮਾਜ ਵੈਲਫੇਅਰ ਬੋਰਡ ਲਈ ਮੇਖਨ ਲਾਲ ਪੱਲਾਂ ਅਤੇ ਰਾਮਗੜ੍ਹੀਆ ਵੈਲਫੇਅਰ ਬੋਰਡ ਲਈ ਸਤਪਾਲ ਸਿੰਘ ਸੋਖੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਵੱਖ-ਵੱਖ ਵਿਭਾਗਾਂ ਦੇ ਬੋਰਡਾਂ ਦੇ ਅਹੁਦੇਦਾਰਾਂ ਦੀ ਹੋਈ ਨਿਯੁਕਤੀ
ਸਰਕਾਰ ਨੇ ਬੈਜਿੰਦਰ ਢਿੱਲੋਂ ਨੂੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਸਿੰਮੀ ਚੋਪੜਾ ਨੂੰ ਸੋਸ਼ਲ ਵੈਲਫੇਅਰ ਬੋਰਡ, ਮੰਜੀਤ ਸਿੰਘ ਘੁੰਮਣ ਨੂੰ ਐਕਸ ਸਰਵਿਸਮੈਨ ਕਾਰਪੋਰੇਸ਼ਨ, ਜੱਸੀ ਸੋਲਾਵਾਲਾ ਨੂੰ ਇੰਪਰੂਵਮੈਂਟ ਟਰੱਸਟ ਨਾਭਾ, ਰਮਣੀਕ ਸਿੰਘ ਲੱਕੀ ਰੰਧਾਵਾ ਨੂੰ ਇੰਪਰੂਵਮੈਂਟ ਟਰੱਸਟ ਜਲੰਧਰ, ਗੁਰਦਰਸ਼ਨ ਸਿੰਘ ਕੁੱਲੀ ਨੂੰ ਮਾਰਕੀਟ ਕਮੇਟੀ ਦੋਰਾਹਾ ਅਤੇ ਕੇਵਲ ਕੰਬੋਜ ਨੂੰ ਮਾਰਕੀਟ ਕਮੇਟੀ ਅਰਨੀਵਾਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਸ਼ਰਨਪਾਲ ਸਿੰਘ ਮੱਕੜ ਨੂੰ ਪੰਜਾਬ ਮੀਡਿਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਸੀਨੀਅਰ ਵਾਈਸ-ਚੇਅਰਮੈਨ, ਜਸਕਰਨ ਬਦੇਸ਼ਾ ਨੂੰ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦਾ ਵਾਈਸ-ਚੇਅਰਮੈਨ ਅਤੇ ਅਨਿਲ ਮਿੱਤਲ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਖੁਸ਼ਬੂ ਬੰਸਲ ਨੂੰ ਪੰਜਾਬ ਇੰਫੋਟੈਕ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।